ਪਾਦਰੀ ਸੇਰਗਈ/3

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

3

ਇੰਟਰਸੈਸ਼ਨ ਦੇ ਤਿਉਹਾਰ ਉਤੇ ਕਸਾਤਸਕੀ ਮਠ ਵਿਚ ਦਾਖਲ ਹੋਇਆ।

ਮਠ ਦਾ ਵਡਾ ਪਾਦਰੀ ਕੁਲੀਨ ਸੀ, ਵਿਦਵਾਨ, ਲੇਖਕ ਅਤੇ ਧਰਮ-ਗੁਰੂ ਸੀ। ਉਹ ਵਾਲਾਖੀਆਂ ਤੋਂ ਸ਼ੁਰੂ ਹੋਣ ਵਾਲੀ ਪਾਦਰੀਆਂ ਦੀ ਉਸ ਪੀੜ੍ਹੀ ਵਿਚੋਂ ਸੀ, ਜਿਹੜੇ ਆਪਣੇ ਚੁਣੇ ਹੋਏ ਆਗੂ ਤੇ ਗੁਰੂ ਵੱਲ ਨਿਰਵਿਵਾਦ ਆਗਿਆਕਾਰਤਾ ਕਰਕੇ ਵਿਲੱਖਣ ਸਨ। ਵੱਡਾ ਪਾਦਰੀ ਪ੍ਰਸਿਧ ਧਰਮ-ਗੁਰੂ ਅਮਵਰੋਸੀ ਦਾ ਚੇਲਾ ਸੀ, ਅਮਰਵਰੋਸੀ ਮਕਾਰੀ ਦਾ ਚੇਲਾ ਸੀ, ਜਿਹੜਾ ਅੱਗੇ ਧਰਮ-ਗੁਰੂ ਲਿਓਨਿਦ ਦਾ ਚੇਲਾ ਸੀ, ਤੇ ਉਹ ਪਾਇਸੀ ਵੇਲੀਚਕੋਵਸਕੀ ਦਾ ਚੇਲਾ ਸੀ। ਕਸਾਤਸਕੀ ਨੇ ਇਸੇ ਹੀ ਵੱਡੇ ਪਾਦਰੀ ਨੂੰ ਆਪਣਾ ਗੁਰੂ ਬਣਾ ਲਿਆ।

ਕਸਾਤਸਕੀ ਮਠ ਵਿਚ ਆ ਕੇ ਦੂਸਰੇ ਲੋਕਾਂ ਦੀ ਤੁਲਨਾ ਵਿਚ ਆਪਣੇ ਆਪ ਨੂੰ ਉੱਚਾ ਤਾਂ ਮਹਿਸੂਸ ਕਰਦਾ ਸੀ, ਪਰ ਨਾਲ ਹੀ ਪਹਿਲਾਂ ਦੇ ਸਭ ਕੰਮਾਂ ਦੀ ਤਰ੍ਹਾਂ ਉਹ ਇਥੇ ਮਠ ਵਿਚ ਵੀ ਬਾਹਰੀ ਅਤੇ ਅੰਦਰੂਨੀ ਪੂਰਣਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਹੀ ਸੁਖ ਮਹਿਸੂਸ ਕਰਦਾ ਸੀ। ਜਿਸ ਤਰ੍ਹਾਂ ਰਜਮੰਟ ਵਿਚ ਉਹ ਇਕ ਸ਼ਾਨਦਾਰ ਅਫਸਰ ਹੀ ਨਹੀਂ ਸੀ, ਸਗੋਂ ਐਸਾ ਸੀ, ਜੋ ਆਪਣੇ ਕੰਮਾਂ ਨਾਲ ਵੀ ਅੱਗੇ ਵਧਦਾ ਸੀ ਅਤੇ ਪੂਰਣਤਾ ਦੀਆਂ ਸੀਮਾਵਾਂ ਨੂੰ ਜ਼ਿਆਦਾ ਚੌੜੀਆਂ ਕਰਦਾ ਸੀ, ਇਸੇ ਤਰ੍ਹਾਂ ਸਾਧੂ ਦੇ ਰੂਪ ਵਿਚ ਵੀ ਉਸਨੇ ਪੂਰਣਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਉਹ ਹਮੇਸ਼ਾ ਖੂਬ ਮਿਹਨਤ ਕਰਦਾ, ਸੰਜਮੀ ਅਤੇ ਸ਼ਾਂਤ ਰਹਿੰਦਾ, ਤੋਲ-ਮਿਣ ਕੇ ਗੱਲ ਕਰਦਾ ਤੇ ਸਿਰਫ਼ ਕੰਮਾਂ-ਕਾਜਾਂ ਵਿਚ ਹੀ ਨਹੀਂ ਬਲਕਿ ਆਪਣੇ ਵਿਚਾਰਾਂ ਵਿਚ ਵੀ ਪਵਿੱਤਰ ਅਤੇ ਆਗਿਆਕਾਰ, ਰਹਿੰਦਾ। ਇਸ ਅਖੀਰਲੇ ਗੁਣ, ਜਾਂ ਪੂਰਣਤਾ ਨੇ ਉਸਦੇ ਜੀਵਨ ਨੂੰ ਖਾਸ ਤੌਰ ਉਤੇ ਆਸਾਨ ਬਣਾ ਦਿਤਾ। ਇਸ ਮਠ ਵਿਚ ਜਿਥੇ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਸਨ, ਸਾਧੂ ਦੇ ਰੂਪ ਵਿਚ ਉਸ ਕੋਲੋਂ ਜੋ ਮੰਗਾਂ ਕੀਤੀਆਂ ਜਾਂਦੀਆਂ ਸਨ, ਉਸਨੂੰ ਪਸੰਦ ਨਹੀਂ ਸਨ। ਇਹ ਉਸ ਲਈ ਲਾਲਸਾ ਵੀ ਪੈਦਾ ਕਰਦੀਆਂ ਸਨ, ਪਰ ਆਗਿਆਕਾਰਤਾ ਨਾਲ ਉਹਨਾਂ ਦਾ ਹਲ ਹੋ ਜਾਂਦਾ ਸੀ। ਮੇਰਾ ਕੰਮ ਵਾਦ-ਵਿਵਾਦ ਕਰਨਾ ਨਹੀਂ, ਸਗੋਂ ਜੋ ਕੰਮ ਸੌਂਪਿਆ ਗਿਆ ਹੈ, ਉਸਨੂੰ ਚੁੱਪਚਾਪ ਪੂਰਾ ਕਰਨਾ ਹੈ। ਉਹ ਕੰਮ ਚਾਹੇ ਕਿਸੇ ਸਵਰਗੀ ਦੀ ਸਮਾਧੀ ਉਤੇ ਪਹਿਰਾ ਦੇਣ ਦਾ ਹੋਵੇ, ਚਾਹੇ ਉਹ ਸਮੂਹ-ਗਾਨ ਵਿਚ ਹਿੱਸਾ ਲੈਣ ਦਾ ਤੇ ਚਾਹੇ ਹੋਸਟਲ ਦਾ ਹਿਸਾਬ-ਕਿਤਾਬ ਰਖਣ ਦਾ ਹੀ ਹੋਵੇ। ਗੁਰੂ ਦੀ ਆਗਿਆਕਾਰਤਾ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਸੰਦੇਹ ਪੈਦਾ ਹੋਣ ਦੀ ਸੰਭਾਵਨਾ ਦੂਰ ਹੋ ਜਾਂਦੀ ਸੀ। ਜੇ ਉਸ ਵਿਚ ਇਹ ਆਗਿਆਕਾਰਤਾ ਨਾ ਹੁੰਦੀ, ਤਾਂ ਉਹ ਗਿਰਜੇ ਦੀਆਂ ਲੰਮੀਆਂ ਤੇ ਇਕੋ ਹੀ ਢੰਗ ਨਾਲ ਪ੍ਰਾਥਨਾਵਾਂ, ਆਉਣ-ਜਾਣ ਵਾਲਿਆਂ ਦੀ ਹਲਚਲ ਤੇ ਧਰਮ-ਭਰਾਵਾਂ ਦੇ ਨਾਗਵਾਰ ਲਛਣਾਂ ਤੋਂ ਪ੍ਰੇਸ਼ਾਨ ਹੋ ਉਠਦਾ, ਪਰ ਉਹ ਹੁਣ ਉਹਨਾਂ ਨੂੰ ਖੁਸ਼ੀ ਨਾਲ ਸਹਿਣ ਹੀ ਨਹੀਂ ਸੀ ਕਰਦਾ, ਬਲਕਿ ਇਹਨਾਂ ਨਾਲ ਉਸਨੂੰ ਸੰਤੋਖ ਅਤੇ ਸਹਾਰਾ ਵੀ ਮਿਲਦਾ ਸੀ। "ਪਤਾ ਨਹੀਂ ਦਿਨ ਵਿਚ ਇਕ ਹੀ ਪ੍ਰਾਰਥਨਾ ਨੂੰ ਕਈ ਵੇਰਾਂ ਸੁਣਨ ਦੀ ਕੀ ਜ਼ਰੂਰਤ ਹੁੰਦੀ ਹੈ, ਪਰ ਮੈਂ ਏਨਾ ਜਾਣਦਾ ਹਾਂ ਕਿ ਐਸਾ ਕਰਨਾ ਜ਼ਰੂਰੀ ਹੈ। ਤੇ ਇਹ ਜਾਣਦਿਆਂ ਕਿ ਐਸਾ ਕਰਨਾ ਜ਼ਰੂਰੀ ਹੈ, ਮੈਨੂੰ ਉਸ ਵਿਚ ਖੁਸ਼ੀ ਮਿਲਦੀ ਹੈ।" ਗੁਰੂ ਨੇ ਉਸਨੂੰ ਕਿਹਾ ਕਿ ਜਿਸ ਤਰ੍ਹਾਂ ਜਿਊਂਦੇ ਰਹਿਣ ਲਈ ਖੁਰਾਕ ਜ਼ਰੂਰੀ ਹੈ, ਉਸੇ ਤਰ੍ਹਾਂ ਆਤਮਕ ਜੀਵਨ ਲਈ ਆਤਮਕ ਖੁਰਾਕ, ਭਾਵ ਗਿਰਜੇ ਦੀ ਪ੍ਰਾਰਥਨਾ ਦੀ ਜ਼ਰੂਰਤ ਹੁੰਦੀ ਹੈ। ਉਹ ਇਸ ਵਿਚ ਵਿਸ਼ਵਾਸ ਕਰਦਾ ਸੀ ਤੇ ਸਚਮੁਚ ਹੀ ਗਿਰਜੇ ਦੀ ਪ੍ਰਾਰਥਨਾ, ਜਿਸ ਲਈ ਸਵੇਰੇ ਸਵੇਰੇ ਬੜੀ ਮੁਸ਼ਕਿਲ ਨਾਲ ਉਠਦਾ ਸੀ, ਉਸਨੂੰ ਸ਼ਾਂਤੀ ਤੇ ਖੁਸ਼ੀ ਦੇਂਦੀ ਸੀ। ਗੁਰੂ ਵਲੋਂ ਨੀਯਤ ਕੀਤੀਆਂ ਗਈਆਂ ਚੀਜ਼ਾਂ ਨੂੰ ਬਿਨਾਂ ਕਿੰਤੂ ਉਠਾਏ ਪ੍ਰਵਾਨ ਕਰਨ ਵਿਚ, ਨਿਮਰਤਾ ਦੀ ਭਾਵਨਾ ਵਿਚ ਖਸ਼ੀ ਮਿਲਦੀ ਸੀ। ਆਪਣੀ ਇੱਛਾ-ਸ਼ਕਤੀ ਨੂੰ ਦਿਨੋਂ ਦਿਨ ਵਧੇਰੇ ਵੱਸ ਵਿਚ ਕਰਨਾ ਤੇ ਨਿਮਰਤਾ ਪ੍ਰਾਪਤ ਕਰਨਾ ਹੀ ਜ਼ਿੰਦਗੀ ਦਾ ਇਕ ਟੀਚਾ ਨਹੀਂ ਸੀ, ਸਗੋਂ ਈਸਾਈਆਂ ਵਾਲੇ ਸਾਰੇ ਗੁਣਾਂ ਨੂੰ ਪ੍ਰਾਪਤ ਕਰਨਾ ਵੀ ਜ਼ਰੂਰੀ ਹੈ। ਸ਼ੁਰੂ ਵਿਚ ਉਸਨੂੰ ਇਸ ਵਿਚ ਆਸਾਨੀ ਨਾਲ ਸਫਲਤਾ ਵੀ ਮਿਲੀ। ਆਪਣੀ ਸਾਰੀ ਜਗੀਰ ਉਸਨੇ ਆਪਣੀ ਭੈਣ ਦੇ ਨਾਂ ਕਰ ਦਿਤੀ ਤੇ ਇਸ ਲਈ ਉਸਨੂੰ ਅਫਸੋਸ ਵੀ ਨਾ ਹੋਇਆ। ਉਹ ਸੁਸਤ ਆਦਮੀ ਨਹੀਂ ਸੀ। ਆਪਣੇ ਤੋਂ ਨੀਵਿਆਂ ਸੰਬੰਧੀ ਨਿਮਰਤਾ ਰੱਖਣਾ ਉਸ ਲਈ ਨਾ ਸਿਰਫ ਸੌਖਾ ਹੀ ਸੀ, ਸਗੋਂ ਇਸ ਨਾਲ ਉਸਨੂੰ ਖੁਸ਼ੀ ਵੀ ਹੁੰਦੀ ਸੀ। ਸਰੀਰਕ 'ਗੁਨਾਹਾਂ' ਜਿਸ ਤਰ੍ਹਾਂ ਕਿ ਲਾਲਚ ਤੇ ਕਾਮਵਾਸ਼ਨਾ ਉਤੇ ਵੀ ਉਸਨੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ। ਗੁਰੂ ਨੇ ਖਾਸ ਕਰਕੇ ਇਹਨਾਂ ਗੁਨਾਹਾਂ ਦੇ ਬਾਰੇ ਚੇਤਾਵਨੀ ਦਿਤੀ ਸੀ। ਪਰ ਕਸਾਤਸਕੀ ਖੁਸ਼ ਸੀ ਕਿ ਉਹ ਇਹਨਾਂ ਸਭਨਾਂ ਤੋਂ ਮੁਕਤ ਸੀ।

