ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਆਉਣ ਵਾਲੇ ਬਾਦਸ਼ਾਹ ਉਸ ਦੇ ਕੰਮ ਨੂੰ ਅਧਵਾਟੇ ਨਾ ਵਿਚਲਾ ਦਿੰਦੇ।

ਇਸ ਕੰਮ ਦਾ ਮਨੋਰਥ ਇਹ ਸੀ ਕਿ ਦੇਸ ਵਿਚ ਪ੍ਰਚਲਤ ਭਿੰਨ ਭਿੰਨ ਸਭਿਆਚਾਰਾਂ ਨੂੰ, ਜੋ ਵਖੇਵਿਆਂ ਤੇ ਵਿੱਥਾਂ ਦਾ ਮੂਲ ਕਾਰਨ ਸਨ, ਇੱਕ ਪੈਂਤੜੇ ਤੇ ਲਿਆ ਕੇ ਮੇਲ ਦਿੱਤਾ ਜਾਵੇ। ਲੋਕੀ ਧਰਮਾਂ ਨੂੰ ਇਕੱਠਾ ਨਹੀਂ ਹੋਣ ਦਿੰਦੇ, ਪਰ ਜੇ ਉਨ੍ਹਾਂ ਦੇ ਹੁਨਰੀ ਜਜ਼ਬਿਆਂ ਤੇ ਸੁਹਜ-ਸੁਆਦਾਂ ਨੂੰ ਸਿਧਾ ਅਪੜ ਕੇ ਪ੍ਰੇਰਿਆ ਜਾਵੇ ਤਾਂ ਓਹ ਅਗੋਂ ਇੱਨੇ ਤਡਿੰਗ ਨਹੀਂ ਹੁੰਦੇ। ਜੇ ਅਸੀਂ ਉਨ੍ਹਾਂ ਦੇ ਦਿਲਾਂ ਉਤੇ ਆਪਣੇ ਧਾਰਮਕ ਖਿਆਲਾਂ ਦਾ ਸਿੱਕਾ ਬਿਠਾਣ ਦਾ ਜਤਨ ਕਰੀਏ, ਤਾਂ ਓਹ ਝਟ ਕੰਨ ਖੜੇ ਕਰ ਲੈਂਦੇ ਹਨ ਅਤੇ ਇਉਂ ਦਿੱਲਾਂ ਦੇ ਬੂਹੇ ਮਾਰ ਕੇ ਅੰਦਰ ਵੜ ਬਹਿੰਦੇ ਹਨ ਕਿ ਚੰਗੇ ਤੋਂ ਚੰਗੇ ਕਹੇ ਦਾ ਕੋਈ ਅਸਰ ਨਹੀਂ ਹੁੰਦਾ। ਪਰ ਜਦ ਅਸੀਂ ਹੁਨਰ ਦੀਆਂ ਖ਼ੂਬਸੂਰਤੀਆਂ ਅਤੇ ਖਿਆਲ ਜਾਂ ਬੋਲੀ ਦੀਆਂ ਬਰੀਕੀਆਂ ਤੇ ਕੋਮਲਤਾਈਆਂ ਦੇ ਰਾਹੀਂ ਉਨ੍ਹਾਂ ਪਾਸ ਅਪੜਦੇ ਹਾਂ, ਤਾਂ ਓਹ ਬੜੇ ਬੀਬੇ ਤੇ ਸੁਲੱਗ ਬਣ ਜਾਂਦੇ ਹਨ। ਹੇਵਲ ਸਾਹਬ ਆਪਣੀ ਪੁਸਤਕ 'ਹਿੰਦ ਦਾ ਇਮਾਰਤੀ ਹੁਨਰ' ਵਿਚ ਲਿਖਦਾ ਹੈ: "ਮੁਸਲਮਾਣ ਬਾਦਸ਼ਾਹਾਂ ਨੇ ਹੁਨਰਾਂ ਅਤੇ ਵਿਦਿਆ ਨੂੰ ਬਿਨਾਂ ਪਖਪਾਤ ਦੇ ਅਪਣਿਆ ਕੇ ਫਿਰਕੂ ਵੱਟਾਂ ਬੰਨਿਆਂ ਨੂੰ ਦੂਰ ਕਰਨ ਦਾ ਸਭ ਤੋਂ ਚੰਗਾ ਸਾਧਨ ਬਣਾਇਆ।" ਅਕਬਰ ਨੇ ਬਦੌਨੀ, ਫ਼ੈਜ਼ੀ, ਨਕੀਬ ਖ਼ਾਨ ਆਦਿ ਮੁਸਲਮਾਣ ਆਲਮਾਂ ਨੂੰ ਹਿੰਦੂ ਗ੍ਰੰਥ ਪੜ੍ਹਨ ਤੇ ਉਲਥਣ ਤੇ ਲਾਇਆ ਤੇ ਮੁਸਲਮਾਣਾਂ ਦੀਆਂ ਕਿਤਾਬਾਂ ਨੂੰ ਹਿੰਦੂਆਂ ਦੇ ਦ੍ਰਿਸ਼ਟੀ ਗੋਚਰੇ ਕੀਤਾ। ਨਵਾਜ਼, ਜੈਸੀ, ਆਦਿ ਮੁਸਲਮਾਣ ਕਵੀ ਆਪਣੀ ਕਵਿਤਾ ਹਿੰਦੀ ਜਾਂ ਬ੍ਰਿਜ-ਭਾਸ਼ਾ ਵਿਚ ਲਿਖਣ ਲਗੇ, ਜਿਸ ਵਿਚ ਫ਼ਾਰਸੀ ਦੇ ਲਫ਼ਜ਼ ਢੁਕਵੇਂ ਬਧੇ ਜਾਂਦੇ ਸਨ। ਕਈ ਹਿੰਦੂ ਕਵੀ ਭੀ ਆਪਣੀ ਹਿੰਦੀ ਰਚਨਾ ਵਿਚ ਫ਼ਾਰਸੀ ਵਰਤਣ ਲਗ ਪਏ। ਸਿੱਟਾ ਇਹ ਹੋਇਆ ਕਿ ਹਿੰਦੂਆਂ ਤੇ ਮੁਸਲਮਾਣਾਂ

ー੧੦੬ー