ਪੰਜਾਬ ਦੇ ਲੋਕ ਨਾਇਕ/ਗੁੱਗਾ ਜ਼ਾਹਰ ਪੀਰ

ਵਿਕੀਸਰੋਤ ਤੋਂ
ਵਾਚਨ - Dugal harpreet
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਗੁੱਗਾ ਜ਼ਾਹਰ ਪੀਰ

ਭਾਦੋਂ ਦੀ ਰੁੱਤੇ ਗੁੱਗਾ ਭਗਤ ਡੌਰੂ ਖੜਕਾਉਂਦੇ, ਸਾਰੰਗੀਆਂ ਵਜਾਉਂਦੇ ਪੰਜਾਬ ਦੇ ਹਰ ਪਿੰਡ ਵਿੱਚ ਫਿਰਦੇ ਨਜ਼ਰੀਂ ਆਉਂਦੇ ਹਨ। ਇਹ ਗੁੱਗਾ ਪੀਰ ਦੀ ਕਥਾ ਨੂੰ ਗਾ ਗਾ ਖ਼ੈਰ ਮੰਗਦੇ ਹਨ। ਔਰਤਾਂ ਖੁੱਲ੍ਹੇ ਦਿਲ ਨਾਲ਼ ਗੁੱਗੇ ਪੀਰ ਦੇ ਨਾਂ ਤੇ ਖ਼ੈਰਾਤ ਪਾਉਂਦੀਆਂ ਹਨ।

ਪੰਜਾਬ ਦੇ ਹਰ ਪੰਜਾਂ-ਸੱਤਾਂ ਪਿੰਡਾਂ ਵਿੱਚ ਗੁੱਗੇ ਦਾ ਇਕ ਅੱਧ ਮੰਦਰ, ਜਿਸ ਨੂੰ ਗੁੱਗੇ ਦੀ ਮਾੜੀ ਆਖਿਆ ਜਾਂਦਾ ਹੈ, ਜ਼ਰੂਰ ਮਿਲ ਜਾਵੇਗਾ। ਹਰ ਮਾੜੀ ਦਾ ਇਕ ਭਗਤ ਹੋਇਆ ਕਰਦਾ ਹੈ। ਇਹ ਭਗਤ ਸੱਪ ਦੇ ਡੱਸੇ ਹੋਏ ਪੁਰਸ਼ਾਂ ਦਾ ਇਲਾਜ ਗੁੱਗੇ ਦੇ ਮੰਤਰਾਂ ਨਾਲ਼ ਕਰਦਾ ਹੈ। ਕਈ ਭਗਤ ਤਾਂ ਸੱਪਾਂ ਦੀਆਂ ਜ਼ਹਿਰਾਂ ਵੀ ਚੂਸ ਲੈਂਦੇ ਹਨ। ਇਹ ਭਗਤੀ ਪੀੜ੍ਹੀਓਂ-ਪੀੜ੍ਹੀ ਚਲੀ ਆਉਂਦੀ ਹੈ।

ਜਨਮ-ਅਸ਼ਟਮੀ ਤੋਂ ਅਗਲੇ ਦਿਨ ਭਾਦੋਂ ਦੀ ਨੌਵੀਂ ਨੂੰ ਗੁੱਗੇ ਦੀ ਪੂਜਾ ਹੁੰਦੀ ਹੈ। ਮਾੜੀਆਂ ਉਤੇ ਮੇਲੇ ਲੱਗਦੇ ਹਨ। ਇਸ ਦਿਨ ਔਰਤਾਂ ਸੇਵੀਆਂ ਰਿੰਨ੍ਹਦੀਆਂ ਹਨ ਤੇ ਦੁੱਧ ਸੱਪਾਂ ਦੀਆਂ ਬਿਰਮੀਆਂ ਵਿੱਚ ਪਾਉਂਦੀਆਂ ਹਨ। ਜਦੋਂ ਸੁਆਣੀਆਂ ਇਕੱਠੀਆਂ ਹੋ ਕੇ ਗੁੱਗੇ ਦੀ ਮਾੜੀ ਤੇ ਮੱਥਾ ਟੇਕਣ ਲਈ ਜਾਂਦੀਆਂ ਹਨ ਤਦੋਂ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਹੱਥਾਂ ਵਿੱਚ ਸੇਵੀਆਂ ਦੀਆਂ ਥਾਲੀਆਂ, ਜਿਨ੍ਹਾਂ ਉਤੇ ਆਟੇ ਦੇ ਗੰਡ-ਗੰਡੋਏ ਤੇ ਦੀਵੇ ਆਦਿ ਰੱਖੇ ਹੁੰਦੇ ਹਨ, ਫੜੀ ਗੁੱਗੇ ਦੀ ਉਸਤਤੀ ਦੇ ਗੀਤ ਗਾਂਦੀਆਂ, ਵਰ ਮੰਗਦੀਆਂ, ਮੇਲੇ ਵਿੱਚ ਪੁੱਜ ਜਾਂਦੀਆਂ ਹਨ।

ਜਨਮ-ਅਸ਼ਟਮੀ ਦੀ ਸ਼ਾਮ ਨੂੰ ਗੁੱਗੇ ਦੀ ਚੌਂਕੀ ਭਰਨ ਦਾ ਰਿਵਾਜ ਹੈ। ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਲੋਕ ਪਸ਼ੂਆਂ ਸਮੇਤ ਮਾੜੀ ਤੇ ਪੁੱਜ ਜਾਂਦੇ ਹਨ। ਜਦ ਮਾੜੀ ਦੇ ਦਲਾਨ ਵਿੱਚ ਸਾਰੇ ਬੈਠ ਜਾਂਦੇ ਹਨ ਤਦ ਗਵੱਯੇ ਪੀਰ ਗੁੱਗੇ ਦੀ ਉਸਤਤੀ ਵਿੱਚ ਗਾਣਾ ਆਰੰਭ ਦਿੰਦੇ ਹਨ। ਗਾਣਾ ਸੁਣ ਮਾੜੀ ਦੇ ਭਗਤ ਨੂੰ ਜੋਸ਼ ਆ ਜਾਂਦਾ ਹੈ, ਇਸ ਉਤੇ ਲੋਕੀਂ ਉਹਦੇ ਕੱਪੜੇ ਉਤਾਰ ਦਿੰਦੇ ਹਨ ਤੇ ਉਹ ਲੋਹੇ ਦੀਆਂ ਛੜੀਆਂ ਨਾਲ਼ ਆਪਣੇ ਜਿਸਮ ਨੂੰ ਮਾਰਨਾ ਸ਼ੁਰੂ ਕਰ ਦੇਂਦਾ ਹੈ। ਛੜੀਆਂ ਕਈ ਵਾਰ ਉਸ ਦੀ ਪਿਠ 'ਚੋਂ ਲਹੂ ਸਮਾ ਦੇਂਦੀਆਂ ਹਨ ਤੇ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ। ਦੋ-ਤਿੰਨ ਪੁਰਸ਼ ਉਹਦੀ ਤੇਲ ਨਾਲ਼ ਮਾਲਸ਼ ਕਰਦੇ ਹਨ। ਇਸ ਸਮੇਂ ਗਵੱਯੇ ਆਪਣਾ ਗਾਉਣਾ ਬੰਦ ਕਰ ਦੇਂਦੇ ਹਨ। ਕੁਝ ਸਮੇਂ ਮਗਰੋਂ ਉਹਨੂੰ ਮੁੜ ਸੁਰਤ ਆ ਜਾਂਦੀ ਹੈ। ਏਸ ਤੇ ਸਾਰੇ ਦਰਸ਼ਕ ਉਹਨੂੰ ਮੱਥਾ ਟੇਕਦੇ ਹਨ ਤੇ ਭਗਤ ਸਾਰਿਆਂ, ਖ਼ਾਸ ਕਰਕੇ ਔਰਤਾਂ ਉੱਤੇ, ਪਾਣੀ ਦੇ ਛਿੱਟੇ ਮਾਰਦਾ ਹੈ। ਇਸ ਮਗਰੋਂ ਪਤਾਸ਼ਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਬਹੁਤ ਸਾਰੇ ਘਰਾਂ ਨੂੰ ਪਰਤ ਆਉਂਦੇ ਹਨ, ਬਹੁਤੇ ਉੱਥੇ ਹੀ ਸਾਰੀ ਰਾਤ ਜਗਰਾਤਾ ਕਰਦੇ ਹਨ। ਵਿੱਦਿਆ ਦੇ ਕਾਰਨ ਇਹ ਚੌਂਕੀ ਭਰਨ ਦਾ ਰਿਵਾਜ ਅੱਜ-ਕਲ੍ਹ ਕਾਫ਼ੀ ਘੱਟ ਰਿਹਾ ਹੈ।