ਮੰਗੇਤਰ ਸੰਬੰਧੀ ਯਾਦਾਂ ਹੀ ਉਸਨੂੰ ਤਸੀਹੇ ਦਿੰਦੀਆਂ ਸਨ। ਸਿਰਫ ਯਾਦਾਂ ਹੀ ਨਹੀਂ, ਸਗੋਂ ਇਸ ਗੱਲ ਦੀ ਸਜੀਵ ਕਲਪਨਾ ਵੀ ਕਿ ਕੀ ਹੋ ਸਕਦਾ ਸੀ। ਆਪਣੇ ਆਪ ਹੀ ਉਸਨੂੰ ਸਮਰਾਟ ਦੀ ਇਕ ਪਹਿਲਾਂ ਰਹਿ ਚੁਕੀ ਪ੍ਰੇਮਿਕਾ ਯਾਦ ਆ ਜਾਂਦੀ। ਪਿਛੋਂ ਉਸਨੇ ਵਿਆਹ ਕਰਾ ਲਿਆ ਸੀ ਤੇ ਉਹ ਇਕ ਚੰਗੀ ਪਤਨੀ ਤੇ ਮਾਂ ਬਣ ਗਈ ਸੀ। ਉਸ ਦੇ ਪਤੀ ਨੂੰ ਇਕ ਮਹੱਤਵਪੂਰਨ ਨੌਕਰੀ ਮਿਲ ਗਈ ਸੀ, ਤਾਕਤ ਅਤੇ ਅਧਿਕਾਰ ਮਿਲ ਗਏ ਸਨ ਤੇ ਉਸਦੀ ਚੰਗੀ ਤੇ ਪਸ਼ਚਾਤਾਪ ਕਰਨ ਵਾਲੀ ਪਤਨੀ ਵੀ ਸੀ।

