ਪੰਨਾ:Surjit Patar De Kav Samvedna.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਮਦਰਦੀ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਦਾ ਇਕ ਹੋਰ ਵਿਅੰਗਆਤਮਿਕ ਸ਼ੇਅਰ ਹੈ :

ਅਥਰੂ ਟੈਸਟ ਟਿਊਬ 'ਚ ਪਾ ਕੇ ਵੇਖਾਂਗੇ
ਕਲ੍ਹ ਰਾਤੀ ਤੂੰ ਕਿਸ ਮਹਿਬੂਬ ਨੂੰ ਰੋਇਆ ਸੀ

ਉਪਰ ਲਿਖਤ ਸ਼ੇਅਰ ਦਾ ਨਾਇਕ ਸਾਡੀ ਹਮਦਰਦੀ ਦਾ ਪਾਤਰ ਹੈ ਕਿਉਂ ਕਿ ਉਹ ਰੋਇਆ ਸੀ। ਪਰ ਵਿਅੰਗ ਇਹ ਹੈ ਕਿ ਉਹ ਕਿਸ ਮਹਿਬੂਬ ਦੀ ਯਾਦ ਵਿਚ ਰੋਇਆ ਸੀ। ਆਧੁਨਿਕ ਮਨੁੱਖ ਟੋਟਿਆਂ ਵਿਚ ਟੁੱਟ ਕੇ ਕਈ ਥਾਵਾਂ ਤੇ ਵੰਡਿਆ ਗਿਆ ਹੈ। ਸੋ ਉਪਰਲੇ ਸ਼ੇਅਰ ਦਾ ਬਾਹਰੀ ਵਿਅੰਗ ਆਪਣੇ ਆਪ ਵਿਚ ਤ੍ਰਾਸਦਿਕ ਸਥਿਤੀ ਲਈ ਬੈਠਾ ਹੈ। ਸਮਾਜਿਕ ਰਹੁ-ਰੀਤਾਂ ਜੋ ਬੰਧਨ ਬਣ ਜਾਂਦੀਆਂ ਹਨ ਤੇ ਵੀ ਪਾਤਰ ਨੇ ਆਪਣੇ ਤੀਖਣ ਕਟਾਖ਼ਸ਼ ਦਾ ਵਾਰ ਕੀਤਾ ਹੈ:

ਮੰਗਲ ਸੂਤਰ ਦੇ ਵਿਚ ਕਿਹੜਾ ਡਕ ਸਕਦਾ ਏ ਨਦੀਆਂ
ਕਿਹੜਾ ਪਾ ਸਕਦਾ ਏ, ਚੰਦਰੇ ਮਨ ਪੰਛੀ ਗਲ ਗਾਨੀ

ਵਰਗ ਵੰਡ ਵਾਲੇ ਸਮਾਜ ਵਿਚ ਪਿਆਰ ਨੂੰ ਕੁਚਲਿਆ ਜਾਂਦਾ ਹੈ। 'ਹੀਰਾਂ' ਅਤੇ ‘ਰਾਂਝੇ' ਇਕ ਦੂਜੇ ਨੂੰ ਚਾਹੁੰਦੇ ਹੋਏ ਵੀ ਮਿਲ ਨਹੀਂ ਸਕਦੇ। ਕਾਬਜ਼ ਜਮਾਤਾਂ ਵਾਜਬ ਪਿਆਰ ਸਬੰਧਾਂ ਨੂੰ ਨਾਵਾਜਬ ਕਰਾਰ ਦੇ ਦਿੰਦੀਆਂ ਹਨ। ਸਥਾਪਤ ਸਮਜਿਕ ਸ਼ਕਤੀਆਂ ਵੱਲੋਂ ਪ੍ਰੇਮੀ ਜੋੜਿਆ ਤੇ ਮਾਨਸਿਕ ਅਤੇ ਸ਼ਰੀਰਕ ਤਸ਼ੱਦਦ ਕੀਤਾ ਜਾਂਦਾ ਹੈ। ਇਸ ਦੀ ਦੁਖਾਂਤਿਕ ਸਥਿਤੀ ਦੀ ਕਲਾਤਮਕ ਅਭਿਵਿਅਕਤੀ ਪਾਤਰ ਦੇ ਸ਼ੇਅਰ ਵਿਚ ਇੰਜ ਮਿਲਦੀ ਹੈ:

ਇਕੋ ਬੂਟ ਪਾਏਗੀ ਚਾਦਰ 'ਤੇ ਤੇਰੇ ਨਾਮ ਦੀ
ਫਿਰ ਤੇਰ ਮਹਿਬੂਬ ਨੂੰ ਕੰਡਿਆਂ ਨਾ ਵਿਨਿੰਆ ਜਾਏਗਾ

'ਪਾਤਰ' ਨੇ ਆਪਣੇ ਸ਼ੇਅਰਾਂ ਵਿਚ ਬੇਕਿਰਕ ਹੋ ਕੇ ਕਾਬਜ਼ ਸਮਾਜਿਕ ਪ੍ਰਬੰਧ ਦੀ ਅਮਨੁੱਖੀ ਕਦਰਾਂ ਕੀਮਤਾਂ ਤੇ ਚੋਟ ਕੀਤੀ ਹੈ। ਸਮੁੱਚੀ ਮਨੁੱਖੀ ਵਸੋਂ ਦਾ ਅੱਧ ਔਰਤ ਜਾਤੀ ਹੈ, ਜਿਸ ਨੂੰ ਸਦੀਆਂ ਤੋਂ ਦਬਾਇਆ ਜਾਂਦਾ ਰਿਹਾ ਹੈ। ਜੰਗੀਰਦਾਰੀ ਸਮਾਜ ਵਿਚ ਤਾਂ ਔਰਤ ਦੀ ਹਾਲਤ ਅੱਤ ਦੀ ਤਰਸਯੋਗ ਸੀ, ਭਾਵੇਂ ਸਰਮਾਏਦਾਰ ਦੌਰ ਵਿਚ ਔਰਤ ਨੂੰ ਕੁਝ ਆਜ਼ਾਦੀ ਨਸੀਬ ਹੋਈ ਹੈ। ਪਰ ਹਾਲ ਵੀ ਔਰਤ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈ। ਇਕ ਪਾਸੇ ਤਾਂ ਸਰਮਾਏਦਾਰੀ ਢਾਂਚੇ

11