ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਭਿਆਚਾਰਾਂ ਦਾ ਮੇਲ

ਹੀ ਮਿਲਿਆ ਹੋਇਆ ਹੈ ਜਿੱਨਾ ਕੁ ਇਹ ਲੋਕ ਆਪਣੇ ਸਭਿਆਚਾਰ ਨੂੰ ਛੱਡ ਕੇ ਪਰਾਇਆ ਸਭਿਆਚਾਰ ਗ੍ਰਹਿਣ ਕਰ ਸਕੇ ਹਨ। ਤੁਰਕ ਲੋਕ ਸਦੀਆਂ ਤੀਕ ਯੂਰਪੀਨ ਕੌਮਾਂ ਦੀ ਅੱਖ ਦਾ ਕੰਡਾ ਬਣੇ ਰਹੇ। ਅੰਤ ਉਨ੍ਹਾਂ ਨੂੰ ਪਤਾ ਲਗ ਗਿਆ ਕਿ ਯੂਰਪੀਨ ਕੌਮਾਂ ਨਾਲ ਇਕ-ਮਿਕ ਹੋਣ ਵਿਚ ਉਨ੍ਹਾਂ ਦਾ ਏਸ਼ਿਆਈ ਸਭਿਆਚਾਰ ਹੀ ਇਕ ਵੱਡੀ ਰੁਕਾਵਟ ਹੈ। ਸੋ ਓਹ ਛੇਤੀ ਛੇਤੀ ਆਪਣੇ ਸਭਿਆਚਾਰ ਦਾ ਜੁੱਲਾ ਲਾਹ ਕੇ ਪਰ੍ਹਾਂ ਸੁਟ ਰਹੇ ਹਨ ਅਤੇ ਪਛਮੀ ਜੀਵਣ ਦਾ ਸਾਂਗ ਭਰ ਰਹੇ ਹਨ, ਤਾਂ ਜੋ ਯੂਰਪ ਦੀ ਪਵਿੱਤਰ ਧਰਤੀ ਉਤੇ ਵਸਣ ਵਾਲੇ ਲੋਕਾਂ ਦੀ ਨਜ਼ਰ ਵਿਚ ਪ੍ਰਵਾਨ ਹੋ ਸਕਣ! ਕਦੀ ਸਮਾਂ ਸੀ ਜਦੋਂ ਅਰਬੀ ਸਭਿਆਚਾਰ ਦਾ ਜ਼ੋਰ ਸੀ ਤੇ ਯੂਰਪੀਨ ਲੋਕ ਭੀ ਦੂਰੋਂ ਦੂਰੋਂ ਚਲ ਕੇ ਮਰਾਕੋ ਤੇ ਸਪੇਨ ਦੀਆਂ ਮੁਸਲਿਮ ਯੂਨੀਵਰਸਟੀਆਂ ਵਿਚ ਅਰਬੀ ਦੇ ਰਾਹੀਂ ਉੱਚੀ ਵਿਦਿਆ ਲੈਣ ਆਉਂਦੇ ਸਨ, ਇਨ੍ਹਾਂ ਲੋਕਾਂ ਦੀ ਰਹਿਣੀ ਬਹਿਣੀ ਦੀ ਨਕਲ ਕਰਦੇ ਅਤੇ ਪਾਤਸ਼ਾਹਾਂ ਤਕ ਇਨ੍ਹਾਂ ਦੇ ਸੋਫ਼ਿਆਂ, ਗਲੀਚਿਆਂ, ਪਰਦਿਆਂ, ਪਿਰਚਾਂ ਪਿਆਲੀਆਂ, ਚਾਹਾਂ ਤੇ ਕਾਹਵਿਆਂ ਦੀ ਵਰਤੋਂ ਕਰਨ ਵਿਚ ਫਖ਼ਰ ਸਮਝਦੇ ਸਨ। ਪਰ ਹੁਣ ਇਸੇ ਸੱਭਿਤਾ ਦੇ ਮੋਢੀਆਂ ਦੀ ਉਲਾਦ ਅਰਬੀ ਅਖਰਾਂ ਤੇ ਬੋਲੀ ਨੂੰ ਛੱਡ ਲਾਤੀਨੀ ਅੱਖਰਾਂ ਤੇ ਰੀਝ ਰਹੀ ਹੈ ਤੇ ਆਪਣੀ ਬੋਲੀ ਵਿਚੋਂ ਅਰਬੀ ਲਫ਼ਜ਼ਾਂ ਨੂੰ ਕਢ ਕੇ ਯੂਰਪੀਨ ਬੋਲੀਆਂ ਦੇ ਲਫ਼ਜ਼ ਭਰ ਰਹੀ ਹੈ। ਜਿਨ੍ਹਾਂ ਲੋਕਾਂ ਨੇ ਦਾੜ੍ਹੀ ਤੇ ਪਗੜੀ ਦਾ ਰਿਵਾਜ ਸਪੇਨ ਤੋਂ ਲੈ ਆਸਾਮ ਬੰਗਾਲ ਤਕ ਫੈਲਾਇਆ ਸੀ, ਅਜ ਓਹੀ ਇਨ੍ਹਾਂ ਚੀਜ਼ਾਂ ਨੂੰ ਅਸੱਭਿਤਾ ਦੇ ਨਿਸ਼ਾਨ ਮੰਨ ਕੇ ਮੂੰਹ ਸਿਰ ਦਾ ਫੈਸ਼ਨ ਕੁਝ ਹੋਰ ਹੀ ਬਣਾ ਰਹੇ ਹਨ। ਇਸ ਵਿਚ ਦੋਹਾਂ ਸਭਿੱਤਾਂ ਦਾ ਮੇਲ ਨਹੀਂ, ਬਲਕਿ ਇਕ ਸਭਿੱਤਾ ਦੀ ਭਾਂਜ ਤੇ ਦੂਜੀ ਦਾ ਦਾਬਾ ਮੰਨਿਆ ਗਿਆ ਹੈ। ਇਹ ਉਹ ਸੁਲਹ ਹੈ ਜਿਸ ਵਿਚ ਇਕ ਧਿਰ ਦੂਜੀ ਧਿਰ ਦੀਆਂ ਸ਼ਰਤਾਂ ਮੰਨ ਕੇ ਆਪਣੇ ਹਥਿਆਰ ਸੁਟ ਦੇਵੇ।

ー੧੦੩ー