ਚੰਗੀਆਂ ਘੜੀਆਂ ਵਿਚ ਇਹਨਾਂ ਵਿਚਾਰਾਂ ਨਾਲ ਪ੍ਰੇਸ਼ਾਨੀ ਨਹੀਂ ਹੁੰਦੀ ਸੀ, ਚੰਗੀਆਂ ਘੜੀਆਂ ਵਿਚ ਜਦੋਂ ਉਹ ਇਹਨਾਂ ਗੱਲਾਂ ਨੂੰ ਯਾਦ ਕਰਦਾ, ਤਾਂ ਉਸਨੂੰ ਖੁਸ਼ੀ ਹੁੰਦੀ ਕਿ ਉਹ ਇਹਨਾਂ ਲੋਭਾਂ ਤੋਂ ਬਚ ਗਿਆ। ਪਰ ਐਸੀਆਂ ਘੜੀਆਂ ਵੀ ਆਉਂਦੀਆਂ, ਜਦੋਂ ਕਿ ਜਿਨ੍ਹਾਂ ਚੀਜ਼ਾਂ ਦੇ ਸਹਾਰੇ ਉਹ ਜਿਊਂਦਾ ਸੀ, ਅਚਾਨਕ ਧੁੰਧਲੀਆਂ ਪੈ ਜਾਂਦੀਆਂ, ਉਹਨਾਂ ਵਿਚ ਉਸਦਾ ਵਿਸ਼ਵਾਸ ਤਾਂ ਨਾ ਖਤਮ ਹੁੰਦਾ, ਪਰ ਉਹ ਉਸ ਦੀਆਂ ਨਜ਼ਰਾਂ ਤੋਂ ਉਹਲੇ ਹੋ ਜਾਂਦੀਆਂ, ਉਹ ਉਹਨਾਂ ਨੂੰ ਆਪਣੇ ਮਨ ਵਿਚ ਯਾਦ ਵੀ ਨਾ ਕਰ ਸਕਦਾ ਅਤੇ ਫਿਰ ਯਾਦਾਂ ਤੇ ...ਕਿੰਨੀ ਭਿਆਨਕ ਗੱਲ ਸੀ ਇਹ! ...ਆਪਣੇ ਜੀਵਨ ਦੇ ਇਸ ਪਰਿਵਰਤਨ ਦੇ ਪ੍ਰਤੀ ਪਛਤਾਵੇ ਦੀ ਭਾਵਨਾ ਉਸਨੂੰ ਦਬੋਚ ਲੈਂਦੀ।

ਐਸੀ ਸਥਿਤੀ ਵਿਚ ਆਗਿਆਕਾਰਤਾ, ਕਾਰਜ, ਪ੍ਰਾਰਥਨਾ ਅਤੇ ਲਗੇ ਰਹਿਣਾ ਹੀ ਉਸਨੂੰ ਬਚਾਉਂਦਾ ਹੈ। ਉਹ ਹਮੇਸ਼ਾ ਦੀ ਤਰ੍ਹਾਂ ਪ੍ਰਾਰਥਨਾ ਕਰਦਾ, ਸਿਰ ਝੁਕਾਉਂਦਾ, ਹਮੇਸ਼ਾ ਨਾਲੋਂ ਜ਼ਿਆਦਾ ਪ੍ਰਾਰਥਨਾ ਕਰਦਾ, ਪਰ ਸਿਰਫ ਸਰੀਰ ਨਾਲ ਹੀ, ਆਤਮਾ ਤੋਂ ਬਿਨਾਂ। ਇਸ ਤਰ੍ਹਾਂ ਦੀ ਇਕ ਦਿਨ ਤੇ ਕਦੀ ਦੋ ਦਿਨਾਂ ਤਕ ਜਾਰੀ ਰਹਿੰਦਾ ਅਤੇ ਫਿਰ ਖੁਦ ਹੀ ਉਹ ਠੀਕ ਹੋ ਜਾਂਦਾ। ਪਰ ਐਸੇ ਇਕ ਜਾਂ ਦੋ ਦਿਨ ਬੜੇ ਹੀ ਭਿਆਨਕ ਹੁੰਦੇ। ਕਸਾਤਸਕੀ ਨੂੰ ਲਗਦਾ ਨਾ ਤਾਂ ਉਹ ਆਪਣੇ ਵੱਸ ਵਿਚ ਹੈ, ਨਾ ਪ੍ਰਮਾਤਮਾ ਦੇ, ਸਗੋਂ ਕਿਸੇ ਹੋਰ ਦੇ ਹੀ ਵੱਸ ਵਿਚ ਹੈ। ਐਸੇ ਸਮੇਂ ਵਿਚ ਉਹ ਜੋ ਕੁਝ ਵੀ ਕਰ ਸਕਦਾ ਹੁੰਦਾ, ਕਰਦਾ; ਤੇ ਉਹ ਇਹ ਹੀ ਸੀ ਕਿ ਗੁਰੂ ਦੀ ਸਲਾਹ ਉਤੇ ਅਮਲ ਕਰਨਾ, ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ, ਇਸ ਸਮੇਂ ਕੋਈ ਵੀ ਕਦਮ ਨਾ ਚੁਕਣਾ ਅਤੇ ਇੰਤਜ਼ਾਰ ਕਰਨਾ। ਕੁਲ ਮਿਲਾਕੇ, ਇਸ ਸਾਰੇ ਸਮੇਂ ਵਿਚ ਆਪਣੀ ਇੱਛਾ ਅਨੁਸਾਰ ਨਹੀਂ, ਗੁਰੂ ਦੀ ਇੱਛਾ ਅਨੁਸਾਰ ਜਿਊਂਦਾ ਸੀ ਤੇ ਇਸ ਆਗਿਆਕਾਰਤਾ ਤੋਂ ਉਸਨੂੰ ਵਿਸ਼ੇਸ਼ ਚੈਨ ਮਿਲਦਾ ਸੀ।

ਸੋ ਇਸ ਤਰ੍ਹਾਂ ਕਸਾਤਸਕੀ ਨੇ ਉਸ ਮਠ ਵਿਚ ਸੱਤ ਸਾਲ ਬਿਤਾ ਦਿਤੇ। ਤੀਸਰੇ ਸਾਲ ਦੇ ਅਖੀਰ ਵਿਚ ਉਸਨੂੰ ਸੇਰਗਈ ਯਾਨੀ ਸਾਧੂ ਪਾਦਰੀ ਦੇ ਨਾਂ ਹੇਠ ਹੀ ਨਿਯੁਕਤ ਕੀਤਾ ਗਿਆ। ਉਸਦੇ ਆਤਮਿਕ ਜੀਵਨ ਲਈ ਇਹ ਇਕ ਮਹੱਤਵਪੂਰਣ ਘਟਨਾ ਸੀ। ਧਾਰਮਿਕ ਸੰਸਕਾਰਾਂ ਦੇ ਸਮੇਂ ਤਾਂ ਉਸਨੂੰ ਪਹਿਲਾਂ ਵੀ ਬੜੀ ਤਸੱਲੀ ਅਤੇ ਆਤਮਿਕ ਤੌਰ ਉਤੇ ਉੱਚੇ ਉੱਠਣ ਦਾ ਅਹਿਸਾਸ ਹੁੰਦਾ ਸੀ, ਪਰ ਹੁਣ ਜਦੋਂ ਉਸਨੂੰ ਖੁਦ ਪੂਜਾ ਕਰਵਾਉਣ ਦਾ ਮੌਕਾ ਮਿਲਦਾ ਤਾਂ ਉਸਦੀ ਆਤਮਾ ਖੁਸ਼ੀ ਨਾਲ ਝੂਮ ਉਠਦੀ। ਪਰ ਮਗਰੋਂ ਇਹ ਜਜ਼ਬਾ ਹੌਲੀ ਹੌਲੀ ਮਧਮ ਪੈਂਦਾ ਗਿਆ ਅਤੇ ਇਕ ਵੇਰਾਂ ਜਦੋਂ ਉਸਨੂੰ ਉਖੜੀ ਮਨੋ-ਸਥਿਤੀ ਵਿਚ, ਜਿਸਦਾ ਉਹ ਕਦੀ ਕਦੀ ਸ਼ਿਕਾਰ ਹੋ ਜਾਂਦਾ, ਪੂਜਾ ਕਰਾਉਣੀ ਪਈ ਤਾਂ ਉਸਨੇ ਮਹਿਸੂਸ ਕੀਤਾ ਕਿ ਇਸ ਖੁਸ਼ੀ ਦੇ ਜਜ਼ਬੇ ਦਾ ਵੀ ਅੰਤ ਹੋ ਜਾਏਗਾ। ਅਸਲ ਵਿਚ ਇਸ ਤਰ੍ਹਾਂ ਹੋਇਆ ਵੀ। ਇਹ ਜਜ਼ਬਾ ਮਧਮ ਪੈ ਗਿਆ, ਪਰ ਆਦਤ ਜਿਹੀ ਰਹਿ ਗਈ।

ਕੁੱਲ ਮਿਲਾਕੇ, ਮਠ ਦੇ ਸਤਵੇਂ ਸਾਲ ਵਿਚ ਉਸਨੂੰ ਬੜਾ ਅਕੇਵਾਂ ਜਿਹਾ ਮਹਿਸੂਸ ਹੋਣ ਲਗਾ। ਜੋ ਕੁਝ ਉਸਨੇ ਸਿਖਣਾ ਸੀ, ਜੋ ਕੁਝ ਉਸਨੇ ਹਾਸਲ ਕਰਨਾ ਸੀ, ਉਹ ਸਿੱਖ ਤੇ ਹਾਸਲ ਕਰ ਚੁੱਕਾ ਸੀ। ਕਰਨ ਲਈ ਕੁਝ ਵੀ ਬਾਕੀ ਨਹੀਂ ਰਹਿ ਗਿਆ ਸੀ।