ਗੁੱਗੇ ਦੀ ਸੰਖੇਪ ਜਹੀ ਕਥਾ ਇਸ ਪ੍ਰਕਾਰ ਹੈ:——

ਬੀਕਾਨੇਰ ਦੇ ਇਕ ਨਗਰ ਵਿੱਚ ਰਾਜਾ ਜੈਮਲ ਦੇ ਘਰ ਗੋਰਖ ਨਾਥ ਦੇ ਵਰ ਨਾਲ਼ ਰਾਣੀ ਬਾਛਲ ਦੀ ਕੁਖ਼ੋਂ ਗੁੱਗੇ ਦਾ ਜਨਮ ਹੋਇਆ। ਉਹ ਚੌਹਾਨ ਰਾਜਪੂਤ ਸੀ। ਵੱਡਿਆਂ ਹੋ ਕੇ ਉਹਦੀ ਲੜਾਈ ਆਪਣੀ ਮਾਸੀ ਕਾਬਲ ਦੇ ਪੁੱਤਾਂ ਸੁਰਜਨ ਅਤੇ ਅਰਜਨ ਨਾਲ਼ ਹੋ ਪਈ। ਝਗੜਾ ਵਿਆਹ ਦਾ ਸੀ। ਗੁੱਗਾ ਸਲੀਅਰ ਨੂੰ ਵਿਆਹੁਣਾ ਚਾਹੁੰਦਾ ਸੀ ਪਰ ਉਹ ਆਪ ਇਸੇ ਨਾਲ਼ ਸ਼ਾਦੀ ਕਰਨਾ ਲੋਚਦੇ ਸਨ। ਝਗੜੇ ਵਿੱਚ ਗੁੱਗੇ ਨੇ ਆਪਣੇ ਦੋਹਾਂ ਮਾਸੀ ਦੇ ਪੁੱਤਰਾਂ ਨੂੰ ਮਾਰ ਦਿੱਤਾ। ਏਸ ਗੱਲ ਦਾ ਪਤਾ ਉਹਦੀ ਮਾਤਾ ਬਾਛਲ ਨੂੰ ਲੱਗਿਆ। ਉਹਨੇ ਆਖਿਆ ਕਿ ਉਹ ਉਹਦੇ ਮੱਥੇ ਨਾ ਲੱਗੇ। ਇਸ ਗੱਲ ਦਾ ਗੁੱਗੇ ਤੇ ਕਾਫ਼ੀ ਅਸਰ ਹੋਇਆ। ਉਹਨੇ ਧਰਤੀ ਮਾਤਾ ਨੂੰ ਆਖਿਆ ਕਿ ਉਹਨੂੰ ਧਰਤ ਵਿੱਚ ਸਮਾ ਲਵੇ। ਉਹ ਹਿੰਦੂ ਸੀ। ਧਰਤੀ ਮਾਤਾ ਨੇ ਆਖਿਆ ਕਿ ਉਹ ਤਾਂ ਮੁਸਲਮਾਨਾਂ ਨੂੰ ਹੀ ਥਾਂ ਦੇ ਸਕਦੀ ਹੈ। ਏਸ ਤੇ ਗੁੱਗਾ ਇਕ ਹਾਜੀ ਪਾਸੋਂ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਿਆ ਤੇ ਧਰਤੀ ਮਾਤਾ ਨੇ ਉਹਨੂੰ ਘੋੜੇ ਸਮੇਤ ਆਪਣੀ ਗੋਦੀ ਵਿੱਚ ਸਮਾ ਲਿਆ।

ਪੰਜਾਬ ਦਾ ਇਕ ਲੰਬਾ ਲੋਕ-ਗੀਤ ਗੁੱਗੇ ਦੀ ਕਥਾ ਇਸ ਤਰ੍ਹਾਂ ਬਿਆਨ ਕਰਦਾ ਹੈ:——

ਸਲਾਮਾਂ ਮੇਰੀਆਂ ਸਲਾਮਾਂ ਮੇਰੀਆਂ,
ਇਕ ਸਲਾਮਾਂ ਮੇਰੀਆਂ ਦੋਏ ਸਲਾਮਾਂ
ਗੁਰੂ ਗੋਰਖਾ ਪੈਦਾ ਓ ਕਰਦਿਆ
ਸਾਨੂੰ ਵੀ ਦਿਓ ਔਲਾਦ।

ਐਸ ਵੇਲੇ ਤਾਂ ਵਰ ਨਹੀਂ ਬੀਬੀ ਬਾਛਲੇ
ਕਲ੍ਹ ਤਾਂ ਲੈ ਜਾਈਂ ਔਲਾਦ।

ਦੌੜੀ ਦੌੜੀ ਬਾਛਲ ਕਾਸ਼ਲ ਕੋਲ਼ ਆਈ,
ਭੈਣੇ ਨੀ ਕਾਸ਼ਲੇ ਭਲ਼ਕ ਤਾਂ ਮਿਲ਼ ਜਾਊ ਔਲਾਦ।

ਦੌੜੀ ਦੌੜੀ ਕਾਸ਼ਲ ਬਾਛਲ ਕੋਲ਼ ਆਈ,
ਭੈਣੇ ਨੀ ਬਾਛਲੇ ਮੈਨੂੰ ਜੋੜਾ ਤਾਂ ਦਈਂ ਹੁਦਾਰ,
ਮੈਂ ਜਾਣਾ ਬਾਬਲ ਵਾਲੇ ਦੇਸ਼ ਨੀ
ਮੈਨੂੰ ਆਈ ਏ ਮੰਦੜੀ ਵਾਜ਼।

ਦੌੜੀ ਦੌੜੀ ਕਾਸ਼ਲ ਗੋਰਖ ਕੋਲ਼ ਆਈ
ਗੁਰੂ ਗੋਰਖਾ, ਸਾਨੂੰ ਤਾਂ ਦਿਓ ਔਲਾਦ
ਜਟਾਂ 'ਚੋਂ ਕੱਢ ਕੇ ਔਲਾਦ ਜੁ ਦਿੱਤੀ,
ਗੁਰੂ ਆਖੇ: ਅਰਜਨ ਤੇ ਸੁਰਜਣ ਰੱਖੀਂ ਨਾਉਂ

ਦੌੜੀ ਦੌੜੀ ਕਾਸ਼ਲ ਬਾਛਲ ਕੋਲ਼ ਆਈ
ਭੈਣੇ ਨੀ ਬਾਛਲੇ
ਮੈਂ ਆਈ ਬਾਬਲ ਵਾਲੇ ਦੇਸ਼ ਤੋਂ
ਸਾਡੇ ਬਾਬਲ ਦੀ ਚੰਗੀ ਵਾਜ਼।

ਦੌੜੀ ਦੌੜੀ ਬਾਛਲ ਗੋਰਖ ਦੇ ਆਈਂ
ਗੁਰੂ ਗੋਰਖਾ, ਪਰਮੇਸ਼ਵਰ ਜਾਣੇ,
ਸਾਨੂੰ ਤਾਂ ਦਿਓ ਔਲਾਦ।

ਮੋੜੋ ਵੇ ਮੋੜੋ ਇਹਨੂੰ ਚੇਲਿਓ ਮੇਰਿਓ
ਘੜੀ ਘੜੀ ਮੰਗਦੀ ਔਲਾਦ।

ਪਰ ਬਾਛਲ ਪਿੱਛੇ ਨਾ ਮੁੜੀ, ਉਥੇ ਹੀ ਖੜੀ ਰਹੀ। ਬਾਰਾਂ ਵਰ੍ਹੇ ਇਸੇ ਤਰ੍ਹਾਂ ਲੰਘ ਗਏ। ਗੀਤ ਅੱਗੇ ਟੁਰਦਾ ਹੈ:

ਸੱਤਾਂ ਸਮੁੰਦਰਾਂ ਦੀ ਪੌਣ ਜੁ ਝੁੱਲੀ
ਗੁਰੂ ਗੋਰਖ ਗਿਆ
ਗਿਆ ਚੰਜੀ ਵਾਲੇ ਬਾਗ

ਦੌੜੀ ਦੌੜੀ ਗੋਪੀ ਗੋਰਖ ਦੇ ਆਈ
ਗੁਰੂ ਗੋਰਖਾ
ਪਰਮੇਸ਼ਰ ਜਾਣੇ
ਸਾਨੂੰ ਤਾਂ ਦਿਓ ਔਲਾਦ

ਜੜੀ ਤਾਂ ਬੂਟੀ ਗੁਰੂ ਗੋਰਖ ਨੇ ਦਿੱਤੀ
ਲੈ ਰਾਣੀ ਗੋਪੀ
ਸਿਲੀਅਰ ਤਾਂ ਰਖੀਂ ਇਹਦਾ ਨਾਂ
ਇਹਦਾ ਸੰਜੋਗ ਦੂਲੋ ਨਾਲ਼

ਸੱਤਾਂ ਸਮੁੰਦਰਾਂ ਦੀ ਪੌਣ ਜੁ ਝੁੱਲੀ
ਗੁਰੂ ਗੋਰਖ ਆਇਆ
ਆਇਆ ਜੋ ਆਪਣੇ ਬਾਗ

ਗੁਰੂ ਦੇ ਚੇਲੇ ਘਾਹ ਜੋ ਖੋਦਣ
ਪਰਮੇਸ਼ਰ ਜਾਣੇ
ਵਿਚੋਂ ਤਾਂ ਨਿਕਲ਼ੀ ਬਾਛਲ ਆਪ
ਗੋਰਖ ਤੁੱਠਾ ਨਾਥ ਜੁ ਤੁੱਠਾ
ਦਿੱਤੀ ਗੁੱਗਲ ਦੀ ਦਾਤ
ਪਰਮੇਸ਼ਰ ਜਾਣੇ
ਰਾਣੀ ਬਾਛਲੇ, ਦੂਲੋ ਤਾਂ ਰਖੀਂ ਇਹਦਾ ਨਾਂ।

ਰਾਣੀ ਵਰ ਲੈ ਬਾਰ੍ਹਾਂ ਵਰ੍ਹੇ ਪਿੱਛੋਂ ਘਰ ਪੁੱਜੀ, ਪਰ ਅਗੋਂ ਸੱਸ ਦੇ ਤਾਹਨੇ——

ਇਕ ਸਲਾਮਾਂ ਮੇਰੀਆਂ ਦੋਏ ਸਲਾਮਾਂ
ਓ ਜੈਮਲ ਰਾਜਿਆ
ਓ ਕੰਤਾ ਰਾਜਿਆ
ਮੈਂ ਤੇਰੀ ਬਾਛਲ ਨਾਰ।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਓ ਬਾਛਲ ਰਾਣੀਏ, ਓ ਨਾਰੇ ਮੇਰੀਏ
ਬਾਰ੍ਹੀਂ ਤਾਂ ਵਰ੍ਹੀਂ ਸੰਜੋਗ
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਓ ਸੱਸੇ ਮੇਰੀਏ, ਮਾਤਾ ਮੇਰੀਏ
ਬਾਰ੍ਹੀਂ ਤਾਂ ਵਰ੍ਹੀਂ ਤੇਰੇ ਕੋਲ।

ਮੇਰੀ ਨਾ ਨੂੰਹ, ਮੇਰੇ ਪੁੱਤ ਦੀ ਨਾ ਵਹੁਟੀ
ਆਈ ਏ ਜੋਗੀਆਂ ਦੀ ਨਾਰ
ਪਰਮੇਸ਼ਰ ਜਾਣੇ
ਮੰਦੜੇ ਬੋਲ ਨਾ ਬੋਲ।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਨੀ ਮਾਏ ਮੇਰੀਏ
ਆਖੇ ਜੈਮਲ ਰਾਜਾ
ਮਹਿਲੀਂ ਤੇ ਲੈ ਇਹਨੂੰ ਬਾੜ।

ਟੁੱਟੀ ਤੇ ਫੁੱਟੀ ਇਹਨੂੰ ਗੱਡੀ ਮੰਗਾ ਦੇ
ਜੈਮਲ ਰਾਜਿਆ ਪੁੱਤਰਾ ਮੇਰਿਆ
ਕੋਹੜਾ ਮੰਗਵਾ ਦੇ ਗੱਡਵਾਲ
ਪਰਮੇਸ਼ਰ ਜਾਣੇ
ਪੇਕੇ ਤਾਂ ਆਵੇ ਇਹਨੂੰ ਵਾੜ।

ਬਾਰ੍ਹਾਂ ਵਰਿਆਂ ਦਾ ਗੋਰਖ ਬਣਿਆ
ਬਣਿਆ ਉਹਦਾ ਗੱਡਵਾਲ
ਰੰਗਲੇ ਤਾਂ ਪਾਵੇ ਗੱਡੀ ਨਾਲ਼!

