ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਆਦਿਕਾ

ਪੰਜਾਬ ਦੇ ਪਾਣੀਆਂ ਵਿੱਚ ਮੁਹੱਬਤ ਮਿਸ਼ਰੀ ਵਾਂਗ ਘੁਲ਼ੀ ਹੋਈ ਹੈ। ਇਸ ਦੀ ਧਰਤੀ ਤੇ ਪ੍ਰਵਾਨ ਚੜ੍ਹੀਆਂ ਮੂੰਹ ਜ਼ੋਰ ਮੁਹੱਬਤਾਂ ਨੂੰ ਪੰਜਾਬੀਆਂ ਨੇ ਆਪਣੀ ਦਿਲ ਤਖ਼ਤੀ 'ਤੇ ਬਿਠਾਇਆ ਹੋਇਆ ਹੈ। ਪੰਜਾਬੀਆਂ ਦਾ ਖੁੱਲ੍ਹਾ-ਡੁੱਲ੍ਹਾ ਤੇ ਹਰ ਕਿਸੇ ਨਾਲ ਘੁਲ਼-ਮਿਲ਼ ਜਾਣ ਦਾ ਸੁਭਾਅ ਪਰਾਇਆਂ ਨੂੰ ਵੀ ਆਪਣਾ ਬਣਾ ਲੈਂਦਾ ਹੈ। ਜਦੋਂ ਦੋ ਦਿਲਾਂ ਦਾ ਮੇਲ ਹੁੰਦਾ ਹੈ ਨਾ ਕੋਈ ਦੇਸ਼, ਨਾ ਜਾਤ ਬਰਾਦਰੀ, ਨਾ ਧਰਮ ਤੇ ਨਾ ਹੀ ਭਾਸ਼ਾ ਕਿਸੇ ਪ੍ਰਕਾਰ ਦੀ ਅਟਕਾਰ ਪਾਉਂਦੀ ਹੈ। ਇਸ਼ਕ ਓਪਰਿਆਂ ਨੂੰ ਵੀ ਆਪਣਾ ਬਣਾ ਲੈਂਦਾ ਹੈ: ਬਲਖ ਬੁਖਾਰੇ ਤੋਂ ਵਿਓਪਾਰ ਕਰਨ ਆਇਆ ਅਮੀਰਜ਼ਾਦਾ ਇੱਜ਼ਤ ਬੇਗ ਗੁਜਰਾਤ ਦੇ ਘੁਮਾਰ ਤੁਲੇ ਦੀ ਧੀ ਸੋਹਣੀ ਨੂੰ ਦੇਖ ਉਸ 'ਤੇ ਫਿਦਾ ਹੋ ਜਾਂਦਾ ਹੈ ਤੇ ਸੋਹਣੀ ਉਸ ਨੂੰ ਮਹੀਂਵਾਲ ਦੇ ਰੂਪ ਵਿੱਚ ਅਪਣਾ ਲੈਂਦੀ ਹੈ। ਦੋਨੋਂ ਦੇਸ ਦਸਾਂਤਰਾਂ ਦੀਆਂ ਹੱਦਾਂ ਮਿਟਾ ਕੇ ਇਕ-ਦੂਜੇ ਤੋਂ ਜਿੰਦੜੀ ਘੋਲ ਘੁਮਾਉਂਦੇ ਹਨ। ਇੰਜ ਹੀ ਬਲੋਚਸਤਾਨ ਦੇ ਇਲਾਕੇ ਮਿਕਰਾਨ ਦਾ ਸ਼ਾਹਜ਼ਾਦਾ ਪੁੰਨੂੰ ਸਿੰਧ ਦੇ ਸ਼ਹਿਰ ਭੰਬੀਰ 'ਚ ਧੋਬੀਆਂ ਦੇ ਘਰ ਪਲੀ ਸੱਸੀ ਦੇ ਹੁਸਨ ਦੀ ਤਾਬ ਨਾ ਝਲਦਾ ਹੋਇਆ ਆਪਣਾ ਆਪ ਸੱਸੀ 'ਤੇ ਨਿਛਾਵਰ ਕਰ ਦਿੰਦਾ ਹੈ ਤੇ ਜਦੋਂ ਪੁੰਨੂੰ ਦੇ ਭਰਾ ਪੁੰਨੂੰ ਬਲੋਚ ਨੂੰ ਬੇਹੋਸ਼ ਕਰਕੇ ਆਪਣੇ ਨਾਲ ਲੈ ਤੁਰਦੇ ਹਨ ਤਾਂ ਉਹ ਉਹਦੇ ਵਿਯੋਗ ਵਿੱਚ ਥਲਾਂ ਵਿੱਚ ਭੁਜਦੀ ਹੋਈ ਆਪਣੀ ਜਾਨ ਕੁਰਬਾਨ ਕਰ ਦਿੰਦੀ ਹੈ। ਬਲੋਚ ਪੁੰਨੂ ਅਤੇ ਸੋਹਣੀ ਦਾ ਇਜ਼ਤ ਬੇਗ ਮਹੀਂਵਾਲ ਦੇ ਰੂਪ ਵਿੱਚ ਪੰਜਾਬੀ ਲੋਕ ਮਨਾਂ ਦੇ ਚੇਤਿਆਂ 'ਚ ਵਸੇ ਹੋਏ ਹਨ। ਪੰਜਾਬ ਦੇ ਕਣ-ਕਣ ਵਿੱਚ ਰਮੀਆਂ ਮੁਹੱਬਤੀ ਰੂਹਾਂ ਸੱਸੀ-ਪੁੰਨੂੰ, ਹੀਰ-ਰਾਂਝਾ, ਸੋਹਣੀ-ਮਹੀਂਵਾਲ, ਮਿਰਜ਼ਾ-ਸਾਹਿਬਾਂ ਤੇ ਕੀਮਾ ਮਲਕੀ ਆਦਿ ਅਜਿਹੀਆਂ ਹਰਮਨ ਪਿਆਰੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਦੀ ਛਾਪ ਪੰਜਾਬੀਆਂ ਦੇ ਮਨਾਂ ਉੱਤੇ ਉੱਕਰੀ ਹੋਈ ਹੈ। ਜਿਨ੍ਹਾਂ ਬਾਰੇ ਪੰਜਾਬ ਦੀ ਗੋਰੀ ਨੇ ਸੈਆਂ ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ। ਇਹ ਚਸ਼ਮੇ ਦੇ ਪਾਣੀ ਵਾਂਗ ਅੱਜ ਵੀ ਸੱਜਰੀਆਂ ਹਨ।