ਪਰ ਦੂਸਰੇ ਪਾਸੇ ਸਿੱਥਲਤਾ ਦੀ ਇਹ ਮਨੋ-ਅਵਸਥਾ ਹੌਲੀ ਹੌਲੀ ਡੂੰਘੀ ਹੁੰਦੀ ਜਾ ਰਹੀ ਸੀ। ਏਸੇ ਸਮੇਂ ਦੇ ਦੌਰਾਨ ਉਸਨੂੰ ਆਪਣੀ ਮਾਂ ਦੀ ਮੌਤ ਤੇ ਮੇਰੀ ਦੇ ਵਿਆਹ ਦੀ ਖਬਰ ਮਿਲੀ। ਪਰ ਇਹਨਾਂ ਦੋਹਾਂ ਖਬਰਾਂ ਦਾ ਉਸਦੇ ਮਨ ਉਤੇ ਕੋਈ ਅਸਰ ਨਾ ਹੋਇਆ। ਉਸਦਾ ਸਾਰਾ ਧਿਆਨ, ਸਾਰੀ ਦਿਲਚਸਪੀ ਆਪਣੇ ਰੂਹਾਨੀ ਜੀਵਨ ਉਤੇ ਕੇਂਦਰਿਤ ਸੀ।

ਉਸਦੇ ਸਾਧੂ ਬਣਨ ਪਿਛੋਂ ਚੌਥੇ ਸਾਲ ਵਿਚ ਬਿਸ਼ਪ ਦੀ ਉਸ ਉਤੇ ਖਾਸ ਕਿਰਪਾ-ਦ੍ਰਿਸ਼ਟੀ ਹੋ ਗਈ ਤੇ ਗੁਰੂ ਨੇ ਉਸਨੂੰ ਕਿਹਾ ਕਿ ਜੇ ਉਸਨੂੰ ਕੋਈ ਉੱਚੀ ਪਦਵੀ ਦੇ ਦਿਤੀ ਜਾਏ, ਤਾਂ ਉਹ ਇਨਕਾਰ ਨਾ ਕਰੇ। ਉਸ ਸਮੇਂ ਸਾਧੂਆਂ ਦੀ ਉਸੇ ਪਦਲਾਲਸਾ ਨੇ, ਜਿਸਨੂੰ ਦੂਸਰੇ ਸਾਧੂਆਂ ਵਿਚ ਦੇਖਕੇ ਉਸਨੂੰ ਘ੍ਰਿਣਾ ਹੁੰਦੀ ਸੀ, ਉਸਦੀ ਆਤਮਾ ਵਿਚ ਸਿਰ ਚੁਕਿਆ। ਉਸਨੂੰ ਰਾਜਧਾਨੀ ਦੇ ਨੇੜੇ ਹੀ ਇਕ ਮਠ ਵਿਚ ਨਿਯੁਕਤ ਕੀਤਾ ਗਿਆ। ਉਸਨੇ ਇਨਕਾਰ ਕਰਨਾ ਚਾਹਿਆ, ਪਰ ਗੁਰੂ ਨੇ ਉਸਨੂੰ ਸਵੀਕਾਰ ਕਰਨ ਦਾ ਆਦੇਸ਼ ਦਿਤਾ। ਉਸਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਗੁਰੂ ਤੋਂ ਵਿਦਾਈ ਲੈ ਕੇ ਦੂਸਰੇ ਮਠ ਵਿਚ ਚਲਾ ਗਿਆ।

ਰਾਜਧਾਨੀ ਦੇ ਨਜ਼ਦੀਕੀ ਮਠ ਵਿਚ ਸੇਰਗਈ ਦਾ ਆਉਣਾ ਉਸਦੇ ਜੀਵਨ ਦੀ ਇਕ ਮਹੱਤਵਪੂਰਨ ਘਟਨਾ ਸੀ। ਇਥੇ ਹਰ ਤਰ੍ਹਾਂ ਦੀਆਂ ਕਈ ਲੋਭ-ਲਾਲਸਾਵਾਂ ਸਨ ਅਤੇ ਉਸਦੀ ਸਾਰੀ ਸ਼ਕਤੀ ਉਹਨਾਂ ਤੋਂ ਬਚਣ ਲਈ ਲਗੀ ਰਹਿੰਦੀ ਸੀ।

ਪਹਿਲੇ ਮਠ ਵਿੱਚ ਸੇਰਗਈ ਨੂੰ ਔਰਤਾਂ ਦੀ ਖਿੱਚ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ ਸੀ। ਪਰ ਇਥੇ ਇਹ ਖਿੱਚ ਪੂਰੇ ਜ਼ੋਰ ਨਾਲ ਸਾਮ੍ਹਣੇ ਆਈ, ਸਿਰਫ ਏਨਾ ਹੀ ਨਹੀਂ, ਉਸਨੇ ਇਕ ਨਿਸਚਿਤ ਰੂਪ ਤਕ ਧਾਰਨ ਕਰ ਲਿਆ। ਆਪਣੀਆਂ ਬੁਰੀਆਂ ਹਰਕਤਾਂ ਲਈ ਬਦਨਾਮ ਇਕ ਔਰਤ ਨੇ ਸੇਰਗਈ ਦਾ ਧਿਆਨ ਆਪਣੇ ਵੱਲ ਖਿਚਣਾ ਸ਼ੁਰੂ ਕਰ ਦਿਤਾ। ਉਸਨੇ ਸੇਰਗਈ ਨਾਲ ਗੱਲ-ਬਾਤ ਕੀਤੀ ਤੇ ਆਪਣੇ ਘਰ ਆਉਣ ਦਾ ਸੱਦਾ ਦਿਤਾ। ਸੇਰਗਈ ਨੇ ਦ੍ਰਿੜ੍ਹਤਾ ਨਾਲ ਇਨਕਾਰ ਕਰ ਦਿਤਾ, ਪਰ ਆਪਣੀ ਲਾਲਸਾ ਦੇ ਏਨੇ ਨਿਸ਼ਚਿਤ ਰੂਪ ਤੋਂ ਭੈ-ਭੀਤ ਹੋ ਉਠਿਆ। ਉਹ ਏਨਾ ਡਰਿਆ ਕਿ ਗੁਰੂ ਜੀ ਨੂੰ ਇਸ ਸੰਬੰਧੀ ਲਿਖ ਦਿਤਾ। ਪਰ ਉਸਨੂੰ ਇਸ ਨਾਲ ਹੀ ਸੰਤੋਖ ਨਾ ਆਇਆ ਤੇ ਆਪਣੇ ਆਪ ਨੂੰ ਹੋਰ ਨੀਵਾਂ ਕਰਨ ਲਈ ਉਸਨੇ ਆਪਣੇ ਇਕ ਜਵਾਨ ਸਹਾਇਕ ਸਾਧੂ ਨੂੰ ਬੁਲਾਇਆ, ਸ਼ਰਮ ਨਾਲ ਪਾਣੀ ਪਾਣੀ ਹੁੰਦਿਆਂ ਹੋਇਆਂ ਉਸਦੇ ਸਾਮ੍ਹਣੇ ਆਪਣੀ ਦੁਰਬਲਤਾ ਸਵੀਕਾਰ ਕੀਤੀ, ਉਸਨੂੰ ਇਹ ਪ੍ਰਾਰਥਨਾ ਕੀਤੀ ਕਿ ਉਹ ਉਸ ਉਤੇ ਕਰੜੀ ਨਜ਼ਰ ਰਖੇ ਤੇ ਉਸਨੂੰ ਪ੍ਰਾਰਥਨਾ ਤੇ ਗਿਰਜੇ ਦੇ ਕੰਮਾਂ-ਕਾਰਾਂ ਤੋਂ ਇਲਾਵਾ ਹੋਰ ਕਿਤੇ ਨਾ ਜਾਣ ਦੇਵੇ।

