ਨਿਕਲਿਆ ਬਾਂਕਾ ਸੂਰਮਾ ਸੁੱਚਾ,
ਪਿੰਡ ਵਿੱਚ ਨਹੀਂ ਕੋਈ ਸਾਨੀਂ
ਹੱਥ ਵਿੱਚ ਖੁੱਡਾ ਮਾਝੇ ਵਾਲਾ,
ਦਿੱਸੇ ਬੜਾ ਸੁਹਾਨੀ
ਸੁੱਚੇ ਸੂਰਮੇ ਦੀ,
ਕਰਾਂ ਕੀ ਸਿਫ਼ਤ ਜ਼ਬਾਨੀ।
(ਗੁਰਮੁਖ ਸਿੰਘ ਬੇਦੀ)
ਸਮਾਂਹ ਵਿੱਚ ਘੁੱਕਰ ਨਾਂ ਦਾ ਵੈਲੀ ਪਹਿਲਵਾਨ ਸੀ ਜਿਸ ਦੀ ਸੁੱਚੇ ਨਾਲ ਦੋਸਤੀ ਹੋ ਗਈ। ਦੋਨੋਂ ਇਕੱਠੇ ਕਸਰਤ ਕਰਦੇ, ਘੋਲ ਘੁਲਦੇ। ਘੁੱਕਰ ਨੇ ਸੁੱਚੇ ਨੂੰ ਆਪਣਾ ਪਗ-ਵੱਟ ਭਰਾ ਬਣਾ ਲਿਆ। ਉਹ ਅਕਸਰ ਸੁੱਚੇ ਦੇ ਘਰ ਆਉਣ ਲੱਗਾ। ਸੁੱਚੇ ਦੇ ਵੱਡੇ ਭਰਾ ਨਰੈਣੇ ਦੀ ਭਰ ਜੋਬਨ ਮੁਟਿਆਰ ਵਹੁਟੀ ਬੀਰੋ ਦੀ ਮਸ਼ਾਲ ਵਾਂਗ ਲਟ ਲਟ ਬਲਦੀ ਅੱਖ ਜਦੋਂ ਘੁੱਕਰ ਨਾਲ ਲੜੀ ਤਾਂ ਉਹ ਵਿਲ੍ਹਿਆਂ ਗਿਆ। ਬੀਰੇ ਨੂੰ ਪਾਉਣ ਲਈ ਉਹ ਬਿਉਂਤਾਂ ਬਨਾਉਣ ਲੱਗਾ। ਉਸ ਦਾ ਮਨ ਬੇਈਮਾਨ ਹੋ ਗਿਆ। ਉਸ ਦੇ ਲਈ ਸੁੱਚਾ ਰਾਹ ਦਾ ਰੋੜਾ ਬਣਿਆ ਖਲੋਤਾ ਸੀ। ਰੋੜਾ ਕਿਵੇਂ ਦੂਰ ਹੋਵੇ... ਮੰਦਵਾੜੇ ਦੇ ਦਿਨ ਸਨ, ਘੁੱਕਰ ਸੁੱਚੇ ਨੂੰ ਵਰਗਲਾ ਕੇ ਫੌਜ ਵਿੱਚ ਭਰਤੀ ਹੋਣ ਲਈ ਫਿਰੋਜ਼ਪੁਰ ਛਾਉਣੀ ਲੈ ਵੜਿਆ। ਸੁੱਚਾ ਤਾਂ ਭਰਤੀ ਹੋ ਗਿਆ ਪਰੰਤੁ ਘੁੱਕਰ ਬਹਾਨਾ ਘੜ ਕੇ ਵਾਪਸ ਪਿੰਡ ਆ ਗਿਆ।
ਧੋਖਾ ਕਰਿਆ ਮੱਲ ਨੇ ਸੁੱਚੇ ਦੇ ਨਾਲ ਜੀ
ਦੇ ਕੇ ਦੁਲਾਸਾ ਪਹਿਲਾਂ ਲੈ ਗਿਆ ਨਾਲ ਜੀ
ਕਿੱਡਾ ਦਗਾ ਕੀਤਾ ਨਾਲ ਪਾਜੀ ਯਾਰ ਦੇ
ਨੌਕਰ ਕਰਾਤਾ ਪਿੱਛੇ ਬੀਰੋ ਨਾਰ ਦੇ
(ਰੀਠਾ ਦੀਨ)
ਓਧਰ ਸੁੱਚਾ ਫੌਜ ਵਿੱਚ ਭਰਤੀ ਹੋ ਕੇ ਦੂਰ ਚਲਿਆ ਗਿਆ। ਏਧਰ ਘੁੱਕਰ ਨੇ ਅਤਿ ਚੁੱਕ ਲਈ। ਉਸ ਦੇ ਵੈਲਪੁਣੇ ਕਾਰਨ ਪਿੰਡ ਵਿੱਚ ਉਹਦੇ ਸਾਹਮਣੇ ਕੋਈ ਕੁਸਕਦਾ ਨਹੀਂ ਸੀ। ਉਹਨੇ ਨਰੈਣੇ ਦੀ ਪ੍ਰਵਾਹ ਨਾ ਕਰਦਿਆਂ ਬੀਰੋ ਨੂੰ ਅਜਿਹਾ ਫੁਸਲਾਇਆ ਕਿ ਉਹ ਸ਼ਰੇਆਮ ਘੁੱਕਰ ਦੇ ਘਰ ਆਉਣ ਜਾਣ ਲੱਗੀ। ਸਾਰੇ ਪਿੰਡ ਵਿੱਚ ਤੋਏ-ਤੋਏ ਹੋ ਰਹੀ ਸੀ। ਨਰੈਣੇ ਨੇ ਘੁੱਕਰ ਦੇ ਲੱਖ ਵਾਸਤੇ ਪਾਏ, ਸੁੱਚੇ ਦੀ ਵਟਾਈ ਪੱਗ ਦੀ ਲਾਜ ਪਾਲਣ ਲਈ ਆਖਿਆ। ਉਹਨੇ ਬੀਰੋ ਨੂੰ ਵੀ ਵੱਖ ਸਮਝਾਇਆ, ਘੁਰਿਆ-ਘਪਿਆ ਪਰ ਹੰਕਾਰਿਆ ਘੁੱਕਰ ਸਗੋਂ ਹੋਰ ਮਸਤ ਗਿਆ:
ਆਖਦਾ ਘੁੱਕਰ ਮੇਰੀ ਸੁਣੇ ਗੱਲ ਜੋ,
ਬੋਲਿਆ ਜਾਂ ਇਹਨੂੰ ਤੇਰੀ ਲਾਹਦੈ ਖੱਲ ਜੋ,
ਤੂੰ ਕੀ ਦੱਸ ਲਗਦਾ ਹੈਂ ਬੀਰੋ ਨਾਰ ਦਾ
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 163