ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਉਬਾਸੀਆਂ ਨਹੀਂ ਲੈਣੀਆਂ ਚਾਹੀਦੀਆਂ, ਕਿਉਂਕਿ ਜਿਵੇਂ ਘੜੀ ਦਸਣ ਨਾਲ ਮਿਲਣ ਆਇਆ ਆਦਮੀ ਚਲੇ ਜਾਣ ਤੇ ਮਜਬੂਰ ਹੁੰਦਾ ਹੈ, ਤਿਵੇਂ ਸੁੱਤਿਆਂ ਨੂੰ ਉਬਾਸੀਆਂ ਲੈਂਦਿਆਂ ਦੇਖ ਕੇ ਲੈਕਚਰਾਰ ਨੂੰ ਆਪਣਾ ਲੈਕਚਰ ਬੰਦ ਕਰਨ ਦੀ ਸੂਚਨਾ ਹੁੰਦੀ ਹੈ। ਜਾਣ ਲਗਿਆਂ, ਆਗਿਆ ਲੈ ਕੇ ਬਾਹਰ ਜਾਣਾ ਚਾਹੀਦਾ ਹੈ। ਕਿਸੇ ਦੇ ਅਗੋਂ ਨਹੀਂ ਲੰਘਣਾ ਚਾਹੀਦਾ। ਕਿਸੇ ਦੇ ਅੰਗ ਨੂੰ ਛੋਹਣ ਲਗ ਜਾਂ ਕਪੜੇ ਨੂੰ ਪੈਰ ਲਗ ਜਾਵੇ ਤਾਂ ਖਿਮਾ ਮੰਗ ਲੈਣੀ ਚਾਹੀਦੀ ਹੈ। ਕਿਸੇ ਨੂੰ ਸਿਰ ਨੰਗੇ ਜਾਂ ਅਧੜ-ਵੰਝੇ ਨਹੀਂ ਮਿਲਣਾ ਚਾਹੀਦਾ। ਜੇ ਸਰੀਰ ਅਧ-ਕਜਿਆ ਹੋਵੇ ਤਾਂ ਖਿਮਾ ਮੰਗ ਲੈਣੀ ਚਾਹੀਦੀ ਹੈ। ਸਭਾ ਸੁਸਾਇਟੀ ਵਿਚ ਬੈਠਣ ਲਗਿਆਂ ਕਮੀਜ਼ ਜਾਂ ਕੋਟ ਦੇ ਬਟਨ ਖੁਲ੍ਹੇ ਨਹੀਂ ਰਖਣੇ ਚਾਹੀਦੇ। ਬਜ਼ਾਰ ਵਿਚ ਜਾਂ ਆਮ ਪਬਲਕ ਥਾਂ ਤੇ ਖਾਣ ਪੀਣ ਲਈ ਮੂੰਹ ਮਾਰਦਾ ਆਦਮੀ ਚੰਗਾ ਨਹੀਂ ਲਗਦਾ। ਖਤ ਲਿਖਣ ਵੇਲੇ ਸੋਹਣੀ ਲਿਖਤ ਕਰਨੀ ਚਾਹੀਦੀ ਹੈ। ਛੇਤੀ ਛੇਤੀ ਜਾਂ ਸ਼ਿਕਸਤਾ ਲਿਖਣਾ ਪੜ੍ਹਨ ਵਾਲੇ ਦੀ ਨਿਰਾਦਰੀ ਕਰਨਾ ਹੈ।

ਸਾਊ ਆਦਮੀ ਲੋਕਾਂ ਨੂੰ ਬਹੁਤ ਨਸੀਹਤਾਂ ਨਹੀਂ ਕਰਦਾ। ਇਹ ਭੀ ਗੁਸਤਾਖੀ ਗਿਣੀ ਜਾਂਦੀ ਹੈ। ਚੰਗਾ ਫਿਰ ਮੈਂ ਭੀ ਇਹ ਗੁਸਤਾਖੀ ਬੰਦ ਕਰਦਾ ਹਾਂ।

ー੧੫੨ー