ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਵਿਚ 'ਕਾਫ਼ੀ'

ਦਖਣ-ਪੱਛਮ ਦੀ ਹੈ।

ਅਸਲ ਵਿਚ ਕਾਫ਼ੀ ਪੰਜਾਬ ਦੇ ਦੱਖਣ-ਪੱਛਮ ਵਲੋਂ ਆਈ, ਜਿਧਰੋਂ ਸੂਫ਼ੀ ਮਤ ਦੇ ਫ਼ਕੀਰ ਲੋਕ ਆਏ। ਇਹ ਸੂਫ਼ੀ ਫ਼ਕੀਰਾਂ ਦੀਆਂ ਮਜਲਸਾਂ ਦੀ ਜੰਮ-ਪਲ ਹੈ। ਇਹ ਕੋਈ ਖ਼ਾਸ ਰਾਗ ਨਹੀਂ, ਅਤੇ ਨਾ ਛੰਦਾਬਦੀ ਦੀ ਕੋਈ ਖ਼ਾਸ ਜ਼ਾਤ ਹੈ, ਜਿਸ ਦੀਆਂ ਮਾਤ੍ਰਾਂ ਤੇ ਰੂਪ ਕਿਸੇ ਨੇਮ ਹੇਠਾਂ ਬਨ੍ਹੀ ਸਕਦੇ ਹੋਣ। 'ਕਾਫ਼ੀ' ਦਾ ਮਹਿਨਾ ਵਾਰ ਵਾਰ ਆਉਣਾ ਹੈ। ਜਦ ਸੂਫ਼ੀ ਫ਼ਕੀਰ ਪ੍ਰੇਮ-ਰਸ ਭਰੇ ਪਦ ਗਾਉਣ ਲਈ ਅਖਾੜਾ ਰਚਦੇ ਹਨ, ਤਾਂ ਇਕ ਮੁਖੀਆ ਅਗੇ ਅਗੇ ਉਚੀ ਸੁਰ ਨਾਲ ਰੱਬ ਦੇ ਪਿਆਰ ਵਿਚ ਕੁਝ ਗਾਉਂਦਾ ਹੈ ਤੇ ਬਾਕੀ ਦੇ ਸਿਰ ਹਿਲਾ ਹਿਲਾ ਕੇ ਤਾਲ ਦਿੰਦੇ ਰਹਿੰਦੇ ਹਨ; ਪਰ ਜਦੋਂ ਬੰਦ ਦੀ ਅੰਤਲੀ ਸਤਰ ਆਉਂਦੀ ਹੈ ਤਾਂ ਸਾਰੇ ਉਸ ਨੂੰ ਰੱਲ ਕੇ ਗਾਉਂਦੇ ਹਨ।

ਬਸ ਇਕ ਦੇ ਪਿੱਛੇ ਰੱਲ ਕੇ ਗਾਈ ਜਾਣ ਵਾਲੀ ਧਾਰਨਾ ਦੇ ਸਬਬ ਇਸ ਗੀਤ ਦਾ ਨਾਂ 'ਕਾਫ਼ੀ' ਪੈ ਗਿਆ ਹੈ। ਇਸ ਵਿਚ ਰੱਬ ਦੇ ਪਿਆਰ ਦਾ ਜੋਸ਼, ਲਹਿੰਦੀ ਬੋਲੀ ਦਾ ਅਸਰ ਅਤੇ ਬਾਰ ਬਾਰ ਆਉਣ ਵਾਲੀ ਧਾਰਨਾ ਦਾ ਹੋਣਾ ਜ਼ਰੂਰੀ ਹੈ। ਅਜ ਕਲ ਇਸ ਨੂੰ ਆਮ ਤੌਰ ਤੇ ਕੱਵਾਲ ਲੋਕ ਗਾਉਂਦੇ ਹਨ। ਇਨ੍ਹਾਂ ਕੱਵਾਲਾਂ ਦਾ ਮਸ਼ਹੂਰ ਅੱਡਾ ਜਲੰਧਰ ਦੇ ਜ਼ਿਲੇ ਨਕੋਦਰ ਵਿਚ ਹੈ। ਇਹ ਲੋਕ ਮੇਲਿਆਂ ਅਤੇ ਉਰਸਾਂ ਉਤੇ ਜਾਂਦੇ ਹਨ, ਅਤੇ ਬੁਲ੍ਹੇ ਸ਼ਾਹ, ਸ਼ਾਹ ਹੁਸੈਨ, ਅਲੀ ਹੈਦਰ ਆਦਿਕਾਂ ਦਾ ਮਾਰਫ਼ਤੀ ਕਲਾਮ ਸੁਣਾਂਦੇ ਹਨ। ਕਈ ਤਾਂ ਗਾਂਦੇ ਗਾਂਦੇ ਨੱਚ ਖਲੋਂਦੇ ਹਨ। ਕਈਆਂ ਨੂੰ ਹਾਲ ਪੈ ਜਾਂਦਾ ਹੈ। ਓਹ ਮਸਤਾਨੇ ਹੋ ਕੇ ਸਿਰ ਮਾਰਨ ਲੱਗ ਪੈਂਦੇ ਹਨ ਅਤੇ ਠਲ੍ਹਿਆਂ ਨਹੀਂ ਠਲ੍ਹੀਂਦੇ। ਤਕੜੇ ਤਕੜੇ ਲੋਕ ਇਨ੍ਹਾਂ ਨੂੰ ਲੱਕੋਂ ਫੜ ਕੇ ਸੰਭਾਲਣ ਦੀ ਕੋਸ਼ਸ਼ ਕਰਦੇ ਹਨ। ਬਹੁਤਾ ਜ਼ੋਰ ਕਰਨ ਵਾਲਿਆਂ ਨੂੰ ਰੱਸਿਆਂ ਨਾਲ ਜਕੜ ਕੇ ਦਰੱਖ਼ਤਾਂ ਨਾਲ ਪੁਠੇ ਲਮਕਾਇਆ ਜਾਂਦਾ ਹੈ। ਜਦ ਚੋਖੇ ਥੱਕ ਜਾਣ ਤਾਂ ਥੱਲੇ ਲਾਹ ਕੇ ਦੱਬ ਘੁਟ ਕੇ ਹੋਸ਼ ਵਿਚ

ー੫੧ー