ਇਸ ਤੋਂ ਇਲਾਵਾ ਉਸਦੀ ਪ੍ਰੇਸ਼ਾਨੀ ਦਾ ਇਕ ਵੱਡਾ ਕਾਰਨ ਇਹ ਸੀ ਕਿ ਇਸ ਮਠ ਦਾ ਵੱਡਾ ਪਾਦਰੀ, ਜੋ ਬਹੁਤ ਦੁਨੀਆਂਦਾਰ, ਚਲਦਾ-ਪੁਰਜ਼ਾ ਤੇ ਪਦਲਾਲਸਾ ਵਾਲਾ ਬੰਦਾ ਸੀ, ਸੇਰਗਈ ਨੂੰ ਜ਼ਰਾ ਵੀ ਨਹੀਂ ਸੀ ਭਾਉਂਦਾ। ਬਹੁਤ ਕੋਸ਼ਿਸ਼ ਕਰਨ ਉਤੇ ਵੀ ਸੇਰਗਈ ਉਸਦੇ ਪ੍ਰਤੀ ਇਸ ਘ੍ਰਿਣਾ ਉਤੇ ਕਾਬੂ ਨਾ ਪਾ ਸਕਿਆ। ਉਹ ਬਰਦਾਸ਼ਤ ਕਰਦਾ ਸੀ, ਪਰ ਮਨ ਹੀ ਮਨ ਵਿਚ ਨਫ਼ਰਤ ਕਰਨ ਤੋਂ ਨਹੀਂ ਸੀ ਰਹਿ ਸਕਦਾ। ਤੇ ਇਹ ਗੁਨਾਹਭਰੀ ਭਾਵਨਾ ਇਕ ਦਿਨ ਉੱਭਰ ਕੇ ਸਾਹਮਣੇ ਆਈ।

