ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/171

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਬਾਬਤ ਕਿਸੇ ਨੂੰ ਭੁਲੇਖਾ ਨਹੀਂ ਪੈ ਸਕਦਾ। ਅਸੀਂ ਸਭ ਕੁਝ ਉਸ ਦੀ ਬਾਬਤ ਨਹੀਂ ਜਾਣ ਸਕਦੇ, ਪਰ ਗੁਰੂ ਪੀਰ ਦੀ ਸਹਾਇਤਾ ਨਾਲ ਉਸ ਦੇ ਭਾਣੇ ਦੀਆਂ ਲੀਹਾਂ ਪਛਾਣ ਸਕਦੇ ਹਾਂ, ਜਿਨ੍ਹਾਂ ਉਤੇ ਚਲ ਕੇ ਆਪਣੇ ਜੀਵਣ ਨੂੰ ਅੰਧ-ਗਤੀ ਦੀਆਂ ਠੋਕਰਾਂ ਤੋਂ ਬਚਾ ਸਕਦੇ ਹਾਂ।

ਇਨ੍ਹਾਂ ਹਾਲਤਾਂ ਵਿਚ ਇਹ ਗਲ ਮੰਨਣੀ ਔਖੀ ਹੈ ਕਿ ਰੱਬ ਆਪਣੀ ਕੁਦਰਤਿ ਦੇ ਨੇਮਾਂ ਦੀ ਉਲੰਘਣਾ ਕਰਦਾ ਹੈ ਜਾਂ ਕਰਨ ਦਿੰਦਾ ਹੈ।

ਇਨ੍ਹਾਂ ਰੱਬੀ ਨੇਮਾਂ ਦੀ ਉਲੰਘਣਾ ਕਰਨ ਦਾ ਖ਼ਿਆਲ ਹੀ ਉਲਟੇ ਪਾਸੇ ਦਾ ਸਵਾਦ ਹੈ, ਇਸੇ ਲਈ ਗੁਰੂ ਨਾਨਕ ਸਾਹਿਬ ਜਪੁ ਜੀ ਵਿਚ 'ਰਿਧਿ ਸਿਧਿ' ਨੂੰ 'ਅਵਰਾ ਸਾਦੁ' ਕਹਿੰਦੇ ਹਨ। ਜਿਸ ਨੂੰ ਇਹ ਚਸਕਾ ਪੈ ਜਾਵੇ ਉਸ ਦੇ ਦਿਲ ਵਿਚ ਹਰੀ ਦਾ ਖ਼ਿਆਲ ਨਹੀਂ ਆ ਸਕਦਾ:

'ਰਿਧਿ ਸਿਧਿ ਸਭੁ ਮੋਹੁ ਹੈ, ਨਾਮੁ ਨ ਵਸੈ ਮਨਿ ਆਇ।'
(ਮਃ ੩, ਵਾਰ ਵਡਹੰਸ ਮਃ ੪)

ਜਦ ਗੁਰੂ ਨਾਨਕ ਜੀ ਪਾਸੋਂ ਜੋਗੀਆਂ ਨੇ ਕਰਾਮਾਤ ਕਰਨ ਦੀ ਮੰਗ ਕੀਤੀ ਸੀ, ਤਾਂ ਗੁਰੂ ਜੀ ਨੇ ਕਿਹਾ ਸੀ ਕਿ:

'ਗੁਰਬਾਣੀ ਸੰਗਤਿ ਬਿਨਾਂ ਦੂਜੀ ਓਟ ਨਹੀਂ ਹੈ। ਰਾਈ'
(ਭਾਈ ਗੁਰਦਾਸ ਵਾਰ ੧)

ਭਾਵ ਅਸੀਂ ਆਪਣੇ ਕੰਮ ਵਿਚ ਬਾਣੀ ਤੇ ਸੰਗਤ ਨੂੰ ਹੀ ਵਰਤਦੇ ਹਾਂ; ਸਾਨੂੰ ਕਰਾਮਾਤ ਆਦਿ ਕਿਸੇ ਹੋਰ ਚੀਜ਼ ਦਾ ਆਸਰਾ ਨਹੀਂ। ਗੁਰੂ ਹਰਿ ਗੋਬਿੰਦ ਸਾਹਿਬ ਜੀ ਬਾਬਾ ਅਟਲ ਉਤੇ ਕਰਾਮਾਤ ਕਰਨ ਲਈ ਗੁੱਸੇ ਹੋਏ ਸਨ।

ਗੁਰੂ ਗੋਬਿੰਦ ਸਿੰਘ ਸਾਹਿਬ ਇਸ ਨੂੰ 'ਨਾਟਕ ਚੇਟਕ' ਤੇ 'ਕੁਕਾਜ' ਕਹਿੰਦੇ ਹਨ:

'ਨਾਟਕ ਚੇਟਕ ਕਰਤ ਕੁਕਾਜਾ।
ਪ੍ਰਭ ਲੋਗਨ ਕੋ ਆਵਤ ਲਾਜਾ।' (ਵਚਿਤ੍ਰ ਨਾਟਕ)

ー੧੬੮ー