ਪੰਨਾ:ਉਪਕਾਰ ਦਰਸ਼ਨ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਰ- ਬੰਦਾ ਸਿੰਘ ਬਹਾਦਰ

ਚੜ੍ਹਿਆ 'ਬੰਦਾ' ਦਖਣੋਂ, ਚੁਕ ਪੀਲਾ ਝੰਡਾ।
ਗੁਰਾਂ ਬਖਸ਼ੇ ਉਹਨੂੰ ਪੰਜ ਤੀਰ, ਤੇ ਹਥ ਦਾ ਖੰਡਾ।
ਉਹਨੇ ਕੀਤਾ ਸਿੰਘਾ ਨਾਲ ਆ, ਇਹ ਪਾਸ ਏਜੰਡਾ।
ਮੈਂ ਪਹਿਲੇ ਹਥ ਸਰਹੰਦ ਦਾ, ਕਢਣਾ ਏਂ ਕੰਡਾ।
ਮੈਂ ਭੰਨਾਂ ਸੀਸ 'ਵਜੀਦ' ਦਾ, ਜਿਉਂ ਗੰਦਾ ਅੰਡਾ।
ਜੋ ਖਾਂਦੇ ਨਿਤ ਪੰਜਾਬ ਵਿਚ, ਆ ਹਲਵਾ ਮੰਡਾ।
ਮੈਂ ਕਾਬਲ ਵਲ ਉਹਨਾਂ ਦਾ, ਹਿਕ ਦਿਆਂ ਤਰੰਡਾ।
ਮੈਂ ਫੇਰਾਂ ਖਾਨ ਵਜੀਦ ਨੂੰ, ਜਦ ਤਕਨਾ ਡੰਡਾ।
ਮੇਰੇ ਦਿਲ ਵਿਚ ਭਾਂਬੜ ਮੱਚਦਾ, ਨਹੀਂ ਹੋਣਾ ਠੰਡਾ।

ਤਥਾ



ਕਰ ਪਹਿਲ 'ਸਢੋਰਾ' ਸਾੜਿਆ, ਤੇ ਨਾਲ 'ਸਮਾਣਾ'।
ਕਰ ਕਹਿਰ ਦਾ ਹੱਲਾ ਸਾਂਭਿਆ, ਉਸ ਇਉਂ ਜਰਵਾਨਾ।
ਜਿਉਂ ਭਠਿਆਰਾ ਫੱਠ ਵਿਚ, ਰੜ ਭੰਨਦਾ ਧਾਣਾ।
ਉਹਨੇ ਕੀਤਾ ਏਦਾਂ ਡੱਕਰੇ, 'ਉਸਮਾਨ' ਮਤਾਣਾ'
ਜਿਉਂ ਤੋਤਾ ਸੁਟੇ ਪਾੜ ਪਾੜ, ਅੰਬਾਂ ਦਾ ਦਾਣਾ।
ਉਹਨੇ ਉਠਦੇ ਈ ਬਲ ਮੁਗ਼ਲ ਦਾ,ਭੰਨ ਕੀਤਾ ਕਾਣਾ।
ਪੁਟ ਪੁਟ ਕਬਰਾਂ 'ਚੋਂ ਫੂਕਿਆ, ਸੱਯਦਾਂ ਦਾ ਢਾਣਾ।

੧੦੮-