ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਆਖਿਆ ਕਿ ਸੁੰਦਰੀ ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਦੇ ਘਰ ਲੈ ਜਾਣ। ਪਰੰਤੂ ਉਹ ਨਾ ਮੰਨੇ। ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾਂ ਵਿਆਹ ਤੋਂ ਕੁੜੀਆਂ ਆਣੇ ਘਰ ਲੈ ਜਾਣ ਲਈ ਰਾਜ਼ੀ ਨਾ ਹੋਏ। ਬਾਹਮਣ ਪਾਸ ਉਸ ਸਮੇਂ ਦੋ ਕੱਠੇ ਵਿਆਹ ਕਰਨ ਦੀ ਪਰੋਖੋਂ ਨਹੀਂ ਸੀ। ਉਹ ਨਿਰਾਸ਼ ਹੋਇਆ ਘਰ ਨੂੰ ਮੁੜ ਗਿਆ। ਰਾਹ ਵਿੱਚ ਜੰਗਲ ਪੈਂਦਾ ਸੀ ਜਿੱਥੇ ਦੁੱਲਾ ਭੱਟੀ ਨਾਂ ਦਾ ਇੱਕ ਡਾਕੂ ਰਹਿੰਦਾ ਸੀ। ਇਸ ਡਾਕੂ ਤੋਂ ਸਾਰੇ ਡਰਦੇ ਸਨ। ਦੁੱਲਾ ਭੱਟੀ ਗ਼ਰੀਬਾਂ ਦਾ ਬੜਾ ਹਮਦਰਦ ਸੀ, ਉਹ ਗਰੀਬਾਂ ਨੂੰ ਕੁਝ ਨਹੀਂ ਸੀ ਆਖਦਾ, ਅਮੀਰਾਂ ਨੂੰ ਲੁਟਦਾ ਸੀ ਤੇ ਲੁਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦੇਂਦਾ ਸੀ। ਉਸ ਬ੍ਰਾਹਮਣ ਨੂੰ ਜੰਗਲ ਵਿੱਚ ਆ ਕੇ ਦੁੱਲੇ ਭੱਟੀ ਦਾ ਖ਼ਿਆਲ ਆ ਗਿਆ। ਉਹ ਦੁੱਲੇ ਦੀ ਭਾਲ ਕਰਦਾ ਹੋਇਆ ਦੁੱਲੇ ਪਾਸ ਪੁਜ ਗਿਆ ਤੇ ਆਪਣੀ ਵੇਦਨਾ ਉਹਨੂੰ ਜਾ ਸੁਣਾਈ। ਦੁੱਲੇ ਨੇ ਆਖਿਆ, “ਤੂੰ ਕੋਈ ਫ਼ਿਕਰ ਨਾ ਕਰ, ਤੇਰੀਆਂ ਧੀਆਂ ਮੇਰੀਆਂ ਧੀਆਂ ਹਨ। ਮੈਂ ਉਹਨਾਂ ਦਾ ਵਿਆਹ ਆਪਣੇ ਹੱਥੀਂ ਆਪ ਕਰਾਂਗਾ-ਤੂੰ ਨਿਸਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾਹ।””

ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰਿਆਂ ਦਾ ਥਹੁ ਪਤਾ ਪੁਛ ਕੇ ਵਿਆਹ ਦਾ ਦਿਨ ਧਰ ਦਿੱਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੋਸ਼ਨੀ ਲਈ ਲੱਕੜੀਆਂ ਕੱਠੀਆਂ ਕਰਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਹਨਾਂ ਨੇ ਵੀ ਸੁੰਦਰ ਮੁੰਦਰੀ ਦੇ ਵਿਆਹ ਤੇ ਆਪਣੇ ਵਲੋਂ ਕੁਝ ਨਾ ਕੁਝ ਗੁੜ ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆਦਾਨ ਦੇਣ ਲਈ ਇਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਟੂਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲਖ ਲਖ ਸ਼ੁਕਰ ਕੀਤਾ। ਕਿਹਾ ਜਾਂਦਾ, ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।

ਲੋਹੜੀ ਦੇ ਤਿਉਹਾਰ ਨਾਲ ਮਨੁੱਖ ਦੀ ਆਪਣੀ ਵੰਸ ਨੂੰ ਚਾਲੂ ਰੱਖਣ ਦੀ ਭਾਵਨਾ ਜੁੜੀ ਹੋਈ ਹੈ। ਇਹ ਤਿਉਹਾਰ ਨਵੇਂ ਵਿਆਹੇ ਜੋੜਿਆਂ ਅਤੇ ਨਵ ਜਨਮੇਂ ਮੁੰਡਿਆਂ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਮੁੰਡਾ ਕਿਸੇ ਕਿਸਾਨ ਦੇ ਘਰ ਜਨਮੇ ਜਾਂ ਕਿਸੇ ਕਾਮੇ ਦੇ ਘਰ, ਖ਼ੁਸ਼ੀ ਸਾਰੇ ਪਿੰਡ ਲਈ ਸਾਂਝੀ ਹੁੰਦੀ ਹੈ। ਇਸ ਦਿਨ ਸਾਰੇ ਰਲ ਕੇ ਨਵ ਜਨਮੇ ਮੁੰਡੇ ਦੇ ਘਰੋਂ ਵਧਾਈਆਂ ਦਾ ਗੁੜ ਮੰਗ ਕੇ ਲਿਆਉਂਦੇ ਹਨ। ਲੋਹੜੀ ਮੰਗਦੇ ਸਮੇਂ ਕਾਮਨਾ ਕੀਤੀ ਜਾਂਦੀ ਹੈ:

ਉਖਲੀ ’ਚ ਪਰਾਲੀ
ਤੇਰੇ ਆਉਣ ਬਹੂਆਂ ਚਾਲੀ