ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣੇ ਕੋਈ ਕਦਮ ਪੁੱਟ ਕੇ ਹੀ ਇਸ ਦੀ ਤਬਾਹੀ ਤੋਂ ਬਚ ਸਕਦੇ ਹਾਂ। ਵਾਤਾਵਰਣ ਬਾਰੇ ਪੈਰਿਸ ਸਮਝੌਤੇ ਤੋਂ ਪਿੱਛੇ ਹਟ ਕੇ ਟਰੰਪ ਸਾਡੀ ਸੁੰਦਰ ਧਰਤੀ, ਕੁਦਰਤੀ ਸੰਸਾਰ ਅਤੇ ਸਾਡੇ ਬੱਚਿਆਂ ਲਈ ਬਹੁਤ ਵੱਡਾ ਖਤਰਾ ਖੜ੍ਹਾ ਕਰ ਰਿਹਾ ਹੈ।

ਵਿਗਿਆਨਕ ਸੋਚ 'ਤੇ ਖਰਾ ਉਤਰਣ ਵਾਲਾ ਸਟੀਫ਼ਨ ਹਾਕਿੰਗ ਆਪਣੀਆਂ ਮੁਲਾਕਾਤਾਂ ਵਿੱਚ ਧਰਮ ਅਤੇ ਰੱਬ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕਰਦਾ ਰਿਹਾ। ਉਹ ਕਹਿੰਦਾ ਹੈ “ਮੈਂ ਧਾਰਮਿਕ ਨਹੀਂ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਸੰਸਾਰ ਵਿਗਿਆਨ ਦੇ ਨਿਯਮਾਂ ਅਨੁਸਾਰ ਹੀ ਚਲਦਾ ਹੈ। ਜਦ ਵਿਗਿਆਨ ਵਿਕਸਿਤ ਨਹੀਂ ਸੀ ਤਾਂ ਇਹ ਮੰਨਣਾ ਸੁਭਾਵਿਕ ਹੀ ਸੀ ਕਿ ਦੁਨੀਆ ਨੂੰ ਰੱਬ ਨੇ ਬਣਾਇਆ। ਪਰ ਹੁਣ ਵਿਗਿਆਨ ਨੇ ਇਸ ਬਾਰੇ ਤਸੱਲੀਬਖਸ਼ ਵਿਆਖਿਆ ਦੇ ਦਿੱਤੀ ਹੈ। ਨਾ ਹੀ ਕਿਸੇ ਨੇ ਇਸ ਦੁਨੀਆ ਨੂੰ ਬਣਾਇਆ ਹੈ ਅਤੇ ਨਾ ਹੀ ਕੋਈ ਸਾਡੀਆਂ ਜ਼ਿੰਦਗੀਆਂ ਨੂੰ ਕੰਟਰੋਲ ਕਰ ਰਿਹਾ ਹੈ। ਕਿਸੇ ਸਵਰਗ ਨਰਕ ਜਾਂ ਮੌਤ ਬਾਅਦ ਜੀਵਨ ਦੀ ਕੋਈ ਹੋਂਦ ਨਹੀਂ ਹੈ। ਇਸ ਲਈ ਮੈਂ ਨਾਸਤਿਕ ਹਾਂ।”

ਉਸ ਦੇ 74ਵੇਂ ਜਨਮਦਿਨ ਉਪਰੰਤ ਉਸ ਦੀ ਬੇਟੀ ਲੂਸੀ ਹਾਕਿੰਗ ਨੇ ਲੰਡਨ ਦੇ ਰਾਇਲ ਇੰਸਟੀਚਿਊਟ ਵਿਖੇ ਸਟੀਫ਼ਨ ਹਾਕਿੰਗ ਦੇ ਜੀਵਨ ਬਾਰੇ ਬੋਲਦਿਆਂ ਕਿਹਾ, “ਉਸ ਵਿੱਚ ਆਪਣੀਆਂ ਸਾਰੀਆਂ ਸਮਰਥਾਵਾਂ, ਆਪਣੀ ਸਾਰੀ ਊਰਜਾ ਅਤੇ ਆਪਣੀ ਸਾਰੀ ਬੌਧਿਕ ਸ਼ਕਤੀ ਨੂੰ ਆਪਣੇ ਨਿਸ਼ਾਨੇ 'ਤੇ ਲਗਾ ਦੇਣ ਦੀ ਰਸ਼ਕ ਕਰਨ ਯੋਗ ਇੱਛਾ ਸ਼ਕਤੀ ਹੈ। ਪਰ ਇਹ ਸਿਰਫ ਆਪਣੇ ਆਪ ਨੂੰ ਜਿਉਂਦੇ ਰੱਖਣ ਲਈ ਨਹੀਂ ਸਗੋਂ ਇਸ ਤੋਂ ਅੱਗੇ ਵਿਲੱਖਣ ਕੰਮ ਕਰਨ ਲਈ ਹੈ ਜਿਵੇਂ ਪੁਸਤਕਾਂ ਲਿਖਣਾ, ਭਾਸ਼ਨ ਦੇਣਾ, ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਰਗੇ ਕਾਰਜਾਂ ਲਈ।”

161