ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਨਾਨਕ ਦੇਵ ਦਾ ਦੇਸ-ਪਿਆਰ

ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨੁ ਸਮਾਲਸੀ ਬੋਲਾ।
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ' (ਤਿਲੰਗ)।

ਉਹ ਕਹਿੰਦੇ ਹਨ ਕਿ ਹੇ ਮੁਗ਼ਲੋ! ਜਿਸ ਵਾਹਿਗੁਰੂ ਨੇ ਇਹ ਲੁਕਾਈ ਪੈਦਾ ਕੀਤੀ ਹੈ ਅਤੇ ਵਖੋ ਵਖ ਹਾਲਤਾਂ ਵਿਚ ਲਾ ਰਖੀ ਹੈ, ਉਹ ਆਪ ਵਖਰਾ ਬੈਠ ਕੇ ਇਹ ਖੇਡ ਦੇਖ ਰਿਹਾ ਹੈ। ਉਹ ਸੱਚਾ ਮਾਲਕ ਹੈ, ਤੇ ਉਸ ਦਾ ਫ਼ੈਸਲਾ ਸਚਾ ਹੁੰਦਾ ਹੈ। ਇਸ ਲਈ ਉਹ ਸਚੇ ਨਿਆਂ ਵਾਲਾ ਹੁਕਮ ਕਰੇਗਾ। ਤੁਹਾਡੇ ਸਰੀਰ ਕਪੜੇ ਵਾਂਗੂ ਲੀਰਾਂ ੨ ਕੀਤੇ ਜਾਣਗੇ, ਅਤੇ ਹਿੰਦੁਸਤਾਨ ਮੇਰੇ ਇਸ ਅਗੰਮੀ ਵਾਕ ਨੂੰ ਯਾਦ ਕਰੇਗਾ। ਮੁਗਲ ਸੰਮਤ ੧੫੭੮ ਵਿਚ ਆਉਂਦੇ ਹਨ, ਅਤੇ ੧੫੯੭ ਵਿਚ ਚਲੇ ਜਾਣਗੇ, ਜਦ ਸ਼ੇਰ ਸ਼ਾਹ ਸੂਰੀ ਵਰਗਾ ਬਹਾਦਰ ਆਦਮੀ ਦੇਸ ਵਿਚ ਆ ਦੜਕੇਗਾ। ਮੈਂ ਸੱਚੀ ਗਲ ਆਖ ਰਿਹਾ ਹਾਂ, ਅਤੇ ਸੱਚ ਜ਼ਰੂਰ ਆਖਾਂਗਾ, ਕਿਉਂਕਿ ਸੱਚ ਸੁਣਾਉਣ ਦਾ ਇਹੋ ਵੇਲਾ ਹੈ। (ਪਿਛੋਂ ਜਦ ਬਾਬਰ ਚਲਾ ਗਿਆ ਤਾਂ ਇਹ ਗੱਲਾਂ ਕਹਿਣ ਦਾ ਕੀ ਲਾਭ ਹੋਵੇਗਾ?)

ਸੱਚਾ ਦੇਸ-ਭਗਤ ਜਿਥੇ ਦੇਸ ਦੇ ਵੈਰੀ ਨੂੰ ਸੱਚ ਆਖਣ ਵਿਚ ਦਲੇਰੀ ਕਰਦਾ ਹੈ, ਉਥੇ ਆਪਣੇ ਦੇਸ ਵਾਸੀਆਂ ਦੀਆਂ ਭੁਲਾਂ ਜਾਂ ਕਮਜ਼ੋਰੀਆਂ ਦਸਣ ਤੋਂ ਭੀ ਨਹੀਂ ਝਿਜਕਦਾ। ਜਦ ਭਾਈ ਮਰਦਾਨੇ ਨੇ ਮੁਗ਼ਲਾਂ ਦੇ ਹਥੋਂ ਹਿੰਦੁਸਤਾਨੀਆਂ ਨੂੰ ਹਾਰ ਖਾਂਦਿਆਂ ਦੇਖਿਆ ਤਾਂ ਪੁਛਣ ਲਗਾ, "ਗੁਰੂ ਜੀ! ਸਾਡੇ ਦੇਸ-ਵਾਸੀ ਇਤਨੀ ਗਿਣਤੀ ਦੇ ਹੁੰਦਿਆਂ ਕਿਉਂ ਹਾਰ ਗਏ?" ਇਹ ਸਵਾਲ ਸਾਡੇ ਇਤਿਹਾਸ ਵਿਚ ਕਈ ਵੇਰ ਪੁਛਿਆ ਗਿਆ, ਅਤੇ ਪੁਛਿਆ ਜਾਏਗਾ, ਪਰ ਇਸ ਦਾ ਉਤਰ ਵਖੋ ਵਖ ਲੋਕ ਕਈ ਤਰੀਕਿਆਂ ਨਾਲ ਦਿੰਦੇ ਹਨ। ਕਈ ਕਹਿੰਦੇ ਹਨ ਕਿ ਹਿੰਦ-ਵਾਸੀ ਨੇਕ ਸਨ, ਪਵਿੱਤਰ ਸਨ, ਪਰ ਜਥੇਬੰਦ ਨਹੀਂ ਸਨ, ਇਸ ਲਈ ਹਾਰ ਗਏ।

ー੭੭ー