ਨਵੇਂ ਮਠ ਵਿਚ ਆਉਣ ਤੋਂ ਇਕ ਸਾਲ ਪਿਛੋਂ ਇਹ ਘਟਨਾ ਵਾਪਰੀ। ਇੰਟਰਸੈਸ਼ਨ ਦੇ ਤਿਉਹਾਰ ਦੇ ਮੌਕੇ ਉਤੇ ਵੱਡੇ ਗਿਰਜੇ ਵਿਚ ਸ਼ਾਮ ਦੀ ਪ੍ਰਾਰਥਨਾ ਹੋ ਰਹੀ ਸੀ। ਬਹੁਤ ਭਾਰੀ ਗਿਣਤੀ ਵਿਚ ਲੋਕ ਆਏ ਹੋਏ ਸਨ। ਖੁਦ ਵੱਡਾ ਪਾਦਰੀ ਪੂਜਾ ਕਰਵਾ ਰਿਹਾ ਸੀ। ਸੇਰਗਈ ਉਸੇ ਜਗ੍ਹਾ ਖੜੋਤਾ ਹੋਇਆ ਸੀ, ਜਿਥੇ ਆਮ ਤੌਰ ਉਤੇ ਖੜੋਇਆ ਕਰਦਾ ਸੀ ਤੇ ਪ੍ਰਾਰਥਨਾ ਕਰ ਰਿਹਾ ਸੀ। ਇਹ ਕਹਿਣਾ ਠੀਕ ਹੋਵੇਗਾ ਕਿ ਉਹ ਮਾਨਸਿਕ ਸੰਘਰਸ਼ ਦੀ ਉਸ ਸਥਿਤੀ ਵਿਚ ਸੀ, ਜਿਸ ਵਿਚ ਖਾਸ ਕਰਕੇ ਵੱਡੇ ਗਿਰਜੇ ਵਿਚ ਪੂਜਾ ਦੇ ਸਮੇਂ (ਜਦੋਂ ਉਹ ਖੁਦ ਪੂਜਾ ਨਾ ਕਰਵਾ ਰਿਹਾ ਹੋਵੇ) ਹਮੇਸ਼ਾ ਹੁੰਦਾ ਸੀ। ਸੰਘਰਸ਼ ਇਹ ਸੀ ਕਿ ਉਥੇ ਆਏ ਲੋਕਾਂ, ਖਾਸ ਕਰਕੇ ਔਰਤਾਂ ਦੇ ਕਾਰਨ ਉਸਨੂੰ ਖਿੱਝ ਆ ਰਹੀ ਸੀ। ਉਹ ਕੋਸ਼ਿਸ਼ ਕਰ ਰਿਹਾ ਸੀ ਕਿ ਉਹਨਾਂ ਵੱਲ ਨਾ ਵੇਖੇ, ਗਿਰਜੇ ਵਿਚ ਜੋ ਕੁਝ ਹੋ ਰਿਹਾ ਸੀ ਉਸ ਵੱਲ ਧਿਆਨ ਨਾ ਦੇਵੇ, ਇਹ ਨਾ ਵੇਖੇ ਕਿ ਕਿਵੇਂ ਇਕ ਸਿਪਾਹੀ ਲੋਕਾਂ ਨੂੰ ਪਰੇ ਧੱਕਦਾ ਹੋਇਆ ਉਹਨਾਂ ਨੂੰ ਗਿਰਜੇ ਵਿਚ ਪੁਚਾਉਂਦਾ ਸੀ, ਕਿਸ ਤਰ੍ਹਾਂ ਔਰਤਾਂ ਸਾਧੂਆਂ ਵੱਲ ਇਸ਼ਾਰੇ ਕਰਕੇ ਉਹਨਾਂ ਨੂੰ ਇਕ ਦੂਸਰੀ ਨੂੰ ਦਿਖਾਉਂਦੀਆਂ ਸਨ- ਅਕਸਰ ਖੁਦ ਉਸ ਵੱਲ ਤੇ ਇਕ ਹੋਰ ਵੱਲ, ਜੋ ਸੋਹਣੇ ਚਿਹਰੇ ਕਰਕੇ ਮਸ਼ਹੂਰ ਸੀ, ਇਸ਼ਾਰੇ ਕੀਤੇ ਜਾਂਦੇ ਸਨ। ਉਹ ਆਪਣੀਆਂ ਨਜ਼ਰਾਂ ਸਾਮ੍ਹਣੇ ਇਕ ਪਰਦਾ ਜਿਹਾ ਪਾ ਲੈਣਾ ਚਾਹੁੰਦਾ ਸੀ, ਇਹ ਕੋਸ਼ਿਸ਼ ਵਿਚ ਸੀ ਕਿ ਮੂਰਤੀ ਵਾਲੀ ਦੀਵਾਰ ਦੇ ਕੋਲ ਜਗਦੀਆਂ ਮੋਮਬੱਤੀਆਂ ਦੀ ਲੋਅ, ਦੇਵ-ਮੂਰਤੀਆਂ ਤੇ ਪੂਜਾ ਕਰਾਉਣ ਵਾਲੇ ਪੁਜਾਰੀਆਂ ਦੇ ਇਲਾਵਾ ਹੋਰ ਕੁਝ ਨਾ ਵੇਖੇ, ਗਾਏ ਤੇ ਕਹੇ ਜਾਣ ਵਾਲੇ ਪੂਜਾ ਦੇ ਲਫ਼ਜ਼ਾਂ ਦੇ ਇਲਾਵਾ ਹੋਰ ਕੁਝ ਵੀ ਨਾ ਸੁਣੇ ਅਤੇ ਆਪਣੇ ਕਰੱਤਵਾਂ ਦੀ ਪੂਰਤੀ ਦੀ ਚੇਤਨਤਾ ਦੇ ਇਲਾਵਾ, ਜੋ ਕਈ ਵਾਰੀ ਸੁਣੀਆਂ ਪ੍ਰਾਥਨਾਵਾਂ ਨੂੰ ਸੁਣਦੇ ਹੋਏ, ਦੁਹਰਾਉਂਦੇ ਹੋਏ ਉਸਨੂੰ ਮਹਿਸੂਸ ਹੁੰਦੀ ਸੀ, ਕੋਈ ਹੋਰ ਭਾਵਨਾ ਮਨ ਵਿਚ ਨਾ ਆਉਣ ਦੇਵੇ।
ਸੇਰਗਈ ਇਸ ਤਰ੍ਹਾਂ ਖੜੋਤਾ ਹੋਇਆ ਜਿਥੇ ਜ਼ਰੂਰੀ ਹੁੰਦਾ ਸਿਰ ਝੁਕਾਉਂਦਾ ਤੇ ਸਲੀਬ ਦਾ ਨਿਸ਼ਾਨ ਬਣਾਉਂਦਾ ਤੇ ਕਦੀ ਤਾਂ ਕਠੋਰ ਨਿਖੇਧੀ ਕਰਦਾ ਹੋਇਆ ਅਤੇ ਕਦੀ ਜਾਣ ਬੁੱਝਕੇ ਆਪਣੀ ਵਿਚਾਰਾਂ ਅਤੇ ਭਾਵਨਾਵਾਂ ਨੂੰ, ਸੁੰਨ ਕਰਦਾ ਹੋਇਆ ਆਪਣੇ ਆਪ ਨਾਲ ਸੰਘਰਸ਼ ਕਰ ਰਿਹਾ ਸੀ। ਇਸ ਸਮੇਂ ਗਿਰਜੇ ਦਾ ਪ੍ਰਬੰਧਕ ਸਾਧੂ ਨਿਕੋਦੀਮ ਉਸ ਪਾਸ ਆਇਆ। ਸੇਰਗਈ ਲਈ ਉਹ ਵੀ ਖਿੱਝ ਦਾ ਇਕ ਹੋਰ ਵੱਡਾ ਕਾਰਨ ਸੀ ਤੇ ਉਹ ਅਚੇਤ ਹੀ ਵੱਡੇ ਪਾਦਰੀ ਦੀ ਚਾਪਲੂਸੀ ਤੇ ਖੁਸ਼ਾਮਦ ਦੇ ਲਈ ਉਸਦੀ ਨਿਖੇਧੀ ਕਰਦਾ ਸੀ। ਸਾਧੂ ਨਿਕੋਦੀਮ ਨੇ ਬਹੁਤ ਝੁਕ ਕੇ, ਦੂਹਰੇ ਹੁੰਦੇ ਹੋਏ ਸੇਰਗਈ ਨੂੰ ਪ੍ਰਣਾਮ ਕੀਤਾ ਤੇ ਕਿਹਾ ਕਿ ਵੱਡੇ ਪਾਦਰੀ ਨੇ ਉਸਨੂੰ ਆਪਣੇ ਪਾਸ ਵੇਦੀ ਉਤੇ ਬੁਲਾਇਆ ਹੈ। ਸੇਰਗਈ ਨੇ ਆਪਣਾ ਚੋਲਾ ਠੀਕ ਕੀਤਾ, ਟੋਪੀ ਪਾਈ ਤੇ ਬੜੀ ਸਾਵਧਾਨੀ ਨਾਲ ਭੀੜ ਵਿਚੋਂ ਦੀ ਨਿਕਲ ਗਿਆ।
"ਲੀਜ਼ਾ, ਖੱਬੇ ਪਾਸੇ ਦੇਖੋ, ਇਹ ਹੈ ਉਹ" ਉਸਨੂੰ ਕਿਸੇ ਔਰਤ ਦੀ ਆਵਾਜ਼ ਸੁਣਾਈ ਦਿਤੀ।
"ਕਿਥੇ, ਕਿਥੇ? ਉਹ ਤਾਂ ਏਨਾ ਸੋਹਣਾ ਨਹੀਂ ਹੈ।
ਉਸ ਨੂੰ ਪਤਾ ਸੀ ਕਿ ਇਹ ਸ਼ਬਦ ਉਸਦੇ ਬਾਰੇ ਹੀ ਕਹੇ ਗਏ ਹਨ। ਉਹਨਾਂ ਨੂੰ ਸੁਣਕੇ ਉਸਨੇ ਉਹਨਾਂ ਹੀ ਸ਼ਬਦਾਂ ਨੂੰ ਦ੍ਰਿੜਤਾ ਨਾਲ ਦੁਹਰਾਇਆ, ਜਿਨ੍ਹਾਂ ਨੂੰ ਉਹ ਲੋਭ-ਲਾਲਸਾ ਦੇ ਸਮੇਂ ਹਮੇਸ਼ਾ ਦੁਹਰਾਇਆ ਕਰਦਾ ਸੀ- "ਪ੍ਰਮਾਤਮਾ, ਸਾਨੂੰ ਲੋਭ-ਲਾਲਸਾਵਾਂ ਤੋਂ ਬਚਾਉ।" ਸਿਰ ਤੇ ਨਜ਼ਰਾਂ ਝੁਕਾਉਂਦੇ ਹੋਏ ਉਹ ਚਬੂਤਰੇ ਦੇ ਕੋਲੋਂ ਦੀ ਲੰਘਿਆ, ਉਸਨੇ ਪੂਰੀਆਂ ਬਾਹਾਂ ਵਾਲੇ ਚੋਲੇ ਪਾਏ ਹੋਏ ਗਵਈਆਂ ਦੇ ਆਲੇ ਦੁਆਲੇ, ਜੋ ਇਸ ਸਮੇਂ ਦੇਵ-ਮੂਰਤੀ ਵਾਲੀ ਕੰਧ ਦੇ ਕੋਲੋਂ ਦੀ ਲੰਘ ਰਹੇ ਸਨ, ਚੱਕਰ ਕੱਟਿਆ ਤੇ ਉਤਰੀ ਦਰਵਾਜ਼ੇ ਵਿਚ ਦਾਖਲ ਹੋਇਆ। ਵੇਦੀ ਤੇ ਪਹੁੰਚਕੇ ਉਸਨੇ ਪਰੰਪਰਾ ਦੇ ਅਨੁਸਾਰ ਦੇਵ-ਮੂਰਤੀ ਦੇ ਸਾਮ੍ਹਣੇ ਸਲੀਸ ਦਾ ਨਿਸ਼ਾਨ ਬਣਾਇਆ, ਬਹੁਤ ਝੁੱਕ ਕੇ ਪ੍ਰਣਾਮ ਕੀਤਾ ਤੇ ਇਸ ਪਿਛੋਂ ਸਿਰ ਉਨਹਾ ਵੰਡੇ ਪਾਦਰੀ ਤੇ ਉਸ ਦੇ ਨਾਲ ਖੜੋਤੇ ਚਮਕਦੇ-ਦਮਕਦੇ ਵਿਅਕਤੀ ਨੂੰ ਚੋਰੀ ਅੱਖੀਂ ਵੇਖਿਆ, ਪਰ ਚੁੱਪ ਰਿਹਾ।
ਵੱਡਾ ਪਦਾਰੀ ਕੰਧ ਪਾਸ ਖੜਾ ਸੀ। ਉਸਦੇ ਛੋਟੇ ਛੋਟੇ ਗੁਦਗੁਦੇ ਹੱਥ ਉਸਦੀ ਗੋਗੜ ਉਤੇ ਟਿਕੇ ਹੋਏ ਸਨ ਤੇ ਉਂਗਲੀਆਂ ਪੁਸ਼ਾਕ ਦੇ ਗੋਟੇ-ਤਿੱਲੇ ਨਾਲ ਛੇੜ-ਛਾੜ ਕਰ ਰਹੀਆਂ ਸਨ। ਉਹ ਸੁਨਹਿਰੀ ਗੋਟੇ ਤੇ ਮੋਢਿਆਂ ਉਤੇ ਫੀਤੀਆਂ ਵਾਲੀ ਜਰਨੈਲ ਦੀ ਵਰਦੀ ਪਾਈ ਵਿਅਕਤੀ ਨਾਲ ਗੱਲਾਂ ਕਰ ਰਿਹਾ ਸੀ। ਸੇਰਗਈ ਨੇ ਫੌਜੀ ਵਾਲੀ ਆਪਣੀ ਤਜਰਬਾਕਾਰ ਨਜ਼ਰ ਨਾਲ ਸਭ ਕੁਝ ਭਾਂਪ ਲਿਆ ਸੀ। ਇਹ ਜਰਨੈਲ ਕਦੀ ਉਹਨਾਂ ਦੀ ਰਜਮੰਟ ਦਾ ਕਮਾਂਡਰ ਹੁੰਦਾ ਸੀ। ਹੁਣ ਸ਼ਾਇਦ ਉਹ ਕਿਸੇ ਮਹੱਤਵਪੂਰਨ ਪਦ ਉਤੇ ਸੀ ਤੇ ਵੱਡੇ ਪਾਦਰੀ ਨੂੰ ਇਹ ਪਤਾ ਸੀ, ਜਿਸ ਤਰ੍ਹਾਂ ਕਿ ਪਾਦਰੀ ਸੇਰਗਈ ਦਾ ਇਸ ਗੱਲ ਵੱਲ ਫੌਰਨ ਧਿਆਨ ਗਿਆ ਸੀ। ਏਸੇ ਲਈ ਤਾਂ ਗੰਜੇ ਵੱਡੇ ਪਾਦਰੀ ਦਾ ਥਲਥਲ ਕਰਦਾ ਚਿਹਰਾ ਇਸ ਤਰ੍ਹਾਂ ਚਮਕ ਰਿਹਾ ਸੀ। ਸੇਰਗਾਈ ਦੇ ਦਿਲ ਨੂੰ ਇਸ ਨਾਲ ਠੇਸ ਪਹੁੰਚੀ, ਉਹ ਖਫਾ ਹੋ ਉਠਿਆ ਤੇ ਜਦੋਂ ਉਸਨੂੰ ਇਹ ਪਤਾ ਲਗਾ ਕਿ ਸਿਰਫ਼ ਜਰਨੈਲ ਦੀ ਉਤਸੁਕਤਾ ਪੂਰੀ ਕਰਨ ਲਈ, ਜਰਨੈਲ ਦੇ ਸ਼ਬਦਾਂ ਵਿਚ, ਆਪਣੇ ਪੁਰਾਣੇ ਸਾਥੀ ਨੂੰ ਵੇਖਣ ਦੀ ਉਸਦੀ ਇੱਛਾ ਪੂਰੀ ਕਰਨ ਲਈ, ਉਸਨੂੰ ਬੁਲਾਇਆ ਗਿਆ ਸੀ ਤਾਂ ਉਸਦਾ ਦੁੱਖ ਹੋਰ ਵੀ ਵਧ ਗਿਆ।

