ਪੰਨਾ:Performing Without a Stage - The Art of Literary Translation - by Robert Wechsler.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯੂਨੀਵਰਸਿਟੀਆਂ ਦੇ ਅੰਦਰ ਜਾਂ ਬਾਹਰ ਘੱਟ ਹੀ ਪੜ੍ਹਾਈ ਜਾਂਦੀ ਹੈ, ਉਸ ਦੀਆਂ ਵਿਆਖਿਆਵਾਂ ਨੂੰ ਅਕੈਡਮੀਆ ਘੱਟ ਹੀ ਮਾਨਤਾ ਮਿਲਦੀ ਹੈ, ਅਤੇ ਉਸਦੇ ਵਿਚਾਰਾਂ ਅਤੇ ਜੀਵਨ ਕਹਾਣੀ ਨੂੰ ਪ੍ਰਕਾਸ਼ਨ ਦੇ ਲਾਇਕ ਨਹੀ ਸਮਝਿਆ ਜਾਂਦਾ। ਉਹ ਸ਼ੁਹਰਤ, ਦੌਲਤ, ਜਾਂ ਵਾਹਵਾ ਵਾਹਵਾ ਦੇ ਮਾਰੇ ਕੰਮ ਨਹੀਂ ਕਰਦਾ, ਸਗੋਂ ਪਿਆਰ ਦੀ ਖ਼ਾਤਰ, ਜਿਸਨੂੰ ਉਹ ਪਿਆਰ ਕਰਦਾ ਹੈ ਉਸਨੂੰ ਦੂਜਿਆਂ ਨਾਲ ਵੰਡਣ ਦੀ ਭਾਵਨਾ ਨਾਲ ਅਤੇ ਆਪਣੇ ਕੰਮ ਨਾਲ ਪਿਆਰ ਵਿੱਚ ਡੁੱਬ ਕੇ ਇਹ ਕੰਮ ਕਰਦਾ ਹੈ।

ਅਸੀਂ ਸਾਹਿਤਕ ਅਨੁਵਾਦਕ ਦੇ ਬਾਰੇ ਸੋਚਦੇ ਹਾਂ ਕਿ ਉਸਨੂੰ ਭਾਸ਼ਾਵਾਂ ਦਾ ਚੰਗਾ ਗਿਆਨ ਹੋਵੇਗਾ। ਇਹ ਗੱਲ ਇਹ ਕਹਿਣ ਵਾਂਗ ਹੈ ਕਿ ਸੰਗੀਤਕਾਰ ਉਹ ਹੈ, ਜਿਸ ਨੂੰ ਧੁਨੀ-ਚਿੰਨਾਂ ਦਾ ਚੰਗਾ ਗਿਆਨ ਹੈ। ਨਿਰਸੰਦੇਹ ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਪਰ ਧੁਨੀ-ਚਿੰਨਾਂ ਦਾ ਚੰਗਾ ਗਿਆਨ ਹੋਣ ਨਾਲ ਕੋਈ ਚੰਗਾ ਸੰਗੀਤਕਾਰ ਨਹੀਂ ਬਣ ਜਾਂਦਾ; ਇਹ ਤਾਂ ਸੰਗੀਤਕਾਰ ਬਣਨ ਲਈ ਜ਼ਰੂਰੀ ਗੱਲਾਂ ਵਿੱਚੋਂ ਇੱਕ ਹੈ। ਅਸਲ 'ਚ, ਕੁਝ ਮਹਾਨ ਜੈਜ਼ ਸੰਗੀਤਕਾਰ ਹੋਏ ਹਨ ਜਿਨ੍ਹਾਂ ਨੇ ਕਦੇ ਸੰਗੀਤ ਪੜ੍ਹਨਾ ਸਿਖਿਆ ਹੀ ਨਹੀਂ ਸੀ; ਅਤੇ ਅਜਿਹੇ ਕਈ ਉਨ੍ਹਾਂ ਕਵੀਆਂ ਦੇ ਕੀਤੇ ਅਨੁਵਾਦ ਮਿਲਦੇ ਹਨ ਜਿਨ੍ਹਾਂ ਨੂੰ ਮੂਲ ਭਾਸ਼ਾ ਦਾ ਇਲਮ ਹੀ ਨਹੀਂ ਸੀ। ਫਿਰ ਸੰਗੀਤ ਦੇਣ ਲਈ ਤੁਹਾਨੂੰ ਇੱਕ ਸਾਜ਼ ਵਜਾਉਣ ਯੋਗ ਹੋਣਾ ਚਾਹੀਦਾ ਹੈ, ਅਤੇ ਤੁਹਾਨੂੰ ਸੂਖਮਤਾਵਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਅਤੇ ਇਹ ਸਮਝਣਾ ਲੋੜੀਂਦਾ ਹੈ ਕਿ ਧੁਨਾਂ ਦੇ ਸੰਜੋਗ ਦਾ ਕੀ ਮਤਲਬ ਹੈ ਅਤੇ ਇਹ ਕੀ ਹਨ। ਇਸੇ ਤਰ੍ਹਾਂ ਇਕ ਅਨੁਵਾਦਕ ਨੂੰ ਪਾਠਕ ਦੇ ਨਾਲ ਨਾਲ ਆਲੋਚਕ ਹੋਣਾ ਅਤੇ ਲੇਖਕ ਵਾਂਗ ਲਿਖਣ ਦੇ ਲਾਇਕ ਹੋਣਾ ਵੀ ਜ਼ਰੂਰੀ ਹੁੰਦਾ ਹੈ। ਜੌਹਨ ਡਰਾਈਡਨ ਨੇ ਸਤਾਰ੍ਹਵੀਂ ਸਦੀ ਇਸ ਨੂੰ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ:"ਸਾਡੇ ਕੋਲ ਇੰਨੇ ਥੋੜੇ ਸੰਸਕਰਣ ਹਨ ਜੋ ਸਹਿਣਸ਼ੀਲ ਹਨ ਇਸਦਾ ਅਸਲ ਕਾਰਨ [ਇਹ ਹੈ ਕਿ] ਐਸੇ ਲੋਕ ਇੰਨੇ ਘੱਟ ਹਨ ਜਿਨ੍ਹਾਂ ਕੋਲ ਅਨੁਵਾਦ ਲਈ ਲੋੜੀਂਦੀਆਂ ਸਾਰੀਆਂ ਪ੍ਰਤਿਭਾਵਾਂ ਹੋਣ, ਅਤੇ ਇਹ ਕਿ ਸਿੱਖਿਆ ਦੇ ਏਨੇ ਅਹਿਮ ਹਿੱਸੇ ਲਈ ਬਹੁਤ ਘੱਟ ਪ੍ਰਸ਼ੰਸਾ ਅਤੇ ਬਹੁਤ ਘੱਟ ਹੌਸਲਾ-ਅਫਜ਼ਾਈ ਮਿਲਦੀ ਹੈ।"* ਬਹੁਤ ਕੁਝ ਨਹੀਂ ਬਦਲਿਆ ਹੈ।