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਧੀਏ ਮੇਰੀਏ
ਕਿਸ ਬਿਧ ਹੋਇਆ ਤੇਰਾ ਆਉਣ

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਦੁਰਗਾ ਰਾਜਿਆ, ਬਾਬਲ ਮੇਰਿਆ
ਮੈਨੂੰ ਆਈ ਸੀ ਮੰਦੀ ਤੇਰੀ ਵਾਜ਼।

ਨਾਨਕੜੇ ਨਾ ਜਨਮਾਂ ਮਾਤਾ, ਮਾਤਾ ਬਾਛਲੇ
ਜਨਮਾਂ ਤਾਂ ਬਾਬਲ ਦੇ ਦੇਸ਼
ਗੁਤ ਦਾ ਪਰਾਂਦਾ ਖੋਲ੍ਹ ਮੇਰੀ ਮਾਤਾ
ਸੱਜਾ ਅੰਗੂਠਾ ਬੰਨ੍ਹ ਲੈ
ਟੁਰ ਬਾਬਲ ਦੇ ਦੇਸ਼।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਬਾਬਲ ਮੇਰਿਆ, ਦੁਰਗਾ ਰਾਜਿਆ
ਮੈਂ ਚੱਲੀ ਸਹੁਰਿਆਂ ਦੇ ਦੇਸ਼

ਖੂਹਾਂ ਦੇ ਖੂਹ ਉਹਨੇ ਦੁੱਧ ਦੇ ਭਰਾਏ
ਦੁਰਗਾ ਰਾਜੇ ਭਰਵਾਏ
ਸੁੰਢਾਂ ਦੇ ਲਵਾਏ ਖੇਤ
ਬਾਛਲ ਚੱਲੀ ਸਹੁਰੇ ਦੇਸ਼।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਜੈਮਲ ਰਾਜਿਆ, ਕੰਤਾ ਮੇਰਿਆ
ਰੱਖ ਲੈ ਜਾਏ ਦੀ ਲਾਜ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਨੀ ਸੱਸੇ ਮੇਰੀਏ, ਨੀ ਮਾਏ ਮੇਰੀਏ
ਰੱਖ ਲੈ ਪੁੱਤ ਦੀ ਲਾਜ

ਮੇਰੀ ਨਾ ਨੂੰਹ ਮੇਰੇ ਪੁੱਤ ਦੀ ਨਾ ਵਹੁਟੀ
ਗਾਡੀਵਾਨਾਂ ਦੀ ਇਹ ਨਾਰ

ਜੈਮਲ ਰਾਜਿਆ ਪੁੱਤਰਾ ਮੇਰਿਆ
ਰੱਖ ਮਹਿਲਾਂ ਦੀ ਲਾਜ

ਟੁੱਟੀ ਹੋਈ ਕੋਠੜੀ ਪਲੰਘ ਪੁਰਾਣਾ
ਲੈ ਰਾਣੀ ਬਾਛਲੇ ਨਾਰੇ ਮੇਰੀਏ
ਰੱਖ ਮਹਿਲਾਂ ਦੀ ਲਾਜ।

ਗੁੱਗਾ ਜੁ ਜਰਮਿਆ, ਚੌਰਿਆਂ ਵਾਲ਼ਾ
ਚਾਨਣ ਹੋਇਆ ਘਰ ਬਾਹਰ
ਜੈਮਲ ਰਾਜਿਆ ਕੰਤਾ ਮੇਰਿਆ
ਦੂਲੋ ਤਾਂ ਰੱਖੀਂ ਇਹਦਾ ਨਾਂ
ਤਿੰਨ ਚਰਾਗ਼ ਉਹਦੇ ਮੱਥੇ ਤੇ ਜਗਦੇ
ਚੌਰਿਆਂ ਵਾਲ਼ੇ ਦੇ ਜਗਦੇ
ਚਾਨਣ ਹੋਇਆ ਅੰਦਰ ਬਾਹਰ।

ਇਕ ਸਲਾਮਾ, ਮੇਰੀਆਂ ਦੋਏ ਸਲਾਮਾਂ
ਜੈਮਲ ਰਾਜਿਆ, ਕੰਤਾ ਮੇਰਿਆ
ਪੁੱਤਰ ਨੂੰ ਮਹਿਲੀਂ ਵਾੜ।

ਇਕ ਸਲਾਮਾ ਮੇਰੀਆਂ ਦੋਏ ਸਲਾਮਾਂ
ਮਾਏ ਮੇਰੀਏ
ਪੋਤਰੇ ਨੂੰ ਮਹਿਲੀਂ ਵਾੜ

ਮੇਰੀ ਨਾ ਨੂੰਹ ਮੇਰੇ ਪੁੱਤ ਦੀ ਨਾ ਵਹੁਟੀ
ਬੱਚਾ ਮੇਰਿਆ,
ਬਾਰ੍ਹੀ, ਵਰ੍ਹੀਂ ਕਿਥੋਂ ਨਾਰ?

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਗੁਰੂ ਗੋਰਖਾ
ਪੁੱਠੀਆਂ ਨੂੰ ਸਿੱਧੀਆਂ ਪਾ
ਕਪਲਾ ਤੇ ਗਊ ਦਾ ਗੋਹਾ ਮੰਗਾਇਆ
ਨੀ ਰਾਜੇ ਦੀਏ ਮਾਏ
ਤੇਰੀ ਨਹੀਂ ਰਹਿਣੀ ਔਲਾਦ
ਸੁੱਤਾ ਤੇ ਜੈਮਲ ਰਾਜਾ ਸੌਂ ਗਿਆ
ਰਹੀ ਨਾ ਮਾਂ ਦੀ ਔਲਾਦ

ਗੁੱਗਾ ਮਹਿਲੀਂ ਆ ਵੜਿਆ

ਫਟ ਜੁ ਚੁੱਕ ਕੇ ਗੋਪੀ ਨੇ ਤੱਕਿਆ
ਸਿਲੀਅਰ ਖੇਲੇ ਦੂਲੋਂ ਨਾਲ਼
ਸਿਲੀਅਰ ਮੰਗੀ ਦੂਲੋ ਨਾਲ਼
ਅਰਜਨ ਵੀ ਜਾਏ ਉਥੇ ਸੁਰਜਨ ਵੀ ਜਾਏ
ਚੱਜੀ ਰਾਜੇ ਨੂੰ ਕਹੇ, ਗੋਪੀ ਰਾਣੀ ਨੂੰ ਕਹੇ
ਜੋੜੀਂ ਨਾ ਰਾਜਾ ਇਹ ਜੋੜ
ਜੋੜੀਂ ਨਾ ਰਾਣੀ ਇਹ ਜੋੜ।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਮਾਤਾ ਮੇਰੀਏ
ਕੁੜਮਾਈ ਤਾਂ ਮੰਗੇ ਸੁਰਜਨ ਆਪ
ਕੁੜਮਾਈ ਤਾਂ ਮੰਗੇ ਅਰਜਨ ਆਪ
ਏਸ ਤਾਂ ਸ਼ਹਿਰ ਦੀ ਕੁੜਮਾਈ ਨਾ ਲੈਣੀ
ਦੂਲੋਂ ਜ਼ਾਦਿਆ, ਗੁੱਗੇ ਬੇਟਿਆ
ਕੁੜਮਾਈ ਤਾਂ ਛੱਡ ਦੇ ਆਪ।