"ਫ਼ਰਿਸ਼ਤੇ ਦੇ ਰੂਪ ਵਿਚ ਤੁਹਾਨੂੰ ਵੇਖਕੇ ਬੜੀ ਖੁਸ਼ੀ ਹੋਈ," ਜਰਨੈਲ ਨੇ ਸੇਰਗਈ ਵੱਲ ਹੱਥ ਵਧਾਉਂਦੇ ਹੋਏ ਕਿਹਾ, "ਆਸ ਕਰਦਾ ਹਾਂ ਕਿ ਆਪਣੇ ਪੁਰਾਣੇ ਸਾਥੀ ਨੂੰ ਭੁੱਲੇ ਨਹੀਂ ਹੋਵੋਗੇ।"

ਚਿੱਟੀ ਦਾੜ੍ਹੀ ਵਿਚ ਵੱਡੇ ਪਾਦਰੀ ਦਾ ਚਿਹਰਾ ਖਿੜਿਆ ਹੋਇਆ ਸੀ, ਜਿਵੇਂ ਕਿ ਜਰਨੈਲ ਦੇ ਸ਼ਬਦਾਂ ਦੀ ਤਾਈਦ ਕਰ ਰਿਹਾ ਹੋਵੇ। ਚੰਗੀ ਦੇਖ-ਭਾਲ ਕਰਕੇ ਜਰਨੈਲ ਦਾ ਚਮਕਦਾ ਚਿਹਰਾ ਅਤੇ ਉਸਦੀ ਆਤਮ-ਤੁਸ਼ਟ ਮੁਸਕਰਾਹਟ, ਉਸਦੇ ਮੂੰਹ ਵਿਚੋਂ ਸ਼ਰਾਬ ਦੀ ਅਤੇ ਕਲਮਾਂ ਵਿਚੋਂ ਸਿਗਰਟ ਦੀ ਬਦਬੂ-ਇਹਨਾਂ ਸਾਰੀਆਂ ਚੀਜ਼ਾਂ ਤੋਂ ਸੇਰਗਈ ਬੁਰੀ ਤਰ੍ਹਾਂ ਤਿਲਮਿਲਾ ਉਠਿਆ। ਉਸਨੇ ਦੁਬਾਰਾ ਵੱਡੇ ਪਾਦਰੀ ਸਾਮ੍ਹਣੇ ਸਿਰ ਝੁਕਾਇਆ ਤੇ ਕਿਹਾ:

"ਪੂਜਨੀਕ, ਤੁਸਾਂ ਮੈਨੂੰ ਯਾਦ ਫੁਰਮਾਇਆ ਸੀ?" ਉਹ ਰੁਕਿਆ ਤੇ ਉਸਦਾ ਚਿਹਰਾ ਤੇ ਅੰਦਾਜ਼ ਜਿਵੇਂ ਪੁੱਛ ਰਹੇ ਸਨ―ਕਿਸ ਲਈ?

ਵੱਡਾ ਪਾਦਰੀ ਬੋਲਿਆ:<

"ਹਾਂ, ਜਰਨੈਲ ਨੂੰ ਮਿਲਣ ਲਈ।"

"ਪੂਜਨੀਕ, ਮੈਂ ਤਾਂ ਲੋਭ-ਲਾਲਸਾਵਾਂ ਤੋਂ ਬਚਣ ਲਈ ਹੀ ਦੁਨੀਆਂ ਛੱਡੀ ਸੀ," ਉਸਨੇ ਫੱਕ ਹੋਏ ਚਿਹਰੇ ਤੇ ਕੰਬਦੇ ਹੋਠਾਂ ਨਾਲ ਕਿਹਾ, "ਤੁਸੀਂ ਗਿਰਜੇਘਰ ਵਿਚ ਤੇ ਫਿਰ ਪ੍ਰਾਰਥਨਾ ਦੇ ਸਮੇਂ ਮੈਨੂੰ ਕਿਉਂ ਇਹਨਾਂ ਵੱਲ ਧਕੇਲਦੇ ਹੋ?"