ਇਹ ਸਾਰੀਆਂ ਕਹਾਣੀਆਂ ਮੱਧ ਕਾਲ ਵਿੱਚ ਵਾਪਰਦੀਆਂ ਹਨ। ਪਹਿਲਾਂ ਇਹ ਲੋਕ ਮਾਨਸ ਦੇ ਚੇਤਿਆਂ 'ਚ ਸਾਂਭੀਆਂ ਹੋਈਆਂ ਸਨ। ਲੋਕ ਚੇਤਿਆਂ ਤੋਂ ਇਨ੍ਹਾਂ ਨੂੰ ਸੁਣ ਕੇ ਮੱਧ-ਕਾਲ ਦੇ ਕਿੱਸਾਕਾਰਾਂ ਨੇ ਇਨ੍ਹਾਂ ਨੂੰ ਆਪਣੇ ਕਿੱਸਿਆਂ ਵਿੱਚ ਰੂਪਮਾਨ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਇਹ ਕਿੱਸੇ ਉਪਲਬਧ ਹਨ। ਵਾਰਿਸ ਦੀ ਹੀਰ, ਪੀਲੂ ਦਾ ਮਿਰਜ਼ਾ, ਫ਼ਜ਼ਲ ਸ਼ਾਹ ਦੀ ਸੋਹਣੀ ਅਤੇ ਹਾਸ਼ਮ ਦੀ ਸੱਸੀ ਪੰਜਾਬੀ

ਪੰਜਾਬ ਦੇ ਲੋਕ ਨਾਇਕ/5