ਇਹ ਤਾਂ ਮੰਗ ਮੈਂ ਕਦੇ ਨਾ ਛੱਡਾਂ
ਮਾਤਾ ਮੇਰੀਏ, ਰਾਣੀਏ ਬਾਛਲੇ
ਸਿਲੀਅਰ ਨਾ ਛੱਡੀ ਜਾ,
ਟੀਕੂ ਉਏ ਚਾਚਾ, ਬਹੁੜੀਂ ਓ ਚਾਚਾ
ਕੁੜਮਾਈ ਤਾਂ ਮੰਗੇ ਅਰਜਨ ਆਪ
ਕੁੜਮਾਈ ਤਾਂ ਮੰਗੇ ਸੁਰਜਨ ਆਪ

ਕੁੜਮਾਈ ਦੇ ਵੇਲੇ ਸਾਨੂੰ ਖ਼ਬਰ ਨਾ ਕੀਤੀ
ਦੂਲੋ ਜ਼ਾਦਿਆ, ਗੁਗਿਆ ਰਾਜਿਆ
ਛੁੱਟਣ ਦੇ ਵੇਲੇ ਕੀਤਾ ਯਾਦ
ਇਕ ਜੁ ਨਾਗ ਇਉਂ ਉਠ ਕੇ ਬੋਲੇ
ਹੂੰ.......ਜਿਨੂੰ ਮੈਂ ਲੜ ਜਾਂ
ਟੀਕੂ ਨਾਗਾ
ਉਹਨੂੰ ਰਹਿਣ ਨਾ ਦੇਵਾਂ ਪਹਿਰ।

ਕਹਾਣੀ ਅੱਗੇ ਤੁਰਦੀ ਹੈ——

ਦੌੜੀਆਂ ਕੁੜੀਆਂ ਸਿਲੀਅਰ ਕੋਲ ਆਈਆਂ
ਸਿਲੀਅਰ ਭੈਣੇ
ਬਾਗੀ ਤਾਂ ਪਾਈਏ ਪੀਂਘ

ਇਕ ਜੁ ਝੂਟਾ ਸਿਲੀਅਰ ਨੇ ਲੀਤਾ
ਬੀਬੀ ਸਿਲੀਅਰ ਨੇ ਲੀਤਾ
ਡੰਗ ਜੁ ਮਾਰਿਆ ਟੀਕੂ ਆਪ

ਦੌੜੀਆਂ ਕੁੜੀਆਂ ਗੋਪੀ ਕੋਲ਼ ਆਈਆਂ
ਗੋਪੀ ਰਾਣੀਏ
ਸਿਲੀਅਰ ਤਾਂ ਪਈ ਬੇਹੋਸ਼।

ਦੌੜੀ ਦੌੜੀ ਗੋਪੀ ਸਿਲੀਅਰ ਕੋਲ਼ ਆਈ
ਬੀਬੀ ਸਿਲੀਅਰ ਕੋਲ਼ ਆਈ
ਕੌਣ ਬਲਾ ਪਈ ਆਣ

ਮੈਂ ਟੀਕੂ ਨਾਗਾਂ ਦਾ ਰਾਜਾ
ਬੀਬੀ ਗੋਪੀਏ
ਸਿਲੀਅਰ ਜਵਾਵਾਂ ਜਾਦੂ ਨਾਲ਼।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਰਾਣੀਏ ਗੋਪੀਏ
ਇਹਦਾ ਸੰਜੋਗ ਦੂਲੋ ਨਾਲ਼।

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਟੀਕੂ ਨਾਗਾ
ਧੀ ਵਿਆਹਾਂ ਦੂਲੋ ਨਾਲ਼

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਮਾਤਾ ਮੇਰੀਏ
ਸਿਲੀਅਰ ਤਾਂ ਮੇਰੀ ਨਾਰ

ਹੁਣ ਮੈਂ ਰੋਨੀ ਆਂ ਦੂਲਿਆ
ਕੌਣ ਚੜ੍ਹੇਗਾ ਬਰਾਤ?
ਮੇਰੇ ਕੰਤ ਦੀਓ ਮੜ੍ਹੀਓ
ਹੁਣ ਕੌਣ ਚੜ੍ਹੇਗਾ ਬਰਾਤ?

