ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਸ-ਰਸ ਅਤੇ ਧਰਮ

ਫਿਰ ਭੀ ਹਿੰਦੂ ਇਤਿਹਾਸ ਵਿਚ ਹਾਸ-ਰਸ ਦਾ ਘਾਟਾ ਨਹੀਂ। ਨਾਰਦ ਰਿਸ਼ੀ ਭਗਤਾਂ ਦਾ ਗੁਰੂ ਹੋਇਆ ਹੈ, ਪਰ ਉਸ ਵਿਚ ਮਖ਼ੌਲ ਕਰਨ ਦੀ ਆਦਤ ਚੰਗੀ ਸੀ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਹਾਸ-ਰਸ ਦੇ ਹੁੰਦਿਆਂ ਭੀ ਆਦਮੀ ਧਰਮੀ ਹੋ ਸਕਦਾ ਹੈ। ਬਲਕਿ ਮੇਰਾ ਤਾਂ ਖ਼ਿਆਲ ਹੈ ਕਿ ਪੂਰਨ ਧਰਮੀਆਂ ਵਿਚ ਇਹ ਰਸ ਵਧੇਰੇ ਹੁੰਦਾ ਹੈ।

ਕਈ ਸਜਣ ਹਜ਼ਰਤ ਈਸਾ ਵਿਚ ਹਾਸੇ ਵਾਲੀ ਤਬੀਅਤ ਨਹੀਂ ਦੇਖਦੇ, ਅਤੇ ਉਸ ਨੂੰ 'ਮੈਨ ਔਫ ਸਾਰੋ' (ਉਦਾਸ ਮਨੁਖ) ਕਹਿ ਕੇ ਖੁਸ਼ ਹੁੰਦੇ ਹਨ। ਪਰ ਉਸ ਦੇ ਜੀਵਣ ਦੇ ਹਾਲਾਤ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਉਹ ਬੜਾ ਖੁਸ਼-ਦਿਲ ਸੀ, ਅਤੇ ਉਸ ਨੂੰ 'ਉਦਾਸ ਮਨੁਖ' ਕਹਿਣਾ ਉਸ ਦੀ ਹਤਕ ਕਰਨਾ ਹੈ। ਜਿਹੜਾ ਬੱਚਿਆਂ ਨਾਲ ਪਿਆਰ ਕਰ ਕੇ ਖੇਡ ਸਕਦਾ ਹੈ, ਉਹ ਕਿਵੇਂ ਸ਼ੋਕਾਤਰ ਹੋ ਸਕਦਾ ਹੈ? ਉਸ ਨੇ ਤਾਂ ਸਗੋਂ ਇਹ ਕਿਹਾ ਹੈ ਕਿ ਅਸਮਾਨ ਦੀ ਬਾਦਸ਼ਾਹਤ ਹੀ ਉਨ੍ਹਾਂ ਦੀ ਹੈ ਜੋ ਬੱਚਿਆਂ ਵਾਕਰ ਬਾਲ-ਬੁਧਿ ਹੋ ਕੇ ਰਹਿੰਦੇ ਹਨ। ਈਸਾ ਦਾ ਹਾਸਾ ਬੜਾ ਕੋਮਲ ਜਿਹਾ ਹੁੰਦਾ ਸੀ ਜੋ ਬਰੀਕ ਤਬੀਅਤ ਵਾਲੇ ਹੀ ਸਮਝ ਸਕਦੇ ਸਨ। ਇਕ ਵੇਰ ਉਸ ਦੇ ਵੈਰੀ ਇਕ ਤੀਵੀਂ ਨੂੰ ਫੜ ਕੇ ਉਸ ਦੇ ਪਾਸ ਲਿਆਏ, ਤੇ ਆਖਣ ਲਗੇ, 'ਲੈ ਭਈ! ਤੂੰ ਕਹਿੰਦਾ ਸੈਂ ਮੈਂ ਤੁਹਾਡਾ ਬਾਦਸ਼ਾਹ ਹਾਂ। ਬਾਦਸ਼ਾਹ ਲੋਕ ਨਿਆਂ ਕੀਤਾ ਕਰਦੇ ਹਨ। ਤੂੰ ਭੀ ਨਿਆਂ ਕਰ। ਇਹ ਤੀਵੀਂ ਬਦਚਲਨੀ ਕਰਦੀ ਫੜੀ ਗਈ ਹੈ। ਇਸ ਨੂੰ ਕੀ ਦੰਡ ਦਈਏ?' ਈਸਾ ਨੇ ਕਿਹਾ- 'ਤੁਹਾਡੀ ਧਰਮ ਪੁਸਤਕ ਕੀ ਕਹਿੰਦੀ ਹੈ?' ਕਹਿਣ ਲਗੇ ਕਿ ਇਸ ਅਪ੍ਰਾਧ ਵਾਲੀ ਇਸਤਰੀ ਨੂੰ ਪਥਰ ਮਾਰ ਮਾਰ ਕੇ ਮਾਰ ਦੇਣਾ ਚਾਹੀਦਾ ਹੈ। ਈਸਾ ਨੇ ਕਿਹਾ, 'ਠੀਕ ਹੈ। ਤੁਹਾਡੇ ਵਿਚੋਂ ਜਿਸ ਕਿਸੇ ਨੇ ਇਹ ਗੁਨਾਹ ਨਹੀਂ ਕੀਤਾ, ਉਹ ਇਸ ਨੂੰ ਪਹਿਲਾ ਪਥਰ ਮਾਰ ਕੇ ਆਪਣੇ ਹਥ ਸਫਲੇ ਕਰੇ।' ਇਹ ਸੁਣ ਕੇ ਸਾਰੇ ਇਕ ਇਕ ਕਰਕੇ ਖਿਸਕ ਗਏ, ਅਤੇ ਈਸਾ ਹੋਰੀ ਮੁਸਕ੍ਰਾਉਂਦੇ ਰਹਿ ਗਏ। ਕੌਣ ਕਹਿ

ー੩੩ー