ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/525

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਸਲੋਵਾ ਆਪਣੇ ਦੋਵੇਂ ਗੁਟਕਣੇ ਜੇਹੇ ਹੱਥ ਪੱਕੇ ਜੇੜਕੇ ਤੇ ਆਪਣੀਆਂ ਅਖਾਂ ਨੀਵੀਆਂ ਸੁਟਕੇ ਮੁੜ ਬੈਠ ਗਈ । ਨਿਖਲੀਊਧਵ ਇਹ ਨ ਸਮਝਕੇ ਕਿ ਕੀ ਕਰੇ, ਉਸ ਉਪਰ ਝੁਕ ਗਇਆ ।

"ਤੂੰ ਮੇਰੀ ਗਲ ਵਿਚ ਯਕੀਨ ਨਹੀਂ ਕਰਦੀ?" ਓਸ ਕਹਿਆ ।

"ਕੀ ਤੇਰਾ ਮਤਲਬ ਹੈ ਕਿ ਮੇਰੇ ਨਾਲ ਵਿਆਹ ਕਰਾਂ ? ਇਹ ਕਦਾਚਿੱਤ ਨਹੀਂ ਹੋਣਾ———ਮੈਂ ਆਪਣੇ ਆਪ ਨੂੰ ਫਾਹੇ ਲਾਕੇ ਮਾਰ ਦਿਆਂਗੀ———ਬੱਸ ਇਹ !"

"ਪਰ ਮੈਂ ਫਿਰ ਵੀ ਤੇਰੀ ਸੇਵਾ ਹੀ ਕਰਦਾ ਰਹਾਂਗਾ ।"

"ਇਹ ਤੇਰਾ ਆਪਣਾ ਮਾਮਲਾ ਹੈ———ਮੈਨੂੰ ਤੇਰੇ ਪਾਸੋਂ ਕੁਛ ਨਹੀਂ ਚਾਹੀਏ, ਇਹ ਪਧਰਾ ਸਚ ਈ," ਤਾਂ ਉਸ ਲਗਦੇ ਹੀ ਕਹਿਆ ਤੇ ਬੜੀ ਦਰਦਨਾਕ ਤਰਾਂ ਰੋਣ ਲਗ ਪਈ ।

ਨਿਖਲੀਊਧਵ ਬੋਲ ਨਾ ਸਕਿਆ, ਉਹਦੇ ਅੱਥਰੂਆਂ ਨੇ ਉਹਦੇ ਉਪਰ ਅਸਰ ਕੀਤਾ । ਮਸਲੋਵਾ ਨੇ ਆਪਣੀਆਂ ਅੱਖਾਂ ਉਪਰ ਕੀਤੀਆਂ, ਅਚਰਜ ਹੋ ਉਹਦੇ ਵਲ ਵੇਖਿਆ ਤੇ ਰੁਮਾਲ ਨਾਲ ਆਪਣੇ ਅੱਥਰੂ ਪੂੰਝਣ ਲਗ ਪਈ।

ਜੇਲਰ ਮੁੜ ਆਇਆ ਤੇ ਉਸ ਚਿਤਾਵਨੀ ਕਰਾਈ ਕਿ ਵਕਤ ਹੋ ਗਇਆ ਹੈ ਤੇ ਹੁਣ ਜਾਣਾ ਚਾਹੀਏ———ਮਸਲੋਵਾ ਉਠ ਖੜੀ ਹੋਈ ।

੪੯੧