ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਉਦਾਰਤਾ ਦਾ ਵਿਖਾਵਾ ਹੀ ਕਰਦੇ ਹਾਂ, ਸਗੋਂ ਜਿਸ ਗ਼ਰੀਬ ਦੀ ਸਹਾਇਤਾ ਕਰਦੇ ਹਾਂ ਉਸ ਨੂੰ ਸ਼ਰਮਿੰਦਾ ਕਰ ਕੇ ਉਸ ਦੀ ਮਨੁੱਖਤਾ ਦੀ ਹਤਕ ਕਰਦੇ ਹਾਂ। ਸਾਊ ਮਨੁਖ ਨੂੰ ਸ਼ਬਦ-ਭੇਟ ਦਾ ਏਲਾਨ ਕਰਾਂਦਿਆਂ, ਗੁਰਦੁਆਰਿਆਂ ਦੀਆਂ ਚਿਟੀਆਂ ਸਿਲਾਂ ਉਤੇ ਆਪਣੇ ਢਾਈ ਰੁਪਏ ਦੇ ਦਾਨ ਦਾ ਇਸ਼ਤਿਹਾਰ ਸਦਾ ਲਈ ਉਕਰਵਾਂਦਿਆਂ, ਜਾਂ ਮੁਸਾਫ਼ਰਖਾਨੇ ਲਈ ਚਾਦਰਾਂ ਤੇ ਮੰਜਿਆਂ ਦੇ ਦਾਨ ਦਾ ਅਰਦਾਸੇ ਵਿਚ ਜ਼ਿਕਰ ਕਰਾਂਦਿਆਂ ਸ਼ਰਮ ਆਵੇਗੀ। ਸਾਊ ਦਾਨ ਨਹੀਂ ਕਰਦਾ, ਭੇਟ ਕਰਦਾ ਹੈ; ਗ਼ਰੀਬ ਨੂੰ ਆਪਣੇ ਸਾਮ੍ਹਣੇ ਹਥ ਟਡਦਾ ਵੇਖ ਕੇ ਖੁਸ਼ ਨਹੀਂ ਹੁੰਦਾ, ਸਗੋਂ ਉਸ ਦੀ ਪੀੜਾ ਨੂੰ ਆਪਣੀ ਪੀੜਾ ਸਮਝ ਕੇ ਉਸ ਦੇ ਪਾਸ ਹਾਜ਼ਰ ਹੁੰਦਾ ਹੈ ਤੇ ਜੋ ਕੁਝ ਦਿੰਦਾ ਹੈ ਉਸ ਦੀ ਭੇਟ ਕਰਦਾ ਹੈ, ਨਜ਼ਰ ਚੜ੍ਹਾਉਂਦਾ ਹੈ।

ਯਤੀਮ ਬਚਿਆਂ ਨੂੰ ਪੀਲੇ ਪੀਲੇ ਕੋਝੇ ਕਪੜੇ ਪਵਾ ਕੇ ਗੱਡੀਆਂ ਵਿਚ ਜਾਂ ਦੀਵਾਨਾਂ ਵਿਚ ਦਾਨ ਮੰਗਣ ਲਈ ਲਈ ਫਿਰਨਾ ਉਨ੍ਹਾਂ ਦੀ ਇਨਸਾਨੀਅਤ ਦੀ ਦੁਰਗੱਤੀ ਕਰਨੀ ਹੈ। ਉਨ੍ਹਾਂ ਨੂੰ ਇਹ ਖਿਆਲ ਦੇਣਾ ਕਿ ਓਹ ਲਾਵਾਰਸ ਹਨ, ਹੀਣੇ ਹਨ, ਉਨ੍ਹਾਂ ਦੇ ਬਾਦਸ਼ਾਹੀ ਦਿਲਾਂ ਨੂੰ ਸ੍ਵੈ-ਸਤਿਕਾਰ ਤੋਂ ਵਾਂਝਿਆ ਰਖਣਾ ਹੈ। ਆਸ਼੍ਰਮ ਦਾ ਨਾਂ ਭੀ ਯਤੀਮਖ਼ਾਨਾ ਕਿਉਂ ਹੋਵੇ? ਓਹ ਯਤੀਮ ਨਿਮਾਣੇ ਕਿਉਂ ਅਖਵਾਣ? ਜੇ ਤੁਸੀਂ ਉਨ੍ਹਾਂ ਦੇ ਮਾਪੇ ਨਹੀਂ ਬਣ ਸਕਦੇ ਤੇ ਉਨ੍ਹਾਂ ਲਈ ਇਕ ਪਿਆਰਾ 'ਘਰ', ਉਨ੍ਹਾਂ ਦੀਆਂ ਸਧਰਾਂ ਦਾ ਕੇਂਦਰ ਨਹੀਂ ਬਣਾ ਸਕਦੇ, ਤਾਂ ਤੁਹਾਡਾ ਕੋਈ ਹਕ ਨਹੀਂ ਕਿ ਤੁਸੀਂ ਉਨ੍ਹਾਂ ਦੇ ਪਾਲਣ ਦਾ ਬੀੜਾ ਚੁਕੋ।

ਉਹ ਨੇਕੀ ਨੇਕੀ ਨਹੀਂ ਜਿਸ ਦੇ ਕਰਦਿਆਂ ਕਿਸੇ ਦੀ ਹੇਠੀ ਹੁੰਦੀ ਹੋਵੇ। ਜ਼ਾਤ ਪਾਤ, ਛੂਤ ਛਾਤ, ਸ਼ੁਧੀ ਅਸ਼ੁਧੀ, ਮਜ਼੍ਹਬੀ, ਰਾਮਦਾਸੀਏ ਦੇ ਵਿਤਕਰੇ ਸਾਰੇ ਪਰਸਪਰ ਘ੍ਰਿਣਾ ਤੇ ਅਸਾਊਪੁਣੇ ਦੀਆਂ ਨਿਸ਼ਾਨੀਆਂ ਹਨ। ਇਨ੍ਹਾਂ ਨੂੰ ਕਿਸੇ ਸ਼ਕਲ ਵਿਚ ਵੀ ਮੰਨਣਾ ਨਾ ਕੇਵਲ ਧਰਮ ਦੇ ਸਗੋਂ ਸਧਾਰਣ ਮਨੁਖਤਾ ਦੇ ਉਲਟ ਹੈ।

ー੧੪੮ー