"ਹੱਛਾ, ਤਾਂ ਜਾਉ, ਜਾਉ," ਤਿਊੜੀਆਂ ਪਾਉਂਦੇ ਤੇ ਗੁੱਸੇ ਵਿਚ ਆਉਂਦੇ ਹੋਏ ਵੱਡੇ ਪਾਦਰੀ ਨੇ ਕਿਹਾ।

ਅਗਲੇ ਦਿਨ ਸੇਰਗਈ ਨੇ ਵੱਡੇ ਪਾਦਰੀ ਤੇ ਧਰਮ-ਭਰਾਵਾਂ ਤੋਂ ਘੁਮੰਡ ਲਈ ਮੁਆਫੀ ਮੰਗੀ ਤੇ ਨਾਲ ਹੀ ਪ੍ਰਾਰਥਨਾ ਵਿਚ ਗੁਜ਼ਾਰੀ ਗਈ ਰਾਤ ਦੇ ਪਿਛੋਂ ਇਹ ਫੈਸਲਾ ਕੀਤਾ ਕਿ ਉਸਨੂੰ ਇਹ ਮਠ ਛੱਡ ਦੇਣਾ ਚਾਹੀਦਾ ਹੈ। ਇਸ ਬਾਰੇ ਉਸਨੇ ਆਪਣੇ ਗੁਰੂ ਨੂੰ ਖ਼ਤ ਲਿਖਿਆ ਤੇ ਉਸ ਵਿਚ ਪ੍ਰਾਰਥਨਾ ਕੀਤੀ ਕਿ ਉਸਨੂੰ ਉਸੇ ਮਠ ਵਿਚ ਵਾਪਸ ਜਾਣ ਦੀ ਇਜਾਜ਼ਤ ਦਿਤੀ ਜਾਵੇ। ਉਸਨੇ ਲਿਖਿਆ ਕਿ ਗੁਰੂ ਦੀ ਸਹਾਇਤਾ ਦੇ ਬਗੈਰ ਲੋਭ-ਲਾਲਸਾਵਾਂ ਦੇ ਵਿਰੁੱਧ ਸੰਘਰਸ਼ ਕਰਨ ਵਿਚ ਆਪਣੇ ਆਪ ਨੂੰ ਕਮਜ਼ੋਰ ਤੇ ਅਸਮਰੱਥ ਸਮਝ ਰਿਹਾ ਹਾਂ। ਉਸਨੇ ਹੰਕਾਰੀ ਹੋਣ ਦੇ ਆਪਣੇ ਪਾਪ ਨੂੰ ਵੀ ਸਵੀਕਾਰ ਕੀਤਾ। ਅਗਲੀ ਡਾਕ ਵਿਚ ਗੁਰੂ ਦਾ ਖ਼ਤ ਆ ਗਿਆ, ਜਿਸ ਵਿਚ ਉਹਨਾਂ ਨੇ ਲਿਖਿਆ ਸੀ ਕਿ ਹੰਕਾਰ ਹੀ ਉਸ ਦੀਆਂ ਸਾਰੀਆਂ ਮੁਸੀਬਤਾਂ ਲਈ ਜਿੰਮੇਵਾਰ ਹੈ। ਗੁਰੂ ਨੇ ਸਪਸ਼ਟ ਕੀਤਾ ਸੀ ਕਿ ਉਹ ਸਿਰਫ ਇਸ ਲਈ ਭੜਕ ਉਠਿਆ ਸੀ ਕਿ ਉਸ ਨੇ ਪ੍ਰਮਾਤਮਾ ਦੇ ਨਾਂ ਉਤੇ ਧਾਰਮਿਕ ਪਦ ਦਾ ਤਿਆਗ ਕਰਕੇ ਨਿਮਰਤਾ ਨਹੀਂ ਵਿਖਾਈ ਸੀ, ਸਗੋਂ ਆਪਣੇ ਘੁਮੰਡ ਦਾ ਵਿਖਾਵਾ ਕਰਨ ਲਈ, ਇਹ ਵਿਖਾਉਣ ਦੀ ਖਾਤਰ ਕਿ ਵੇਖੋ ਮੈਂ ਕਿਸ ਤਰ੍ਹਾਂ ਦਾ ਹਾਂ, ਮੈਨੂੰ ਕਿਸੇ ਵੀ ਚੀਜ਼ ਦੀ ਤਮੰਨਾ ਨਹੀਂ ਹੈ। ਇਸ ਲਈ ਉਹ ਵੱਡੇ ਪਾਦਰੀ ਦੀ ਹਰਕਤ ਨੂੰ ਸਹਿਣ ਨਹੀਂ ਸੀ ਕਰ ਸਕਿਆ। ਉਸਦੇ ਮਨ ਵਿਚ ਇਹ ਖਿਆਲ ਆ ਗਿਆ ਸੀ ਕਿ ਮੈਂ ਤਾਂ ਪ੍ਰਮਾਤਮਾ ਦੇ ਨਾਂ ਉਤੇ ਸਭ ਕੁਝ ਤਿਆਗ ਦਿਤਾ ਹੈ ਤੇ ਇਹ ਇਕ ਜਾਨਵਰ ਦੀ ਤਰ੍ਹਾਂ ਮੇਰਾ ਪ੍ਰਦਰਸ਼ਨ ਕਰ ਰਹੇ ਹਨ। "ਅਗਰ ਤੂੰ ਪ੍ਰਮਾਤਮਾ ਦੇ ਨਾਂ ਉਤੇ ਉਨਤੀ ਵਲੋ ਮੂੰਹ ਮੋੜਿਆ ਹੁੰਦਾ, ਤਾਂ ਤੂੰ ਇਹ ਸਹਿਣ ਕਰ ਗਿਆ ਹੁੰਦਾ। ਅਜੇ ਤੇਰਾ ਦੁਨਿਆਵੀ ਘੁਮੰਡ ਦੂਰ ਨਹੀਂ ਹੋਇਆ। ਬੇਟਾ ਸੇਰਗਈ ਮੈਂ ਤੇਰੇ ਬਾਰੇ ਸੋਚਿਆ ਹੈ, ਤੇਰੇ ਲਈ ਪ੍ਰਾਰਥਨਾ ਕੀਤੀ ਤੇ ਪ੍ਰਮਾਤਮਾ ਨੇ ਮੈਨੂੰ ਤੇਰੇ ਲਈ ਇਹ ਰਸਤਾ ਦਸਿਆ-ਪਹਿਲੇ ਦੀ ਤਰ੍ਹਾਂ ਹੀ ਜੀਓ ਅਤੇ ਸਨਿਮਰ ਬਣੋ। ਹੁਣੇ ਹੁਣੇ ਇਹ ਪਤਾ ਲਗਾ ਹੈ ਕਿ ਪਵਿੱਤਰ ਆਤਮਾ ਤਪਸਵੀ ਇਲਾਰੀਉਨ ਆਪਣੀ ਕੋਠੜੀ ਵਿਚ ਸੁਰਗਵਾਸ ਹੋ ਗਿਆ ਹੈ। ਉਹ ਅਠ੍ਹਾਰਾਂ ਸਾਲ ਤਕ ਉਥੇ ਰਹੇ ਸਨ। ਤਾਮਬੀਨੋ ਮਨ ਦੇ ਵੱਡੇ ਪਾਦਰੀ ਨੇ ਪੁੱਛਿਆ ਹੈ ਕਿ ਕੀ ਕੋਈ ਧਰਮ ਭਰਾ ਉਥੇ ਰਹਿਣ ਦਾ ਇੱਛੁਕ ਨਹੀਂ ਹੈ? ਤੇਰਾ ਖ਼ਤ ਮੇਰੇ ਸਾਮ੍ਹਣੇ ਪਿਆ ਸੀ। ਤੂੰ ਤਾਮਬੀਨੋ ਦੇ ਵੱਡੇ ਪਾਦਰੀ ਪਾਇਸੀ ਪਾਸ ਚਲਾ ਜਾ, ਮੈਂ ਉਸਨੂੰ ਖ਼ਤ ਲਿਖ ਦੇਵਾਂਗਾ ਤੇ ਤੂੰ ਉਸਨੂੰ ਕਹੀਂ ਕਿ ਮੈਂ ਇਲਾਰੀਉਣ ਦੀ ਕੋਠੜੀ ਵਿਚ ਰਹਿਣਾ ਚਾਹੁੰਦਾ ਹਾਂ। ਇਹ ਗੱਲ ਨਹੀਂ ਹੈ ਕਿ ਤੂੰ ਇਲਾਰੀਉਨ ਦੀ ਜਗ੍ਹਾ ਲੈ ਸਕਦਾ ਹੈ, ਪਰ ਆਪਣੇ ਹੰਕਾਰ ਉਤੇ ਕਾਬੂ ਪਾਉਣ ਲਈ ਤੈਨੂੰ ਇਕਾਂਤਵਾਸ ਦੀ ਜ਼ਰੂਰਤ ਹੈ। ਪ੍ਰਮਾਤਮਾ ਤੇਰਾ ਭਲਾ ਕਰੇ।
ਸੇਰਗਈ ਨੇ ਗੁਰੂ ਦਾ ਹੁਕਮ ਮੰਨਿਆ, ਵੱਡੇ ਪਾਦਰੀ ਨੂੰ ਖ਼ਤ ਵਿਖਾਇਆ ਤੇ ਉਸਦੀ ਇਜਾਜ਼ਤ ਨਾਲ ਆਪਣੀ ਕੋਠੜੀ ਤੇ ਚੀਜ਼ਾਂ ਮਨ ਨੂੰ ਸੌਂਪ ਕੇ ਤਾਮਬੀਨੋ ਵੱਲ ਤੁਰ ਪਿਆ।
ਤਾਮਬੀਨੋ ਮਠ ਦਾ ਵੱਡਾ ਪਾਦਰੀ ਵਿਉਪਾਰੀ ਵਰਗ ਦਾ ਵਧੀਆ ਪ੍ਰਬੰਧਕ ਸੀ। ਉਹ ਸਿੱਧੇ-ਸਾਦੇ ਢੰਗ ਨਾਲ ਸੇਰਗਈ ਨੂੰ ਮਿਲਿਆ ਤੇ ਉਸਨੂੰ ਇਲਾਰੀਉਣ ਦੀ ਕੋਠੜੀ ਵਿਚ ਵਸਾ ਦਿਤਾ। ਸ਼ੁਰੂ ਵਿਚ ਉਸਨੇ ਉਸਨੂੰ ਧਰਮ-ਭਰਾ ਵੀ ਉਸਦੀ ਦੇਖਭਾਲ ਲਈ ਦਿਤਾ, ਪਰ ਪਿਛੋਂ ਸੇਰਗਈ ਦੀ ਇੱਛਾ ਅਨੁਸਾਰ ਉਸਨੂੰ ਇਕੱਲਿਆਂ ਛੱਡ ਦਿਤਾ ਗਿਆ। ਕੋਠੜੀ ਪਹਾੜ ਵਿਚ ਖੋਦੀ ਹੋਈ ਗੁਫਾ ਸੀ। ਇਲਾਰੀਉਨ ਨੂੰ ਉਥੇ ਹੀ ਦਫਨਾਇਆ ਗਿਆ ਸੀ। ਪਿਛਲੇ ਹਿੱਸੇ ਵਿਚ ਇਲਾਰੀਉਨ ਦੀ ਕਬਰ ਸੀ ਤੇ ਅਗਲੇ ਹਿੱਸੇ ਵਿਚ ਸੌਣ ਲਈ ਇਕ ਆਲਾ ਸੀ, ਜਿਸ ਵਿਚ ਘਾਹ-ਫੂਸ ਦਾ ਗੱਦਾ ਵਿਛਿਆ ਹੋਇਆ ਸੀ, ਛੋਟੀ ਜਿਹੀ ਮੇਜ਼ ਸੀ ਤੇ ਇਕ ਸ਼ੈਲਫ ਉਤੇ ਦੇਵ-ਮੂਰਤੀਆਂ ਤੇ ਕਿਤਾਬਾਂ ਰਖੀਆਂ ਹੋਈਆਂ ਸਨ। ਕੋਠੜੀ ਦੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਲਾਇਆ ਜਾ ਸਕਦਾ ਸੀ ਤੇ ਉਸਦੇ ਪਾਸ ਹੀ ਇਕ ਸ਼ੈਲਫ ਸੀ, ਜਿਸ ਉਤੇ ਕੋਈ ਸ਼ਾਧੂ ਦਿਨ ਵਿਚ ਇਕ ਵਾਰ ਮਠ ਤੋਂ ਭੋਜਨ ਲਿਆ ਕੇ ਰੱਖ ਦਿੰਦਾ ਸੀ।

ਇਸ ਤਰ੍ਹਾਂ ਪਾਦਰੀ ਸੇਰਗਈ ਏਕਾਂਤਵਾਸੀ ਹੋ ਗਿਆ।