ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਤੇ ਜੇ ਗ਼ਲਤ ਭੀ ਹੋਣ ਤਾਂ ਭੀ ਪਿਆਰ ਵਾਲੇ ਹਾਸੇ ਨਾਲ ਟਾਲ ਦਈਏ ਅਤੇ ਆਪਣੀ ਜਿੱਤ ਦਾ ਦਿਖਾਵਾ ਨਾ ਕਰੀਏ। ਉਸਤਾਦਾਂ ਤੇ ਸ਼ਗਿਰਦਾਂ ਦਾ ਸੰਬੰਧ ਵੀ ਇਕ ਪਿਆਰ ਤੇ ਆਦਰ ਵਾਲਾ ਸੰਬੰਧ ਹੈ। ਸਮਾਨਤਾ ਦੇ ਖਿਆਲ ਨਾਲ ਕਈ ਵਾਰੀ ਵਿਦਿਆਰਥੀਆਂ ਨੂੰ ਇਹ ਤੌਖਲਾ ਹੋ ਜਾਂਦਾ ਹੈ ਕਿ ਕਾਲਜ ਵੀ ਕਾਰਖਾਨਿਆਂ ਵਾਕਰ ਹੁੰਦੇ ਹਨ, ਜਿਨ੍ਹਾਂ ਵਿਚ ਮੁੰਡੇ ਮਜ਼ਦੂਰਾਂ ਵਾਕਰ ਕੰਮ ਕਰਦੇ ਹਨ, ਜਾਂ ਇਉਂ ਕਹੋ ਕਿ ਮੁੰਡੇ ਫੀਸ ਦੀ ਸ਼ਕਲ ਵਿਚ ਮਜ਼ੂਰੀ ਦੇਂਦੇ ਹਨ ਤੇ ਪ੍ਰੋਫ਼ੈਸਰ ਪੈਸੇ ਲੈ ਕੇ ਪੜ੍ਹਾਈ ਕਰਾਉਂਦੇ ਹਨ। ਜਦ ਭੀ ਪ੍ਰੋਫੈਸਰਾਂ ਜਾਂ ਪ੍ਰਬੰਧਕਾਂ ਨਾਲ ਵਿਦਿਆਰਥੀਆਂ ਦਾ ਵਖੇਵਾਂ ਹੋਇਆ, ਝਟ ਹੜਤਾਲ ਦੇ ਰਾਹੋਂ ਉਨ੍ਹਾਂ ਉਤੇ ਦਾਬਾ ਪਾ ਕੇ ਆਪਣੀਆਂ ਸ਼ਰਤਾਂ ਮੰਨਵਾ ਲਈਆਂ। ਕਈ ਵਾਰੀ ਵਿਦਿਆਰਥੀ ਕਾਲਜ ਨੂੰ ਕਲੱਬ ਜਾਂ ਸਭਾ ਮੰਨ ਕੇ ਸਾਰੇ ਫੈਸਲੇ ਆਪਣੀਆਂ ਰਾਵਾਂ ਦੀ ਬਹੁ-ਸੰਮਤੀ ਨਾਲ ਮੰਨਵਾਣਾ ਚਾਹੁੰਦੇ ਹਨ। ਯਾਦ ਰਖਣਾ ਚਾਹੀਦਾ ਹੈ ਕਿ ਕਾਲਜ ਸਭਾ (association) ਨਹੀਂ, ਆਸ਼੍ਰਮ (institution) ਹੁੰਦਾ ਹੈ। ਜਿਵੇਂ ਘਰ ਵਿਚ ਮਾਪਿਆਂ ਨੂੰ ਬਾਲ ਬਚੇ ਦੀ ਰਾਇ ਦੀ ਕਦਰ ਕਰਨੀ ਚਾਹੀਦੀ ਹੈ, ਬਲਕਿ ਰਾਇ ਬਣਾਣ ਤੇ ਉਸ ਨੂੰ ਮਨਾਣ ਦੀ ਜਾਚ ਸਿਖਾਲਨੀ ਚਾਹੀਦੀ ਹੈ, ਪਰ ਅੰਤਮ ਫੈਸਲਾ ਮਾਪਿਆਂ ਦੇ ਹੱਥ ਹੋਣਾ ਚਾਹੀਦਾ ਹੈ, ਨਾਕਿ ਸਾਰੇ ਟੱਬਰ ਦੀ ਬਹੁ-ਸੰਮਤੀ ਉਤੇ; ਇਸੇ ਤਰ੍ਹਾਂ ਵਿਦਿਅਕ ਆਸ਼੍ਰਮਾਂ ਵਿਚ ਪ੍ਰਬੰਧਕਾਂ ਦਾ ਫਰਜ਼ ਹੈ ਕਿ ਉਹ ਵਿਦਿਆਰਥੀਆਂ ਨੂੰ ਸੁਤੰਤਰ ਰਾਇ ਬਣਾਣ ਤੇ ਉਸ ਨੂੰ ਯੋਗਤਾ ਦੇ ਆਸਰੇ ਮੰਨਵਾਣ ਦੀ ਜਾਚ ਸਿਖਾਲਣ,ਪਰ ਵਿਦਿਆਰਥੀਆਂ ਨੂੰ ਆਪਣੀਆਂ ਰਾਵਾਂ ਦੀ ਬਹੁਲਤਾ ਜਾਂ ਆਮਦਨੀ ਦੇ ਘਾਟੇ ਦੇ ਡਰਾਵੇ ਦੇ ਜ਼ੋਰ ਨਾਲ ਆਪਣੀ ਈਨ ਮਨਾਣ ਦੀ ਕੋਸ਼ਸ਼ ਨਹੀਂ ਕਰਨੀ ਚਾਹੀਦੀ। ਸਭਾ ਤੇ ਆਸ਼੍ਰਮ ਵਿਚ ਫ਼ਰਕ ਇਹੋ ਹੁੰਦਾ ਹੈ ਕਿ ਸਭਾ ਵਿਚ ਸਾਰੇ ਮਿੰਬਰ ਆਪੋ ਆਪਣੀ ਸੁਤੰਤਰ ਰਾਇ ਰਖਦੇ ਹਨ ਤੇ ਉਨ੍ਹਾਂ ਦੇ

ー੧੪੨ー