ਪੰਨਾ:Surjit Patar De Kav Samvedna.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੇ ਹਾਵੀ ਪ੍ਰਸਥਿਤੀਆਂ ਨਾਲ ਟੱਕਰ ਲੈਣ ਵਾਲਿਆਂ ਦੀ ਤ੍ਰਾਸਦਿਕ ਸਥਿਤੀ ਨੂੰ ਨਿਕਟ ਤੋਂ ਦੇਖਿਆ ਹੋਵੇ। ਸਥਿਤੀਆਂ ਵਲੋਂ ਪੈਦਾ ਕੀਤੀ ਗਈ ਨਿਰਾਸ਼ਾ ਨੂੰ ਭੁਲ ਜਾਣ ਲਈ ਜਿੱਥੇ ਧਾਰਮਿਕ ਲੋਕ 'ਧਰਮ ਦੀ ਅਫੀਮ' ਦੀ ਵਰਤੋਂ ਕਰਦੇ ਹਨ ਉਸੇ ਤਰ੍ਹਾਂ ਨਿਰੋਲ ਆਸ਼ਾਵਾਦੀ ਸ਼ਾਇਰ ਵੀ ਇਸੇ ਪ੍ਰਕਾਰ ਦੀ ਅਫੀਮ 'ਆਸ਼ਾ' ਦੀ ਵਰਤੋਂ ਕਰਦੇ ਹਨ। ਮੇਰਾ ਕਹਿਣ ਤੋਂ ਭਾਵ ਹੈ ਕਿ ਸਥਿਤੀਆਂ ਦੇ ਭਾਰੂ ਹੋ ਜਾਣ ਅਤੇ ਅਗਾਂਹਵਧੂ ਤਾਕਤਾਂ ਦੇ ਕੁਚਲੇ ਜਾਣ ਤੇ ਵੀ ਰਵਾਇਤੀ ਆਸ਼ਾਵਾਦੀ ਦਾ ਪੱਲ ਨਾ ਛੱਡਣਾ ਇਕ ਤਰ੍ਹਾਂ ਦੀ 'ਝੂਠੀ ਚੇਤਨਾ' ਪੈਦਾ ਕਰਨਾ ਹੈ । ਸਾਡੇ ਖਿਆਲ ਅਨੁਸਾਰ ਇਸ ਤਰ੍ਹਾਂ ਦਾ ਗੈਰ-ਯਥਾਰਥਕ ਆਸ਼ਾਮਈ ਵਰਣਨ ਤਾਂ ਨਿਰਾਸ਼ਾਮਈ ਵਰਣਨ ਤੋਂ ਵੀ ਭੈੜਾ ਪ੍ਰਭਾਵ ਪੈਦਾ ਕਰਦਾ ਹੈ। ਇਸ ਪ੍ਰਕਾਰ 'ਪਾਤਰ' ਜੀਵਨ ਸਥਿਤੀਆਂ ਵਿਚ ਪ੍ਰਾਪਤ ਨਿਰਾਸ਼ਾ ਨੂੰ ਅਭਿਵਿਅਕਤ ਕਰਦਾ ਹੈ। ਸਥਾਪਤ ਕਦਰਾਂ ਕੀਮਤਾਂ ਵਿਰੁੱਧ ਜਦੋਂ ਬਗਾਵਤ ਕੀਤੀ ਜਾਂਦੀ ਹੈ ਤਾਂ ਬੇ-ਗੁਨਾਹ ਲੋਕਾਂ ਦਾ ਕਤਲੇਆਮ ਹੁੰਦਾ ਹੈ। ਝੂਠੇ ਪੁਲਸ ਮੁਕਾਬਲੇ ਬਣਾਏ ਜਾਂਦੇ ਹਨ, ਜਿਸ ਨਾਲ ਲੋਕਾਂ ਵਿਚ ਇਕ ਸਹਿਮ ਛਾ ਜਾਂਦਾ ਹੈ। ਇਸ ਕਰੂਰ ਯਥਾਰਥ ਨੂੰ 'ਪਾਤਰ' ਆਪਣੇ ਇਕ ਸ਼ੇਅਰ ਵਿਚ ਇਉਂ ਅਭਿਵਿਅਕਤ ਕਰਦਾ ਹੈ :

ਕਿਸੇ ਦੀ ਵਾਜ ਨਾ ਉਠੀ ਫ਼ਿਰ ਏਸ ਸ਼ਹਿਰ ਅੰਦਰ

ਮਿਲੀ ਜੁ ਲਾਸ਼ ਕਿਸੇ ਬੇ-ਗੁਨਾਹ ਨਹਿਰ ਅੰਦਰ

ਇਸੇ ਪ੍ਰਕਾਰ ਦਾ ਇਕ ਹੋਰ ਸ਼ੇਅਰ ਹੈ ਜਿਸ ਵਿਚ ਹਰ ਕਿਸਮ ਦੀ ਝੂਠੀ ਚੇਤਨਾ (ਵਹਿਮ) ਤੋਂ ਖਹਿੜਾ ਛੁਡਾ ਪ੍ਰਤੀਕੂਲ ਸਥਿਤੀਆਂ ਵਲੋਂ ਵਰਤਾਈ ਜਾਣ ਵਾਲੀ ਦੁਖਾਂਤਿਕ ਹੋਣੀ ਦਾ ਜ਼ਿਕਰ ਹੈ :

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ

ਕੋਈ ਦੀਵਾ ਜਗੇਗਾ ਮੇਰੀ ਕਬਰ ਤੇ

ਜੇ ਹਵਾ ਇਹ ਰਹੀ ਕਬਰਾਂ ਉਤੇ ਤਾਂ ਕੀ

ਸਭ ਘਰਾਂ ਦੇ ਵੀ ਦੀਵੇ ਬੁਝੇ ਰਹਿਣਗੇ ।

ਵੈਸੇ ਤਾਂ ਕਿਹਾ ਜਾਂਦਾ ਹੈ ਕਿ ਗ਼ਜ਼ਲ ਦੇ ਸ਼ੇਅਰ ਇਕ ਦੂਜੇ ਤੋਂ ਆਜ਼ਾਦ ਹੁੰਦੇ ਹਨ ਪਰ 'ਪਾਤਰ' ਦੀਆਂ ਗਜ਼ਲਾਂ ਵਿਚ ਸ਼ੇਅਰ ਸਮੁੱਚ ਵਿਚ ਹੀ ਵਧੇਰੇ ਪ੍ਰਭਾਵ ਸਿਰਜਦੇ ਹਨ। ਇਸ ਗੱਲ ਨੂੰ 'ਪਾਤਰ' ਖੁਦ ਵੀ ਮੰਨਦਾ ਹੈ। ਉਹ ਆਪਣੇ ਗ਼ਜਲ

6