ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੧੩.

ਓਸ ਥੀਂ ਪਿੱਛੇ ਦੋ ਸਾਲ ਥੀਂ ਜ਼ਿਆਦਾ ਅਰਸੇ ਲਈ ਨਿਖਲੀਊਧਵ ਮੁੜ ਕਾਤੂਸ਼ਾ ਨੂੰ ਨਹੀਂ ਸੀ ਮਿਲਿਆ। ਜਦ ਫਿਰ ਓਹਨੂੰ ਮਿਲਿਆ ਤਦ ਓਹ ਫੌਜ ਵਿੱਚ ਸ਼ਾਹੀ ਕਮਿਸ਼ਨ ਪਾ ਚੁਕਾ ਸੀ ਤੇ ਆਪਣੀ ਰਜਮਿੰਟ ਵਿੱਚ ਨੌਕਰੀ ਉੱਪਰ ਹਾਜ਼ਰ ਹੋਣ ਲਈ ਜਾ ਰਹਿਆ ਸੀ । ਓਥੇ ਜਾਂਦਿਆਂ ਰਾਹ ਵਿੱਚ ਕੁਛ ਦਿਨ ਆਪਣੀਆਂ ਫੁਫੀਆਂ ਪਾਸ ਰਹਿਣ ਤੇ ਉਨ੍ਹਾਂ ਨੂੰ ਮਿਲਣ ਆ ਗਇਆ ਸੀ। ਪਰ ਹੁਣ ਓਹ ਨਹੀਂ ਸੀ ਜਿਹੜਾ ਤ੍ਰੈ ਸਾਲ ਪਹਿਲਾਂ ਸੀ, ਓਹ ਵਿਦਿਆਰਥੀ ਜਿਹੜਾ ਆਪਣੀਆਂ ਹੁਨਾਲ ਦੀਆਂ ਛੁੱਟੀਆਂ ਗੁਜਾਰਨ ਆਇਆ ਸੀ । ਓਸ ਵੇਲੇ ਤਾਂ ਓਹ ਇਕ ਪਾਕ, ਸੁੱਚਾ, ਉੱਚਾ, ਖੁਦੀ ਥੀਂ ਅਣਜਾਣ ਲੜਕਾ ਸੀ ਜਿਹਦਾ ਦਿਲ ਕਿਸੀ ਚੰਗੇ ਧਰਮ ਦੇ ਕੰਮ ਲਈ ਕੁਰਬਾਨੀ ਕਰਨ ਨੂੰ ਲੋਚਦਾ ਸੀ । ਤੇ ਹੁਣ ਓਹ ਇਕ ਗਿਰਿਆ ਹੋਇਆ, ਪਰ ਮਾਂਝਿਆ ਹੋਇਆ, ਅਹੰਕਾਰੀ, ਖੁਦਗਰਜ਼ ਆਦਮੀ ਸੀ ਜਿਹਨੂੰ ਆਪਣੀ ਖੁਸ਼ੀ ਦੀ ਖ਼ਾਤਰ ਭੋਗ ਬਿਲਾਸ ਥੀਂ ਛੁਟ ਹੋਰ ਕਿਸੀ ਗੱਲ ਦੀ ਪ੍ਰਵਾਹ ਨਹੀਂ ਰਹੀ ਹੋਈ ਸੀ । ਤਦੋਂ ਤਾਂ ਓਹਨੂੰ ਰੱਬ ਦੀ ਦੁਨੀਆਂ ਇਕ ਅਚੰਭਾ ਜੇਹਾ ਇਕ ਲੁਕਵਾਂ ਭੇਤ ਜੇਹਾ ਦਿੱਸਦੀ ਸੀ ਜਿਹਦੀ ਸਮਝ ਲਈ ਓਹ ਆਪਣਾ ਤ੍ਰਾਣ ਲਾਉਂਦਾ ਸੀ, ਤੇ ਹੁਣ ਉਹਨੂੰ ਜ਼ਿੰਦਗੀ ਦੀ ਹਰ ਇਕ ਗੱਲ ਸਾਫ ਤੇ ਸਿੱਧੀ ਦਿੱਸ ਰਹੀ ਸੀ । ਜੇਹੀ ਕੇਹੀ ਇੰਦੀਆਂ ਦੀ ਉਕਸਾਵਟ ਦੀ