ਜੈਮਲ ਦੀਆਂ ਮੜ੍ਹੀਆਂ ਬੋਲੀਆਂ
ਰਾਣੀਏ ਬਾਛਲੇ, ਨਾਰੇ ਮੇਰੀਏ
ਗੁਰੂ ਗੋਰਖ ਤੇਰੇ ਸਾਥ।

ਅੱਗੇ ਤਾਂ ਬੈਠੇ ਅਰਜਨ ਤੇ ਸੁਰਜਨ
ਯੁੱਧ ਜੋ ਕਰਦੇ
ਦੂਲੋ ਰਾਜਿਆ
ਦੇਣੀ ਨਹੀਂ ਸਿਲੀਅਰ ਨਾਰ

ਦੂਲੋ ਰਾਜਾ ਯੁਧ ਜੋ ਕਰਦਾ
ਚੌਰਿਆਂ ਵਾਲ਼ਾ ਜੋ ਕਰਦਾ
ਅਰਜਨ ਤੇ ਸੁਰਜਨ ਦਿੱਤੇ ਮਾਰ।

ਬੀਕਾਨੇਰ ਦੇ ਇਲਾਕੇ ਵਿੱਚ ਇਹ ਕਥਾ ਉਪਰੋਕਤ ਕਥਾ ਨਾਲ਼ੋ ਭਿੰਨ ਹੈ, ਜੋ ਇਸ ਤਰ੍ਹਾਂ ਹੈ:——

ਬੀਕਾਨੇਰ ਵਿੱਚ ਦਦਰੇੜਾ ਨਾਮੀ ਇਕ ਨਗਰ ਵਿੱਚ ਜ਼ਵਰ ਸਿੰਘ ਨਾਮ ਦਾ ਚੁਹਾਨ ਰਾਜਪੂਤ ਰਾਜ ਕਰਦਾ ਸੀ। ਉਸ ਦੀ ਰਾਣੀ ਦਾ ਨਾਂ ਬਾਛਲ ਸੀ, ਜੋ ਸੱਤਾਂ ਜਨਮਾਂ ਦੀ ਬਾਂਝ ਸੀ। ਇਕ ਵਾਰੀ ਗੁਰੂ ਗੋਰਖ ਨਾਥ ਕਜਲੀ ਬਣ ਤੋਂ ਚਲ ਕੇ ਦਦਰੇੜਾ ਆਏ ਤੇ ਇਕ ਸੁੱਕੇ ਬਾਗ ਵਿੱਚ ਆ ਡੇਰਾ ਕੀਤਾ। ਬਾਗ ਗੁਰੂ ਗੋਰਖ ਦੇ ਤਪ ਨਾਲ਼ ਹਰਾ ਹੋ ਗਿਆ। ਰਾਣੀ ਬਾਛਲ ਨੇ ਬਾਰ੍ਹਾਂ ਸਾਲ ਗੁਰੂ ਗੋਰਖ ਨਾਥ ਦੀ ਸੇਵਾ ਕੀਤੀ। ਜਿਸ ਤੋਂ ਪ੍ਰਸੰਨ ਹੋ ਕੇ ਗੁਰੂ ਗੋਰਖ ਨਾਥ ਨੇ ਰਾਣੀ ਨੂੰ ਗੁੱਗਲ ਦਿੱਤੀ। ਉਸ ਦੇ ਗਰਹਿ ਗੁੱਗਾ ਨਾਮ ਦਾ ਇਕ ਬਾਲਕ ਜਨਮਿਆ। ਗੁੱਗੇ ਦੀ ਮਾਸੀ ਦੇ ਦੋ ਪੁੱਤਰ ਅਰਜਨ ਤੇ ਸੁਰਜਨ ਗੁੱਗੇ ਨਾਲ਼ ਈਰਖਾ ਕਰਦੇ ਸਨ, ਤੇ ਸਮੇਂ ਦੇ ਮੁਸਲਮਾਨ ਹਾਕਮ ਫੀਰੋਜ਼ ਸ਼ਾਹ ਨਾਲ਼ ਮਿਲ ਕੇ ਉਸ ਦਾ ਰਾਜ ਖੋਹ ਲੈਣਾ ਚਾਹੁੰਦੇ ਸਨ। ਗੁੱਗੇ ਨੇ ਤੰਗ ਆ ਕੇ ਅਰਜਨ ਸੁਰਜਨ ਨਾਲ ਲੜਾਈ ਕੀਤੀ, ਜਿਸ ਵਿੱਚ ਗੁੱਗਾ ਜਿੱਤ ਗਿਆ ਤੇ ਅਰਜਨ ਸੁਰਜਨ ਦੋਵੇਂ ਮਾਰੇ ਗਏ। ਇਸ ਪਰ ਗੁੱਗੇ ਦੀ ਮਾਂ ਰਾਣੀ ਬਾਛਲ ਨੂੰ ਦੁੱਖ ਹੋਇਆ, ਕਿਉਂਕਿ ਉਹ ਉਸ ਦੀ ਭੈਣ ਦੇ ਪੁੱਤਰ ਸਨ। ਉਸ ਨੇ ਗੁੱਗੇ ਨੂੰ ਕਿਹਾ ਕਿ ਉਹ ਉਸ ਨੂੰ ਮੂੰਹ ਨਾ ਵਿਖਾਏ। ਗੁੱਗੇ ਦੇ ਇਹ ਗੱਲ ਸੀਨੇ ਵਿੱਚ ਖੁੱਭ ਗਈ ਤੇ ਉਸ ਨੇ ਧਰਤੀ ਮਾਤਾ ਪਾਸ ਲੁੱਕਣ ਲਈ ਥਾਂ ਮੰਗੀ। ਧਰਤੀ ਮਾਤਾ ਨੇ ਕਿਹਾ ਕਿ ਧਰਤੀ ਵਿੱਚ ਥਾਂ ਕੇਵਲ ਮੁਸਲਮਾਨਾਂ ਨੂੰ ਹੀ ਮਿਲਦੀ ਹੈ। ਸੋ ਗੁੱਗੇ ਨੇ ਹਾਜੀ ਰਤਨ ਪਾਸੋਂ ਕਲਮਾ ਪੜ੍ਹਿਆ ਤਾਂ ਧਰਤੀ ਨੇ ਉਸ ਨੂੰ ਆਪਣੇ ਵਿੱਚ ਸਮਾ ਲਿਆ। ਇਸ ਕੌਤਕ ਨੇ ਗੁੱਗੇ ਦੀ ਪ੍ਰਸਿੱਧੀ ਸਾਰੇ ਦੇਸ਼ ਵਿੱਚ ਕਰ ਦਿੱਤੀ। ਤਦੋਂ ਤੋਂ ਗੁੱਗੇ ਪੀਰ ਦੀ ਪੂਜਾ ਸ਼ੁਰੂ ਹੋ ਗਈ।[1] ਹਿਮਾਚਲ ਵਿੱਚ ਵੀ ਗੁੱਗੇ ਦੀ ਪੂਜਾ ਕੀਤੀ ਜਾਂਦੀ ਹੈ। ਕੁਲੂ ਵਿੱਚ ਨਾਗਰ ਨਾਮੀ ਸਥਾਨ ਤੇ ਗੁੱਗੇ ਦਾ ਇਕ ਪੁਰਾਣਾ ਖੰਡਰ ਬਣਿਆ ਹੋਇਆ ਮੰਦਰ ਹੈ। ਇਥੋਂ ਘੋੜਿਆਂ ਦੀ ਪਿੱਠ ਤੇ ਸਵਾਰ ਗੁੱਗੇ ਦੀਆਂ ਮੂਰਤੀਆਂ ਹਨ। ਸੱਪ ਲੜੇ ਲੋਕਾਂ ਨੂੰ ਗੁੱਗੇ ਦੇ ਮੰਦਰ ਵਿੱਚ ਲਿਜਾਇਆ ਜਾਂਦਾ ਹੈ।

ਕੁਲੂ ਵਿੱਚ ਜੋ ਕਥਾ ਪ੍ਰਚਲਤ ਹੈ ਉਹ ਇਸ ਤਰ੍ਹਾਂ ਹੈ:

