ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰੀ ਮੰਨਿਆ ਜਾ ਸਕਦਾ ਹੈ। Bultmann ਲਿਖਦਾ ਹੈ:

"We know that all things work together for good to them that love God.............If God be for us, who can be against us."9

ਬਾਬਾ ਫ਼ਰੀਦ ਇਹੋ ਐਲਾਨ ਖ਼ਦਾ ਵੱਲੋਂ ਇਉਂ ਕਰਵਾਉਂਦਾ ਹੈ:

ਆਪ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖ ਹੋਇ।
ਫ਼ਰੀਦਾ ਜੇ ਤੂੰ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ॥10॥95॥

ਨਿਕੋਲਸ ਬਰਦੀਏਵ ਕਹਿੰਦਾ ਹੈ ਕਿ ਧਰਮ ਵਿੱਚ ਰੱਬ ਖ਼ੁਦ ਬੰਦਾ ਬਣਦਾ ਹੈ। ਜਕ ਮੇਰੀਟੇਨ ਇਸ ਤੋਂ ਵੀ ਅੱਗੇ ਜਾਂਦਾ ਹੈ ਜਦੋਂ ਉਹ ਲਿਖਦਾ ਹੈ ਕਿ ਰੱਬ ਤੋਂ ਕੁੱਝ ਛੁਪਾਇਆ ਨਹੀਂ ਜਾ ਸਕਦਾ। ਉਸ ਅੱਗੇ ਤਾਂ ਬੰਦਾ ਨੰਗੇ ਰੂਪ ਵਿੱਚ ਹਾਜ਼ਰ ਹੈ। ਇਹੋ ਗੁੱਡ ਫੇਥ ਵਿੱਚ ਵਿਚਰਨਾ ਹੈ। ਇਸੇ ਗੁਡ ਫੇਥ ਨਾਲ 'ਵਾਟ ਉਡੀਣੀ' ਦਾ ਮਾਰਗ ਤਹਿ ਹੁੰਦਾ ਹੈ ਜੋ ਆਪਾ ਵਾਰਨ ਵਿੱਚ ਮੱਦਦਗਾਰ ਸਾਬਤ ਹੁੰਦਾ ਹੈ।

ਰੱਬੀ ਮਿਹਰ (Grace) ਦੇ ਨੁਕਤੇ ਬਾਰੇ ਵੀ ਧਾਰਮਿਕ ਅਸਤਿਤਵਵਾਦੀਆਂ ਨੇ ਨਿੱਠਕੇ ਵਿਚਾਰ ਕੀਤੀ ਹੈ। ਉਂਜ ਮਿਹਰ (ਨਦਰ) ਬੜਾ ਉਲਝਿਆ ਹੋਇਆ ਸੰਕਲਪ ਹੈ। ਬੁਲਟਮਾਨ ਅਨੁਸਾਰ ਨਾ ਤਾਂ ਰੱਬ ਦਾ ਗੁਣ ਮਿਹਰ ਹੈ ਨਾ ਹੀ ਕਰੋਧ। ਆਪਣੇ ‘ਸਵੈ' ਤੋਂ ਗਿਰਕੇ ਬੰਦਾ ਰੱਬ ਤੋਂ ਗਿਰਦਾ ਹੈ। ਰੱਬੀ ਮਿਹਰ ਵਿੱਚ ਵਿਸ਼ਵਾਸ ਨਾਲ ਉਸਦੇ ਕਰੋਧ ਤੋਂ ਬਚਣ ਬਾਰੇ ਸੋਚਦਾ ਹੈ। ਸੋ ‘ਮਿਹਰ’ ਦੁਆਰਾ ਰੱਬ ਬੰਦੇ ਨੂੰ ਉਸ ਦੇ ਪ੍ਰਮਾਣਿਕ ਹੋਂਦ ਬਣਨ ਦੀ ਗੁਆਚੀ ਸੰਭਾਵਨਾ ਮੁੜ ਪ੍ਰਦਾਨ ਕਰਦਾ ਹੈ। ਸ਼ਾਇਦ ਇਸੇ ਲਈ ਸ਼ੇਖ਼ ਫ਼ਰੀਦ ਲਿਖਦੇ ਹਨ:

(ਉ) ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ॥11

(ਅ) ਜਾ ਹੋਇ ਕ੍ਰਿਪਾਲੂ ਤਾ ਪ੍ਰਭੂ ਮਿਲਾਏ॥12

(ਇ)ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇ।

ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸ ਕਰੇ13 ॥124॥

ਧਾਰਮਿਕ ਅਸਤਿਤਵਵਾਦੀ ਪਾਲ ਟਿਕ (Paul Tillich) ਦਾ ਵਿਚਾਰ ਹੈ ਕਿ ਸੁੰਨਸਾਨ (Solitude) ਅਤੇ ਇਕੱਲਤਾ (Loneliness) ਵਿੱਚ ਅੰਤਰ ਹੈ। ਮਿਰਜ਼ਾ ਸਾਹਿਬਾਂ ਦੇ ਕਿੱਸੇ ਵਿੱਚ 'ਸੁੰਨੀਆਂ ਗਲੀਆਂ' ਸੁੰਨਸਾਨ ਹੈ ਪਰ ਮਿਰਜ਼ੇ ਬਿਨਾਂ ਸਾਹਿਬਾਂ ਲਈ ‘ਇਕੱਲਤਾ' ਮਹਿਸੂਸ ਹੁੰਦੀ ਹੈ। ਫ਼ਰੀਦ ਜੀ ਰਾਗ ਸੂਹੀ ਵਿੱਚ ਲਿਖਦੇ ਹਨ:

ਵਿਧਣ ਖੂਹੀ ਮੁੰਧ ਇਕੇਲੀ
ਨਾ ਕੋ ਸਾਥੀ ਨਾ ਕੋ ਬੇਲੀ
ਕਰਿ ਕਿਰਪਾ ਸਾਧ ਸੰਗੀ ਮੇਲੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 105