ਪੰਨਾ:ਪੂਰਬ ਅਤੇ ਪੱਛਮ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੧੯੧

ਕਰੀਏ ਤੇ ਇਸ ਤੇ ਪਸਚਾਤਾਪ ਕਰਦੇ ਹੋਏ ਇਸ ਨੂੰ ਸੋਧ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।

ਸਾਡੀ ਸੁਸਾਇਟੀ ਵਿਚ ਜਾਤ ਪਾਤ ਦੁਆਰਾ ਪਈਆਂ ਵੰਡੀਆਂ ਹੁਣ ਤਕ ਸਾਡੀ ਸਮੁਚੀ ਉਨੱਤੀ ਦੇ ਰਾਹ ਵਿਚ ਰੋੜਾ ਬਣੀਆਂ ਰਹੀਆਂ ਹਨ। ਅਸੀਂ ਇਕ ਦੂਸਰੇ ਨਾਲ ਭਾਈ ਭਾਈ ਵਾਂਗ ਰਲਕੇ ਨਹੀਂ ਬੈਠ ਸਕੇ, ਮੁਲਕ ਦੀ ਆਰਥਕ ਪ੍ਰਫੁਲਤਾ ਵਿਚ ਅਸੀਂ ਉਸ ਪ੍ਰਕਾਰ ਦਾ ਮਿਲਵਰਤਣ ( Co-operation) ਨਹੀਂ ਦਿਖਾ ਸਕੇ ਜਿਸ ਦੀ ਇਸ ਲਈ ਲੋੜ ਸੀ, ਤੇ ਇਨ੍ਹਾਂ ਦਿਨਾਂ ਵਿਚ ਸਾਡੀ ਰਾਜਸੀ ਉਨਤੀ ਲਈ ਭੀ ਇਹ ਹਾਨੀ ਕਾਰਕ ਸਾਬਤ ਹੋ ਰਹੀ ਹੈ। ਪਿਛਲੀ ਸਦੀ ਦੇ ਅਧ ਤੋਂ ਅਰੰਭ ਹੋਈ ਆਵਾਜਾਈ ਦੇ ਵਸੀਲਿਆਂ ਵਿਚ ਹੋਈ ਉਨਤੀ, ਨਵੇਂ ਤ੍ਰੀਕੇ ਤੇ ਬਣੀਆਂ ਹੋਈਆਂ ਫੈਕਟਰੀਆਂ, ਹਸਪਤਾਲ, ਸਕੂਲਾਂ ਤੇ ਕਾਲਜਾਂ ਆਦਿ ਨੇ ਇਨ੍ਹਾਂ ਜਾਤੀਆਂ ਵਿਚਕਾਰ ਖੜੀਆਂ ਕੰਧਾਂ ਦੀਆਂ ਨੀਹਾਂ ਨੂੰ ਕਾਫੀ ਪੋਲਾ ਕਰ ਦਿਤਾ ਹੈ। ਪ੍ਰੰਤੂ ਫੇਰ ਭੀ ਦੇਸ਼ ਉੱਨਤੀ, ਦੇਸ਼ ਪਿਆਰ ਤੇ ਦੇਸ਼ ਦਰਦ ਦੀ ਕਣੀ ਰਖਣ ਵਾਲੇ ਹਰ ਇਕ ਸਜਣ ਦਾ ਫਰਜ਼ ਹੈ ਕਿ ਸੁਸਾਇਟੀ ਨੂੰ ਇਸ ਭੈੜੀ ਬੀਮਾਰੀ ਤੋਂ ਬਚਾਵੇ। ਜਾਤ ਪਾਤ ਦਾ ਭੇਦ ਮਿਟਾਉਣ ਨਾਲ ਹੀ ਸਾਡੀ ਆਰਥਕ, ਸਮਾਜਕ, ਰਾਜਸੀ ਤੇ ਧਾਰਮਕ ਉਨਤੀ ਹੋ ਸਕਦੀ ਹੈ ਅਤੇ ਅਸੀਂ ਦੁਨੀਆਂ ਦੇ ਇਸ ਕਲੰਕ ਤੋਂ ਬਚ ਸਕਦੇ ਹਾਂ ਕਿ ਅਸੀਂ ਆਪਣੇ ਅੰਮਾਂ ਜਾਏ ਵੀਰਾਂ ਨੂੰ ਆਦਮੀ ਹੀ ਨਹੀਂ ਸਮਝਦੇ।