ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰ ਦਾ ਨਲਕਾ

ਲੋਕਾਂ ਦੇ ਕੰਮ ਆਉਂਦਾ ਹਾਂ। ਮਜ਼ਹਬੀ ਝਗੜਿਆਂ ਝੇੜਿਆਂ ਤੋਂ ਦੂਰ ਰਹਿ ਕੇ ਮੈਂ ਹਰ ਇਕ ਦੀ ਸੇਵਾ ਲਈ ਮੱਥੇ ਵੱਟ ਪਾਉਣ ਤੋਂ ਬਿਨਾਂ ਹੀ ਤਿਆਰ ਬਰ ਤਿਆਰ ਰਹਿੰਦਾ ਹਾਂ।

ਹਰ ਰੁੱਤ ਵਿਚ ਮੇਰੀ ਦੁਕਾਨ ਖੁਲ੍ਹੀ ਰਹਿੰਦੀ ਹੈ। ਸੌਣਾ ਮੇਰੇ ਲਈ ਸੁਪਨਾ ਹੈ। ਪੁਰਾਣੇ ਸਮੇਂ ਦੇ ਰਿਸ਼ੀਆਂ ਮੁਨੀਆਂ ਵਾਂਗ ਇਕ ਲਤ ਦੇ ਭਾਰ ਆਪਣੇ ਕੰਮ ਵਿਚ ਅਥੱਕ ਤੇ ਸਚੇਤ ਖੜਾ ਰਹਿੰਦਾ ਹਾਂ। ਦਿਨੇ ਆਪਣੇ ਸਖ਼ੀ ਹਥਾਂ ਨਾਲ ਅੰਮ੍ਰਿਤ ਦੀ ਦਾਤ ਲੁਟਾਉਂਦਾ ਹਾਂ। ਰਾਤ ਨੂੰ ਭੁਲੇ ਭਟਕਿਆਂ ਲਈ ਰੋ ੨ ਕੇ ਪਰਮਾਤਮਾ ਦੀ ਦਰਗਾਹੇ ਬੇਨਤੀ ਕਰਦਾ ਹਾਂ, "ਹੇ ਸੱਚੇ ਮਾਲਕ! ਆਪਣੇ ਨਿਤਾਣੇ ਬੰਦੇ ਦੀ ਜਿਸ ਨੂੰ ਤੂੰ ਲੋਕਾਂ ਦੀ ਤੇਹ ਨੂੰ ਕੁਦਰਤੀ ਤਰੀਕੇ ਨਾਲ ਮਿਟਾਉਣ ਲਈ ਇਸ ਸੰਸਾਰ ਤੇ ਭੇਜਿਆ ਹੈ ਸੁਣ! ਉਨ੍ਹਾਂ ਨੂੰ ਕੌੜੇ ਪਾਣੀ ਦੇ ਪਿਆਲੇ ਭਰ ਭਰ ਪੀਣ ਤੋਂ ਹਟਾ।"

ਮੈਂ ਇਕ ਹੱਥ ਵਾਲਾ ਹਾਂ, ਪਰ ਮੇਰੀ ਬੇਨਤੀ ਧੁਰ ਦਰਗਾਹੇ ਅਪੜ ਕੇ ਕਬੂਲ ਪੈ ਜਾਂਦੀ ਹੈ। ਪਰਮਾਤਮਾ ਨੂੰ ਮੇਰੇ ਹੰਝੂ ਵੇਖ ਕੇ ਤਰਸ ਆਉਂਦਾ ਹੈ ਤੇ ਉਹ ਇਸ ਨਿਮਾਣੇ ਦੇ ਕੀਰਨਿਆਂ ਦੀ ਕਦਰ ਕਰਦਾ ਹੈ। ਸ਼ੋਕ! ਆਦਮੀ ਦੋ ਹੱਥਾਂ ਦਾ ਮਾਲਕ ਹੈ। ਜੇ ਇਹ ਦੋਵੇਂ ਹਥ ਜੋੜ ਕੇ ਬੇਨਤੀ ਕਰੇ ਤਾਂ ਕੀ ਉਹ ਕਬੂਲ ਨਾ ਹੋਵੇ? ਜ਼ਰੂਰ ਹੋਵੇਗੀ, ਪਰ ਓਦੋਂ ਜਦੋਂ ਇਸ ਦੇ ਪੱਲੇ ਵਿਚੋਂ ਸ਼ਰਾਬ ਦੀ ਬੋ ਦੀ ਥਾਂ ਹਲੀਮੀ ਤੇ ਅਧੀਨਗੀ ਦੀ ਖੁਸ਼ਬੋ ਆਏਗੀ। ਉਸ ਵੇਲੇ ਇਸ ਦੀ ਆਤਮਕ ਸ਼ਕਤੀ ਵੇਖ ਕੇ ਸਾਰੀ ਦੁਨੀਆਂ ਦੇ ਗੁਨਾਹ ਇਸ ਤੋਂ ਭਜ ਜਾਣਗੇ। ਇਹ ਤਦ ਹੀ ਹੋ ਸਕਦਾ ਹੈ ਜੇ ਇਹ ਹੋਸ਼ ਦੀ ਦਵਾਈ ਕਰਾਏ। ਮਾਫ ਕਰਨਾ, ਮੈਂ ਫਿਰ ਉਪਦੇਸ਼ ਵਿਚ ਵਹਿ ਤੁਰਿਆ ਹਾਂ। ਇਹ ਮੇਰੇ ਵਸ ਦੀ ਗਲ ਨਹੀਂ। ਮੈਨੂੰ ਮਨੁਖ ਦੀ ਹਾਲਤ ਉਤੇ ਤਰਸ ਆਉਂਦਾ ਹੈ।

ਪੁਲਸ ਦਾ ਸਿਪਾਹੀ, ਸਫਾਈ ਦਾ ਦਰੋਗਾ, ਨਗਰ ਸਭਾ ਦਾ ਮੈਂਬਰ, ਲੋਕਾਂ ਦੀ ਸਿਹਤ ਦਾ ਰਾਖਾ ਮੈਂ ਹੀ ਹਾਂ। ਜੇ ਕਮੇਟੀ ਦੀ ਚੋਣ

ー੮੩ー