ਦੱਖਣ ਵਿੱਚ ਕਿਤੇ ਬਚਲਾ ਤੇ ਕਚਲਾ ਦੋ ਭੈਣਾਂ ਰਹਿੰਦੀਆਂ ਸਨ। ਉਹ ਦੇਵਰਾਜ ਚੌਹਾਨ ਰਾਜਪੂਤ ਦੀਆਂ ਪਤਨੀਆਂ ਸਨ। ਉਹਨਾਂ ਦੇ ਕੋਈ ਔਲਾਦ ਨਹੀਂ ਸੀ ਤੇ ਬਾਲ ਦੀ ਆਸ ਨਾਲ਼ ਬਚਲਾ ਇਕ ਦਿਨ ਸੁਰੁਖ ਨਾਥ ਦੇ ਮੰਦਰ ਵਿੱਚ ਗਈ। ਉਸ ਨੂੰ ਬਚਨ ਦਿੱਤਾ ਗਿਆ ਕਿ ਜੇ ਉਹ ਫਿਰ ਆਵੇਗੀ ਤਾਂ ਉਹਨੂੰ ਇਕ ਫਲ ਦਿੱਤਾ ਜਾਵੇਗਾ ਤੇ ਉਸ ਦੇ ਬੱਚਾ ਅਵੱਸ਼ ਹੋਵੇਗਾ। ਕਚਲਾ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਅਗਲੇ ਦਿਨ ਆਪਣੀ ਭੈਣ ਦਾ ਭੇਸ ਧਾਰ ਕੇ ਮੰਦਰ ਵਿੱਚ ਗਈ, ਫਲ ਲੀਤਾ ਤੇ ਖਾ ਲਿਆ। ਅਗਲੇ ਦਿਨ ਬਚਲਾ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਨੇ ਉਸ ਦੀ ਅਸ਼ੀਰਵਾਦ ਚੁਰਾ ਲਈ ਹੈ, ਫਿਰ ਵੀ ਉਸ ਨੂੰ ਦੂਜਾ ਫਲ ਦਿੱਤਾ ਗਿਆ ਜਿਸ ਦਾ ਅੱਧਾ ਉਹਨੇ ਆਪ ਖਾ ਲਿਆ ਤੇ ਬਾਕੀ ਅੱਧਾ ਉਸ ਨੇ ਆਪਣੀ ਘੋੜੀ ਨੂੰ ਖੁਆ ਦਿੱਤਾ। ਕਚਲਾ ਦੇ ਇਕ ਧੀ ਗੁੱਗਰੀ ਜੰਮੀ ਤੇ ਬਚਲਾ ਦੇ ਪੁੱਤਰ ਗੁੱਗਾ ਜੰਮਿਆ। ਦੋਹਾਂ ਦੀ ਪਾਲਣਾ-ਪੋਸਣਾ ਇਕੱਠੀ ਹੀ ਹੋਈ। ਜਦੋਂ ਗੁੱਗਾ ਮਨੁੱਖੀ ਅਵਸਥਾ ਵਿਚ ਪੁੱਜਾ ਤਾਂ ਉਸ ਇਕ ਸੁੰਦਰੀ ਦੀ ਪ੍ਰਸਿੱਧੀ ਸੁਣੀ। ਉਸ ਘੋੜੇ (ਆਪਣੇ ਕੋਕੇ ਭਰਾ ਨੂੰ) ਨਾਲ ਲਿਆ ਤੇ ਉਸ ਸੁੰਦਰੀ ਨੂੰ ਜਿੱਤਣ ਲਈ ਉਸ ਕੋਲ ਪੁੱਜਾ। ਕਈ ਵਰ੍ਹੇ ਉਹ ਉਸ ਨਾਲ਼ ਰਿਹਾ। ਦਿਨ ਵੇਲੇ ਜਾਦੂ ਦੁਆਰਾ ਉਹਨੂੰ ਭੇਡ ਬਣਾ ਦਿੱਤਾ ਜਾਂਦਾ ਸੀ ਤੇ ਰਾਤੀਂ ਉਹਨੂੰ ਮੁੜ ਰਾਜੇ ਦਾ ਰੂਪ ਮਿਲ ਜਾਂਦਾ ਸੀ। ਉਸ ਦੀ ਗ਼ੈਰ-ਹਾਜ਼ਰੀ ਵਿੱਚ ਰਾਜ ਦਾ ਇਕ ਹੋਰ ਦਾਅਵੇਦਾਰ ਪ੍ਰਗਟ ਹੋਇਆ। ਉਹਨੇ ਮਹਿਲ ਵਿੱਚ ਜ਼ੋਰੀਂ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਦਰਬਾਨ ਨੇ ਜਿਹੜਾ ਗੁੱਗੇ ਦੀ ਗ਼ੈਰ-ਹਾਜ਼ਰੀ ਵਿੱਚ ਅੰਨ੍ਹਾ ਹੋ ਗਿਆ ਸੀ, ਉਸ ਨੂੰ ਅੰਦਰ ਪ੍ਰਵੇਸ਼ ਨਾ ਕਰਨ ਦਿੱਤਾ। ਦਰਬਾਨ ਨੇ ਉਸ ਦੇ ਗੁੱਗਾ ਹੋਣ ਦੇ ਦਾਅਵੇ ਤੇ ਵਿਸ਼ਵਾਸ ਨਾ ਕੀਤਾ ਤੇ ਦੱਸਿਆ ਕਿ ਗੁੱਗੇ ਦੀ ਘਰ ਵਾਪਸੀ ਤੇ ਉਸ ਦੀਆਂ ਅੱਖਾਂ ਨੂੰ ਮੁੜ ਚਾਨਣ ਮਿਲ ਜਾਵੇਗਾ। ਅੰਤ ਭੀੜ ਬਣੀ ਵੇਖ ਕੇ ਗੁਗਰੀ ਨੇ ਇਕ ਬ੍ਰਾਹਮਣ ਹੱਥ ਚਿੱਠੀ ਲਿਖ ਕੇ ਗੁੱਗੇ ਨੂੰ ਬੰਗਾਲ ਵਿੱਚ ਭੇਜੀ। ਗੁੱਗੇ ਨੂੰ ਸਾਰੀ ਹਾਲਤ ਦੀ ਸਮਝ ਪਈ ਤਾਂ ਉਹਨੇ ਇਸ ਆਨੰਦਮਈ ਜੀਵਨ ਨੂੰ ਤਿਆਗ ਦਿੱਤਾ ਅਤੇ ਬ੍ਰਾਹਮਣ ਦੀ ਸਹਾਇਤਾ ਨਾਲ਼ ਉਸ ਨੇ ਜਾਦੂ ਦੇ ਅਸਰ ਤੋਂ ਵੀ ਛੁਟਕਾਰਾ ਪਾਇਆ। ਏਸੇ ਸਹਾਇਤਾ ਨਾਲ ਉਹਦਾ ਕਮਜ਼ੋਰ ਤੇ ਦੁਬਲਾ-ਪਤਲਾ ਘੋੜਾ ਵੀ ਮੁੜ ਬਲਵਾਨ ਬਣ ਗਿਆ। ਗੁੱਗਾ ਘੋੜੇ ਤੇ ਚੜ੍ਹ ਕੇ ਦੇਸ਼ ਨੂੰ ਚਲਾ ਗਿਆ। ਦੇਸ਼ ਵਾਪਸੀ ਤੇ ਦਰਬਾਨ ਦੀਆਂ ਅੱਖਾਂ ਠੀਕ ਹੋ ਗਈਆਂ। ਹੁਣ ਗੁੱਗੇ ਤੇ ਗੁਗਰੀ ਨੇ ਲੜਾਈ ਵਿੱਚ ਬੜੇ ਜੌਹਰ ਵਿਖਾਏ। ਗੁੱਗਾ ਤਾਂ ਆਪਣਾ ਸਿਰ ਵਢਿਆ ਜਾਣ ਪਿੱਛੋਂ ਵੀ ਕੁਝ ਚਿਰ ਲੜਦਾ ਰਿਹਾ। ਮੌਤ ਪਿੱਛੋਂ ਉਹਨੂੰ ਦੇਵਤੇ ਦੀ ਪਦਵੀ ਦਿੱਤੀ ਗਈ। ਉਸ ਨੂੰ ਹਰ ਵੇਲੇ ਘੋੜ-ਸਵਾਰ ਹੀ ਵਿਖਾਇਆ ਗਿਆ ਹੈ।[2]

ਇਸ ਤਰ੍ਹਾਂ ਵੱਖੋ-ਵੱਖ ਪ੍ਰਾਂਤਾਂ ਵਿੱਚ ਗੁੱਗੇ ਦੀ ਕਹਾਣੀ ਬਦਲਦੀ ਰਹਿੰਦੀ ਹੈ। ਉਂਜ ਏਸ ਕਥਾ ਦੇ ਅੰਤ ਅਤੇ ਖ਼ਾਸ-ਖ਼ਾਸ ਘਟਨਾਵਾਂ ਵਿੱਚ ਸਮਾਨਤਾ ਹੈ।

ਹੁਣ ਮੈਂ ਗੁੱਗੇ ਦੀ ਉਸਤਤੀ ਵਿੱਚ ਗਾਏ ਜਾਂਦੇ ਕੁਝ ਕੁ ਗੀਤ ਜਿਹੜੇ ਕਿ ਔਰਤਾਂ ਗੁੱਗੇ ਦੀ ਪੂਜਾ ਸਮੇਂ ਰਲ਼ ਕੇ ਗਾਂਦੀਆਂ ਹਨ, ਪੇਸ਼ ਕਰਦਾ ਹਾਂ।

