ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸੀ ਲੱਗਦਾ ਜਿੰਨੀ ਇਹ ਗੱਲ ਕਿ ਸ਼ਰਾਬ ਪੀ ਕੇ ਓਹ ਆਪਣਾ ਦੁਖ ਭੁਲ ਜਾਣ ਦਾ ਸਮਾ ਲੱਭਣਾ ਚਾਹੁੰਦੀ ਸੀ, ਤੇ ਇਹ ਕਿ ਸ਼ਰਾਬ ਪੀ ਕੇ ਓਹ ਕੁਛ ਖੁਲ੍ਹ ਜੇਹੀ ਜਾਂਦੀ ਸੀ ਤੇ ਆਪਣੇ ਆਪ ਵਿਚ ਮਸਤ ਹੁੰਦੀ ਸੀ ਤੇ ਸਮਝਦੀ ਸੀ ਕਿ ਮੈਂ ਵੀ ਕੋਈ ਕੀਮਤੀ ਚੀਜ਼ ਹਾਂ। ਤੇ ਜਦ ਓਸ ਸ਼ਰਾਬ ਨਹੀਂ ਸੀ ਪੀਤੀ ਹੁੰਦੀ ਤਾਂ ਉਹ ਇਹ ਹੁਲਾਰਾ ਨਹੀਂ ਸੀ ਖਾ ਸਕਦੀ। ਕੁਝ ਨਿਮੋਝੂਣ, ਉਦਾਸ ਤੇ ਸ਼ਰਮਸਾਰ ਹਾਲਤ ਵਿਚ ਮੋਈ ਮਾਰੀ ਜੇਹੀ ਹੁੰਦੀ ਸੀ, ਓਹ ਫੱਫੇਕੁੱਟਣ ਕਾਤੂਸ਼ਾ ਨੂੰ ਖਾਣ ਦੀਆਂ ਚੀਜ਼ਾਂ ਲਿਆ ਕੇ ਦੇਂਦੀ ਰਹਿੰਦੀ ਸੀ ਤੇ ਕਾਤੂਸ਼ਾ ਆਪਣੀ ਭੂਆ ਨਾਲ ਵੰਡ ਕੇ ਖਾਂਦੀ ਸੀ। ਨਾਲੇ ਓਹ ਓਹਨੂੰ ਸ਼ਰਾਬ ਲਿਆ ਕੇ ਦਿੰਦੀ ਸੀ ਤੇ ਜਦ ਕਾਤੂਸ਼ਾ ਥੋੜੀ ਪੀ ਲੈਂਦੀ ਸੀ ਤਦ ਓਹ ਫੱਫੇਕੁੱਟਣ ਓਹਨੂੰ ਪੱਟੀ ਪੜ੍ਹਾਂਦੀ ਸੀ ਕਿ ਸ਼ਹਿਰ ਦੇ ਇਕ ਸਬ ਥੀਂ ਵੱਡੀ ਸ਼ਾਨਦਾਰ ਥਾਂ ਤੇ ਓਹ ਓਹਨੂੰ ਚੰਗੀ ਨੌਕਰੀ ਲੈ ਦੇਵੇਗੀ, ਤੇ ਨਾਲੇ ਦੱਸਦੀ ਸੀ ਕਿ ਓਸ ਨੌਕਰੀ ਵਿਚ ਕਿੰਨੇ ਫਾਇਦੇ ਤੇ ਸੁਖ ਹੁੰਦੇ ਨੇ। ਹੁਣ ਕਾਤੂਸ਼ਾ ਦੇ ਸਾਹਮਣੇ ਦੋ ਚੀਜ਼ਾਂ ਸਨ, ਯਾ ਤਾਂ ਮੁੜ ਕਿਸੀ ਘਰ ਦੀ ਜਾ ਕੇ ਨੌਕਰਾਨੀ ਬਣੇ ਤੇ ਮੁੜ ਓਹੋ ਹੀ ਬਦਸਲੂਕੀਆਂ, ਗਾਲਾਂ, ਮਾਰਾਂ, ਤੇ ਮਰਦਾਂ ਦੀਆਂ ਨਿਤ ਨਵੀਆਂ ਯਾਰੀਆਂ ਤੇ ਛੇੜ ਖਾਨੀਆਂ ਦੀਆਂ ਤੰਗੀਆਂ ਸਹੇ ਤੇ ਕਦੀ ਕਦੀ ਉਨ੍ਹਾਂ ਦੇ ਕਾਬੂ ਆ ਕੇ ਛੁਪੇ ਲੁਕੇ ਆਪਣਾ ਸ਼ਰੀਰ ਉਨ੍ਹਾਂ ਅਗੇ ਧਰੇ, ਯਾ ਓਹ ਸਿੱਧੀ ਐਸੀ ਥਾਂ ਤੇ ਹੀ ਚਲੀ ਜਾਵੇ ਜਿਥੇ ਉਸੀ ਖਰਾਬੀ ਦੀ ਇਕ ਉੱਘੀ ਸੁਖੱਲੀ ਨੌਕਰੀ

੨੨