ਪਰ ਪੁਸ਼ਕਿਨ ਨੇ ਅਨੁਵਾਦਕ ਨੂੰ "ਮਨੁੱਖੀ ਸ਼ਕਤੀ ਦਾ ਦੂਤ,"* ਕਿਹਾ ਅਤੇ ਗੋਇਟੇ ਸਾਹਿਤਕ ਅਨੁਵਾਦ ਨੂੰ "ਸੰਸਾਰ ਦੇ ਆਮ ਵਣਜ ਵਿੱਚ ਬਹੁਤ ਮਹੱਤਵਪੂਰਨ ਅਤੇ ਸਨਮਾਨਿਤ ਉਦਯੋਗਾਂ ਵਿੱਚੋਂ ਇੱਕ"* ਕਹਿੰਦਾ ਹੈ। ਪਰ, ਇਹ ਉਹ ਨਹੀਂ ਜੋ ਉਨ੍ਹਾਂ ਨੇ ਕਿਹਾ, ਪਰ ਇਵੇਂ ਹੀ ਉਨ੍ਹਾਂ ਦੇ ਸ਼ਬਦ ਅੰਗਰੇਜ਼ੀ ਵਿੱਚ ਅਨੁਵਾਦ ਕੀਤੇ ਗਏ ਹਨ। ਦੂਜੇ ਪਾਸੇ, ਅਨੁਵਾਦਕਾਂ ਨੂੰ ਨਕਲ ਮਾਰਨ ਵਾਲੇ, ਦੂਜੇ ਸਭਿਆਚਾਰਾਂ ਨੂੰ ਲੁੱਟਣ ਵਾਲੇ, ਬਸਤੀਵਾਦ ਦੇ ਸਹਿਯੋਗੀ, ਗੱਦਾਰ, ਧੋਖੇਬਾਜ਼ ਕਿਹਾ ਗਿਆ ਹੈ। ਉਹ ਆਪਣੇ ਲੋਕਾਂ, ਆਪਣੀ ਜ਼ਬਾਨ, ਮੂਲ ਰਚਨਾ, ਖ਼ੁਦ ਆਪਣੇ ਨਾਲ ਧੋਖਾ ਕਰਦੇ ਹਨ। ਅਤੇ ਇਹ ਸਭ ਇੱਕ ਸ਼ਬਦ ਦੇ ਸੱਤ ਪੈਸਿਆਂ ਲਈ, ਜੇ ਉਹ ਖੁਸ਼ਕਿਸਮਤ ਹੋਣ ਤਾਂ।

ਭਾਵੇਂ ਉਹ ਮਾਣਯੋਗ ਹੋਣ ਜਾਂ ਦਗਾਬਾਜ਼, ਅਨੁਵਾਦਕਾਂ ਨੂੰ ਘੱਟੋ ਘੱਟ ਨਿਮਰ ਤਾਂ ਮੰਨਿਆ ਜਾਂਦਾ ਹੈ, ਖ਼ਾਸ ਕਰਕੇ ਕਲਾਕਾਰਾਂ ਨਾਲੋਂ। ਕਿਸੇ ਹੋਰ ਵਿਅਕਤੀ ਦੀ ਦ੍ਰਿਸ਼ਟੀ, ਪਾਤਰਾਂ, ਸ਼ੈਲੀ, ਬਿੰਬਾਵਲੀ, ਅਤੇ ਹਾਸਰਸ ਦੀ ਭਾਵਨਾ ਤੱਕ ਦੇ ਅੱਗੇ ਨਿਵ ਜਾਣ ਨਾਲੋਂ ਨਿਮਰ ਹੋਰ ਕੀ ਹੋ ਸਕਦਾ ਹੈ? ਅਨੁਵਾਦਕ ਕਲਾ ਨੂੰ ਕੁਝ ਅਜਿਹਾ ਪ੍ਰਦਾਨ ਕਰਦੇ ਹਨ ਜੋ ਕਿ ਕਈ ਹੋਰ ਸਮਿਆਂ ਅਤੇ ਸਭਿਆਚਾਰਾਂ ਵਿੱਚ ਇਸਦਾ ਮੁੱਖ ਗੁਣ, ਇਸਦਾ ਕੇਂਦਰੀ ਪਹਿਲੂ ਰਿਹਾ ਹੈ: ਸ਼ਰਧਾ, ਸੇਵਾ। ਫਿਰ ਇਹ ਕਹਿਣ ਨਾਲੋਂ ਵੱਧ ਸ਼ੇਖ਼ੀ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਤੁਸੀਂ ਇੱਕ ਐਸੀ ਰਚਨਾ ਲਿਖਣ ਦੇ ਸਮਰੱਥ ਹੋ ਜੋ ਏਨੀ ਮਹਾਨ ਹੋਵੇ