ਗੀਤ ਹੈ:-

ਪੱਲੇ ਮੇਰੇ ਛੱਲੀਆਂ
ਮੈਂ ਗੁੱਗਾ ਮਨਾਵਨ ਚਲੀ ਆਂ
ਜੀ ਮੈਂ ਬਾਰੀ ਗੁੱਗਾ ਜੀ
ਪੱਲੇ ਮੇਰੇ ਮੱਠੀਆਂ
ਮੈਂ ਗੁੱਗਾ ਮਨਾਵਣ ਨੱਠੀਆਂ
ਜੀ ਮੈਂ ਬਾਰੀ ਗੁੱਗਾ ਜੀ
ਰੋਹੀ ਵਾਲ਼ਿਆ ਗੁੱਗਿਆ ਵੇ
ਭਰਿਆ ਕਟੋਰਾ ਦੁੱਧ ਦਾ
ਮੇਰਾ ਗੁੱਗਾ ਮਾੜੀ ਵਿੱਚ ਕੁੱਦਦਾ
ਜੀ ਮੈਂ ਬਾਰੀ ਗੁੱਗਾ ਜੀ
ਛੰਨਾ ਭਰਿਆ ਮਾਹਾਂ ਦਾ
ਗੁੱਗਾ ਮਹਿਰਮ ਸਭਨਾਂ ਥਾਵਾਂ ਦਾ
ਜੀ ਮੈਂ ਬਾਰੀ ਗੁੱਗਾ ਜੀ
ਛੱਨਾ ਭਰਿਆ ਤੇਲ ਦਾ
ਮੇਰਾ ਗਾ ਮਾੜੀ ਵਿੱਚ ਮੇਹਲਦਾ
ਜੀ ਮੈਂ ਬਾਰੀ ਗੁੱਗਾ ਜੀ
ਜੀ ਹੋ

ਜਿੰਨ੍ਹਾਂ ਦੀ ਕੁੱਖ ਹਰੀ ਨਾ ਹੋਵੇ, ਉਹ ਗੁੱਗੇ ਪਾਸੋਂ ਵਰ ਮੰਗਦੀਆਂ ਹਨ:-

ਧੌਲੀਏ ਦਾਹੜੀਏ
ਚਿੱਟੀਏ ਪੱਗੇ ਨੀ
ਅਰਜ਼ ਕਰੇਨੀਆਂ ਗੁੱਗੇ ਦੇ ਅੱਗੇ ਨੀ
ਸੁੱਕੀਆਂ ਬੇਲਾਂ ਨੂੰ
ਜੇ ਫਲ਼ ਲੱਗੇ ਨੀ।

ਗੁੱਗੇ ਦੀ ਪੂਜਾ ਸਾਰਾ ਜਗ ਕਰਦਾ ਹੈ, ਇਕ ਤਿਉਹਾਰ ਵਾਂਗ ਇਹ ਦਿਨ ਮਨਾਉਂਦਾ ਹੈ:-

ਗੁੱਗੇ ਰਾਜੇ ਨੂੰ ਪਰਸਣ ਮੈਂ ਚੱਲੀ
ਜੀ ਕੂਟਾਂ ਚੱਲੀਆਂ ਚਾਰੇ
ਜੀ ਜਗ ਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਗੁੱਗੇ ਰਾਜੇ ਨੂੰ ਪਰਸਣ ਮੈਂ ਚੱਲੀ
ਜੀ ਜਗ ਲਿਆ ਸਾਰਾ
ਝੁਕ ਰਹੀਆਂ ਟਾਹਲੀਆਂ
ਜੀ ਕੂਟਾਂ ਝੁਕੀਆਂ ਚਾਰੇ

ਇਹ ਧਰਤੀ ਹੀ ਗੁੱਗੇ ਦੀ ਹੈ, ਚਾਰੇ ਪਾਸੇ ਏਸੇ ਦਾ ਰਾਜ ਹੈ। ਗੀਤ ਦੇ ਬੋਲ ਹਨ:-

ਗੁੱਗੇ ਰਾਜੇ ਦੇ ਦਰਬਾਰ
ਜਿਥੇ ਧਰੇ ਨਗਾਰੇ ਚਾਰ
ਚੌਹੀਂ ਕੂਟੀਂ ਤੋਰਾ ਰਾਜ
ਪਰਜਾ ਵਸੇ ਸੁਖਾਲ਼ੀ ਹੋ
ਗੁੱਗੇ ਰਾਜੇ ਦੇ ਦਰਬਾਰ
ਜਿਥੇ ਧਰੇ ਨਗਾਰੇ ਚਾਰ
ਚੌਹੀਂ ਕੂਟੀ ਤੇਰਾ ਰਾਜ
ਜੀ ਕੂੱਟਾਂ ਝੁਕੀਆਂ ਚਾਰੇ

ਇਹ ਤਾਂ ਸਿਰਫ਼ ਔਰਤਾਂ ਦੇ ਹੀ ਕੁਝ ਕੁ ਗੀਤ ਹਨ। ਇਸ ਤੋਂ ਬਿਨਾਂ ਗੁੱਗੇ ਪੀਰ ਦੇ ਅਨੇਕਾਂ ਗੀਤ ਹਨ, ਜਿੰਨ੍ਹਾਂ ਨੂੰ ਗੁੱਗੇ ਦੇ ਭਗਤ ਮੰਗਣ ਸਮੇਂ ਗਾਉਂਦੇ ਹਨ। ਉਨ੍ਹਾਂ ਦੇ ਗੀਤਾਂ ਬਾਰੇ ਵਿਚਾਰਨਾ ਇਕ ਵੱਖਰੇ ਲੇਖ ਦਾ ਵਿਸ਼ਾ ਹੈ। ਵਿੱਦਿਆ ਦੇ ਚਾਨਣ ਨਾਲ਼ ਇਹ ਗੀਤ ਖ਼ਤਮ ਹੁੰਦੇ ਜਾਪਦੇ ਹਨ। ਅੱਜ ਬਹੁਤ ਘੱਟ ਗਿਣਤੀ ਵਿੱਚ ਇਹ ਲੋਕ ਮੰਗਦੇ ਹਨ। ਮੰਗਣਾ ਇਕ ਹੀਣਤਾ ਭਰਿਆ ਕੰਮ ਹੈ।

ਗੁੱਗੇ ਦੇ ਗੀਤਾਂ ਨੂੰ ਸਾਂਭਣ ਦੀ ਅਤੀ ਲੋੜ ਹੈ। ਡਰ ਹੈ ਕਿਤੇ ਅਸੀਂ ਵਾਰ-ਸਾਹਿਤ ਦੇ ਵੱਡਮੁਲੇ ਹੀਰਿਆਂ ਨੂੰ ਐਵੇਂ ਨਾ ਗੰਵਾ ਦੇਈਏ।


  1. ਹਰਿਆਣੇ ਦੇ ਲੋਕ ਗੀਤ ਪੰਨਾ 114.
  2. ਕੁੱਲੂ ਦੇ ਲੋਕ ਗੀਤ ਪੰਨਾ 114.

page