ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਨੂੰ ਮਜ਼੍ਹਬੀ ਬਿਨਾ ਤੇ ਵਖੋ ਵਖ ਸੰਗਠਨ ਜਾਂ ਤਨਜ਼ੀਮ ਵਿਚ ਪਰੋ ਕੇ ਆਪੋ ਆਪਣਾ ਬਚਾਉ ਕਰਨ ਦੇ ਲਾਇਕ ਬਣਾਇਆ ਜਾਵੇ, ਤਾਂ ਕਿ ਇਕ ਦੂਜੇ ਉਤੇ ਹਮਲਾ ਕਰਨ ਦਾ ਹੀਆ ਈ ਨਾ ਪਏ, ਤੇ ਇਕ ਦੂਜੇ ਦੀ ਇਜ਼ਤ ਕਰਨ ਦੀ ਪ੍ਰੇਰਨਾ ਹੋਵੇ। ਇਸ ਦਾ ਸਿੱਟਾ ਇਹ ਤਾਂ ਹੋ ਸਕਦਾ ਹੈ ਕਿ ਹਰ ਇਕ ਫ਼ਿਰਕਾ ਆਪੋ ਆਪਣੀ ਸੁਰਤ ਸੰਭਾਲ ਕੇ ਦੂਜੇ ਦੇ ਵਾਰਾਂ ਤੋਂ ਬਚਣ ਲਈ ਕਾਫੀ ਤਕੜਾ ਹੋ ਜਾਵੇ, ਪਰ ਇਸ ਦਾ ਇਹ ਨਤੀਜਾ ਕਦੇ ਨਹੀਂ ਹੋ ਸਕਦਾ ਕਿ ਇਹ ਫਿਰਕੇ ਢਲ ਢੁਲ ਕੇ ਇਕ ਕੌਮ ਬਣ ਜਾਣ। ਬਲਕਿ ਤੁਸਾਂ ਵੇਖਿਆ ਹੋਣਾ ਹੈ ਕਿ ਇਸ ਲਹਿਰ ਦੇ ਸਿਟੇ ਵਜੋਂ ਇਕ ਧਿਰ ਨੂੰ ਏਲਾਨੀਆ ਤੌਰ ਤੇ ਇਹ ਆਖਣ ਦਾ ਹੀਆ ਪੈ ਗਿਆ ਹੈ ਕਿ ਹਿੰਦੁਸਤਾਨ ਹਿੰਦੂਆਂ ਦਾ ਹੈ, ਤੇ ਦੂਜੀ ਧਿਰ ਇਹ ਰਾਇ ਬਣਾ ਰਹੀ ਹੈ ਕਿ ਮੁਸਲਮਾਣਾਂ ਦੀ ਇਕ ਵਖਰੀ ਕੌਮ ਹੈ, ਜਿਸ ਦਾ ਵਤਨ ਹਿੰਦ ਹੀ ਨਹੀਂ ਬਲਕਿ ਚੀਨ, ਤੁਰਕਿਸਤਾਨ, ਈਰਾਨ ਅਰਬ ਆਦਿ ਸਾਰੇ ਮੁਲਕ ਹਨ। ਹਿੰਦ ਵਿਚ ਭੀ ਓਹ ਆਪਣੇ ਲਈ ਵਖਰੇ ਇਲਾਕੇ ਮੰਗ ਰਹੇ ਹਨ, ਜਿਨ੍ਹਾਂ ਵਿਚ ਓਹ ਆਪਣੀ ਸਭਿੱਤਾ ਤੇ ਆਪਣੀ ਰਹਿਣੀ ਬਹਿਣੀ ਸੰਭਾਲ ਕੇ ਵਖਰੀ ਤੇ ਨਰੋਲ ਰਖ ਸਕਣ। ਸਚ ਹੈ, ਜੇ ਹਿੰਦ ਹਿੰਦੂਆਂ ਦਾ ਹੈ, ਤਾਂ ਮੁਸਲਮਾਣਾਂ ਲਈ ਕੋਈ ਆਪਣਾ ਵਖਰਾ ਦੇਸ ਹੋਣਾ ਚਾਹੀਦਾ ਹੈ। ਇਹ ਦੋਵੇਂ ਖਿਆਲ ਰੋਗੀ ਮਨ ਤੋਂ ਪੈਦਾ ਹੋਏ ਹਨ, ਤੇ ਇਹ ਰੋਗ ਸੰਗਠਨ ਤੇ ਤਨਜ਼ੀਮ ਦੇ ਪ੍ਰਚਾਰ ਨੇ ਪੈਦਾ ਕੀਤਾ ਹੈ। ਹਿੰਦੁਸਤਾਨੀ ਕੌਮ ਇੱਕ ਹੈ, ਜਿਸ ਦੇ ਅੰਗ ਹਿੰਦੂ ਭੀ ਹਨ ਤੇ ਮੁਸਲਮਾਣ ਭੀ; ਜਾਂ ਇਉਂ ਕਹੋ, ਜਿਵੇਂ ਸਰ ਸਈਅਦ ਅਹਿਮਦ ਕਿਹਾ ਕਰਦੇ ਸਨ, ਕਿ ਹਿੰਦ ਇਕ ਸੁੰਦਰੀ ਹੈ ਜਿਸ ਦੀ ਇਕ ਅੱਖ ਹਿੰਦੂ ਹਨ ਤੇ ਦੂਜੀ ਅੱਖ ਮੁਸਲਮਾਣ। ਇਕ ਅੱਖ ਦੇ ਵਿਗੜਨ ਨਾਲ ਸਾਰੇ ਸਰੀਰ ਦੀ ਸੁੰਦਰਤਾ ਮਾਰੀ ਜਾਂਦੀ ਹੈ। ਇਹ ਕੌਮੀ ਏਕਤਾ ਦਾ ਖਿਆਲ ਤਦ ਸਫਲ ਹੋ ਸਕਦਾ ਹੈ। ਜੇਕਰ ਦੋਵੇਂ ਧਿਰਾਂ ਆਪਣੇ ਆਪ ਨੂੰ ਅਤੇ ਇਕ ਦੂਜੇ ਨੂੰ ਇੱਕ ਕੌਮ

ー੧੦੦ー