ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਇਮੀ ਨੇ, ਉਪ੍ਰੋਕਤ ਸਾਰੀਆਂ ਗੱਲਾਂ ਨਾਲ ਮਿਲ ਕੇ ਸਾਡੇ ਸਮਾਜ ਅਤੇ ਸਾਡੀ ਸੋਚਣੀ ਨੂੰ ਜੜ੍ਹੋਂ ਹਲੂਣ ਦਿੱਤਾ।

ਸਾਡੀ ਸੋਚਣੀ ਅਤੇ ਸਭਿਆਚਾਰ ਵਿਚਲੇ ਹੋਰ ਬਹੁਤ ਸਾਰੇ ਅੰਸ਼ ਅੰਗਰੇਜ਼ੀ ਰਾਹੀਂ ਸਾਡੇ ਤੱਕ ਪੁੱਜੇ ਹਨ। ਫ਼ਰਾਂਸੀਸੀ ਪ੍ਰਬੁੱਧਕਾਰੀਆਂ ਅਤੇ ਵੀਹਵੀਂ ਸਦੀ ਵਿਚ ਫ਼ਰਾਂਸੀਸੀ ਅਸਤਿਤ੍ਵਵਾਦੀਆਂ ਦਾ ਪ੍ਰਭਾਵ, ਜਰਮਨੀ ਦੇ ਮਾਰਕਸ ਅਤੇ ਏਗਲਜ਼ ਦਾ, ਗੇਟੇ ਅਤੇ ਬਰੈਖ਼ਤ ਦਾ, ਰੂਸ ਦੇ ਟਾਲਸਟਾਏ, ਦਸਤਯੋਵਸਕੀ, ਗੋਰਕੀ, ਲੈਨਿਨ ਦਾ, ਨਾਰਵੇ ਦੇ ਇਬਸਨ, ਆਇਰਲੈਂਡ ਦੇ ਬਰਨਾਰਡ ਸ਼ਾਅ ਦਾ ਅਤੇ ਹੋਰ ਕਈ ਪ੍ਰਭਾਵ ਅੰਗਰੇਜ਼ੀ ਰਾਹੀਂ ਹੀ ਸਾਡੇ ਤੱਕ ਪੁੱਜੇ ਹਨ। ਪੰਜਾਬੀ ਚਿਤ੍ਰਕਲਾ ਦਾ ਵਿਅਕਤੀਗਤ ਅਤੇ ਸੰਸਥਾਈ ਰੂਪ ਵਿਚ ਵਿਕਾਸ ਅੰਗਰੇਜ਼ੀ ਅਸਰ ਹੇਠ ਹੀ ਹੋਇਆ ਹੈ। ਸਾਡੇ ਲਿਬਾਸ ਖਾਣ-ਪੀਣ ਦੀ ਸਾਮਿਗਰੀ ਅਤੇ ਢੰਗ, ਰਹਿਣ-ਰਹਿਣ ਦੇ ਢੰਗ-ਤਰੀਕਿਆਂ, ਸਮਾਜਕ ਵਰਤਵਿਹਾਰ - ਸਭ ਨੂੰ ਅੰਗਰੇਜ਼ੀ ਸੰਪਰਕ ਨੇ ਕੁਝ ਨਾ ਕੁਝ ਨਵਾਂ ਦਿੱਤਾ ਹੈ।

ਅੱਜ ਸਭਿਆਚਾਰੀਕਰਨ ਦਾ ਅਮਲ ਹੋਰ ਵੀ ਵਿਸ਼ਾਲ ਅਤੇ ਸੰਸਾਰ-ਵਿਆਪੀ ਹੋ ਗਿਆ ਹੈ। ਖ਼ਾਸ ਕਰਕੇ ਟੈਲੀਵੀਯਨ ਦੇ ਆਉਣ ਤੋਂ ਮਗਰੋਂ। ਅੱਜ ਅਸੀਂ ਐਸੇ ਸਭਿਆਚਾਰਾਂ ਦੇ ਕਈ ਅੰਸ਼ ਗ੍ਰਹਿਣ ਕਰ ਰਹੇ ਹਾਂ, ਜਿਨ੍ਹਾਂ ਨਾਲ ਸਾਡਾ ਸਿੱਧਾ ਵਾਹ ਨਹੀਂ। ਇਹਨਾਂ ਵਿਚ ਉੱਨਤ ਸਭਿਆਚਾਰਾਂ ਤੋਂ ਇਲਾਵਾ ਵਿਕਾਸ ਕਰ ਰਹੇ ਨਵ-ਉਮਰ ਕੰਮਾਂ ਦੇ ਸਭਿਆਚਾਰਾਂ ਦੇ ਅੰਸ਼ ਵੀ ਸ਼ਾਮਲ ਹਨ। ਇਸੇ ਲਈ ਅੱਜ ਦੇ ਜ਼ਮਾਨੇ ਵਿਚ ਆਪਣੇ ਸਭਿਆਚਾਰ ਦੀ ਵਿਸ਼ੇਸ਼ ਸੰਰਚਨਾ ਬਾਰੇ ਚੇਤੰਤਨਾ ਬਹੁਤ ਜ਼ਰੂਰੀ ਹੈ, ਤਾਂ ਕਿ ਬਾਹਰੋਂ ਮਿਲਦੇ ਅੰਸ਼ ਅਸੀਂ ਆਪਣੇ ਸਭਿਆਚਾਰ ਦੀ ਸੰਰਚਨਾ ਦੇ ਮੁਤਾਬਕ ਢਾਲ ਕੇ ਅਪਣਾ ਸਕੀਏ। ਨਹੀਂ ਤਾਂ ਨਵੇਂ ਸੰਪਰਕਾਂ ਅਤੇ ਇਹਨਾਂ ਤੋਂ ਆਉਂਦੇ ਨਵੇਂ ਅੰਸ਼ਾ ਦੇ ਰੋੜ ਵਿਚ ਆਪਣੀ ਸਭਿਆਚਾਰਕ ਪਛਾਣ ਦਾ ਪੱਲਾ ਛੁੱਟਣ ਦਾ ਪੂਰਾ ਖ਼ਤਰਾ ਹੋ ਸਕਦਾ ਹੈ।

127