ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/174

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਾਮਾਤ

ਮੇਰੇ ਭਰਾ ਨੂੰ ਬਿਮਾਰੀ ਤੋਂ ਬਚਾ ਲੈ। ਜੇ ਮੈਂ ਕਰਾਮਾਤ ਵਿਚ ਯਕੀਨ ਨਾ ਕਰਦਾ ਤਾਂ ਡਾਕਟਰ ਦੀ ਦਵਾਈ ਉਤੇ ਪੂਰੀ ਤਰ੍ਹਾਂ ਭਰੋਸਾ ਕਰ ਕੇ ਰਬ ਦਾ ਬੂਹਾ ਨਾ ਖੜਕਾਂਦਾ। ਮੈਂ ਕਹਿੰਦਾ, ਜਿਸ ਕਰਕੇ ਬੀਮਾਰੀ ਆਈ ਹੈ ਜਦ ਉਹ ਕਾਰਨ ਦੂਰ ਹੋ ਜਾਣਗੇ ਤਾਂ ਆਪੇ ਅਰੋਗਤਾ ਆ ਜਾਵੇਗੀ। ਪਰ ਨਹੀਂ, ਮੈਂ ਅਰਦਾਸ ਉਤੇ ਯਕੀਨ ਰਖਦਾ ਹਾਂ, ਅਤੇ ਉਮੇਦ ਕਰਦਾ ਹਾਂ ਕਿ ਰੱਬ ਮੇਰੇ ਤਰਲੇ ਸੁਣ ਕੇ ਬਹੁੜੇਗਾ, ਮੇਰੇ ਲਈ ਖ਼ਾਸ ਬਹੁੜੇਗਾ, ਅਤੇ ਸਭ ਕਾਰਨਾਂ ਵਿਚ ਦਖਲ ਦੇ ਕੇ 'ਕਰਾਮਾਤ' ਕਰੇਗਾ ਤੇ ਮੇਰੇ ਭਰਾ ਨੂੰ ਬਚਾ ਲਏਗਾ। ਅਰਦਾਸ ਵਿਚ ਯਕੀਨ ਕਰਨਾ ਕਰਾਮਾਤ ਨੂੰ ਮੰਨਣਾ ਹੈ। ਜਦੋਂ ਭੀ ਅਰਦਾਸ ਸੁਣੀ ਜਾਂਦੀ ਹੈ, ਮੁਅਜਜ਼ਾ ਹੁੰਦਾ ਹੈ। ਨਹੀਂ ਤਾਂ ਕੋਈ ਅਰਦਾਸ ਕਰੇ ਹੀ ਨਾ।

ਰੱਬ ਅਰਦਾਸ ਸੁਣਦਾ ਹੈ, ਅਤੇ ਮੁਅਜਜ਼ਾ ਕਰਦਾ ਹੈ। ਪਰ ਕਰਦਾ ਆਪਣੀ ਕੁਦਰਤ ਦੇ ਰਾਹੋਂ ਹੈ। ਅਸੀਂ ਮੀਂਹ ਮੰਗਦੇ ਹਾਂ। ਰਬ ਮੀਂਹ ਪਾਂਦਾ ਹੈ। ਪਰ ਕਿਵੇਂ? ਸਾਡੀ ਅਰਦਾਸ ਸੁਣ ਕੇ ਰਬ ਆਪਣੀ ਕੁਦਰਤ ਦੀਆਂ ਸਧਾਰਨ ਸ਼ਕਤੀਆਂ ਨੂੰ ਕੰਮ ਵਿਚ ਲਿਆਂਦਾ ਹੈ ਤੇ ਮੀਂਹ ਪਾਂਦਾ ਹੈ। ਮੀਂਹ ਖਰਿਓਂ ਨਹੀਂ ਵਰ੍ਹਦਾ। ਪਹਿਲਾਂ ਝੜ ਪੈਂਦਾ ਹੈ। ਫੇਰ ਉਨ੍ਹਾਂ ਵਿਚੋਂ ਕਣੀਆਂ ਵਸਦੀਆਂ ਹਨ। ਜੇ ਅੰਨ੍ਹਾ ਅਰਦਾਸ ਕਰੇ ਕਿ ਮੇਰੀਆਂ ਅਖਾਂ ਵਲ ਹੋ ਜਾਣ, ਤਾਂ ਰੱਬ ਹਾਲਾਤ ਮੁਤਾਬਕ ਅਰਦਾਸ ਸੁਣਦਾ ਹੈ। ਅੰਨ੍ਹੇ ਦੀਆਂ ਅੱਖਾਂ ਨੌ ਬਰ ਨੌ ਹੋ ਜਾਂਦੀਆਂ ਹਨ। ਪਰ ਕਿਵੇਂ? ਉਸ ਦੇ ਆਨਿਆਂ ਵਿਚ ਜਾਂ ਅੱਖਾਂ ਨੂੰ ਦਮਾਗ਼ ਨਾਲ ਜੋੜਨ ਵਾਲੀਆਂ ਨਾੜਾਂ ਵਿਚ ਜੋ ਖਰਾਬੀਆਂ ਸਨ ਓਹ ਦੁਰ ਹੋ ਕੇ ਪੁਰਾਣੇ ਸੰਬੰਧ ਜੁੜ ਜਾਂਦੇ ਹਨ। ਪਰ ਜੇ ਅਖਾਂ ਦੇ ਆਨੇ ਕਢੇ ਹੋਏ ਹੋਣ, ਜਾਂ ਉਸ ਅੰਗ ਦੇ ਹੋਰ ਜ਼ਰੂਰੀ ਹਿਸੇ ਮੌਜੂਦ ਹੀ ਨਾ ਹੋਣ, ਤਾਂ ਉਨ੍ਹਾਂ ਅੰਦਰ ਸੁਜਾਖਾ ਹੋਣ ਦੀ ਤਬਦੀਲੀ ਨਹੀਂ ਹੋ ਸਕਦੀ। ਇਸ ਤਰ੍ਹਾਂ ਮੁਰਦੇ ਭੀ

ー੧੭੧ー