ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਪਦਵੀ ਕਰਕੇ ਵੱਡੇ ਹੁੰਦੇ ਹਨ। ਉਨ੍ਹਾਂ ਵਿਚ ਕੋਈ ਗੁਣ ਵੱਡਾ ਨਹੀਂ ਹੁੰਦਾ। ਇਸ ਲਈ ਓਹ ਆਪਣਾ ਕੰਮ ਪ੍ਰਾਈਵੇਟ ਸਕਤ੍ਰਾਂ ਰਾਹੀਂ ਟਪਾ ਲੈਂਦੇ ਹਨ, ਅਤੇ ਲੋਕਾਂ ਸਾਮ੍ਹਣਿਓਂ ਮੱਥੇ ਤੇ ਘੂਰੀ ਪਾਂਦੇ ਜਾਂ ਮੁੱਛਾਂ ਨੂੰ ਤਾਅ ਦੇਂਦੇ ਲੰਘ ਜਾਂਦੇ ਹਨ। ਫ਼ਾਰਸੀ ਦੇ ਅਖਾਣ ਮਮੂਜਬ, ਜਦ ਤੋੜੀ ਓਹ ਮੂੰਹ ਖੋਲ੍ਹ ਕੇ ਗੱਲ ਨਹੀਂ ਕਰਦੇ, ਤਦ ਤੋੜੀ ਉਨ੍ਹਾਂ ਦੇ ਗੁਣ ਔਗੁਣ ਛੁਪੇ ਰਹਿੰਦੇ ਹਨ।

ਜੇ ਉਨ੍ਹਾਂ ਅੰਦਰ ਗੁਣ ਹੋਣ ਭੀ, ਤਾਂ ਭੀ ਜ਼ਰੂਰੀ ਨਹੀਂ ਕਿ ਓਹ ਦੱਸ ਸਕਣ। ਕਿਉਂਕਿ ਗਲ ਬਾਤ ਕਰਨ ਦਾ ਵੱਲ ਹਰ ਇਕ ਨੂੰ ਨਹੀਂ ਆਉਂਦਾ। ਆਮ ਲੋਕੀ ਤਾਂ ਸੰਗਲ ਫੜ ਕੇ ਨਹਾ ਛਡਦੇ ਹਨ। ਖੁਲ੍ਹੀ ਤਾਰੀ ਕੋਈ ਹੀ ਲਾਉਂਦਾ ਹੈ। ਪਰ ਜਦ ਤਕ ਕੋਈ ਆਦਮੀ ਖੁਲ੍ਹ ਕੇ ਗੱਲ ਨਾ ਕਰੇ ਉਸ ਦੇ ਦਿਲ ਦਾ ਰੌਂ ਪਤਾ ਨਹੀਂ ਲਗ ਸਕਦਾ।

ਆਮ ਤੌਰ ਤੇ ਵੱਡਿਆਂ ਦੇ ਦਿਲ ਤੱਕ ਪਹੁੰਚਣਾ ਔਖਾ ਹੁੰਦਾ ਹੈ। ਲੋਕੀ ਕਹਿੰਦੇ ਤਾਂ ਹਨ ਕਿ ਬੋਲੀ ਅੰਦਰ ਦਾ ਭਾਵ ਜ਼ਾਹਰ ਕਰਨ ਵਾਸਤੇ ਬਣੀ ਹੈ (ਵਿਆਕਰਣ ਦੇ ਮੁਢਲੇ ਭਾਗ ਵਿਚ ਇਉਂ ਹੀ ਪੜ੍ਹੀਦਾ ਹੈ), ਪਰ ਅਮਲ ਵਿਚ ਜੋ ਗਲ ਦੇਖੀ ਜਾਂਦੀ ਹੈ ਉਹ ਇਹ ਹੈ ਕਿ ਅਜਕਲ ਬੋਲੀ ਬਹੁਤ ਕਰਕੇ ਦਿਲ ਦੇ ਭਾਵ ਨੂੰ ਲੁਕਾਣ ਲਈ ਵਰਤੀ ਜਾਂਦੀ ਹੈ। ਵਡਿਆਂ ਦੇ ਚਿਹਰੇ ਨੂੰ ਵੇਖ ਕੇ ਭੀ ਅਨੁਮਾਨ ਲਾਣਾ ਔਖਾ ਹੁੰਦਾ ਹੈ। ਚਿਹਰਾ ਕੀ ਹੁੰਦਾ ਹੈ ਦਿਲ ਦੇ ਬੂਹੇ ਤੇ ਪਿਆ ਇਕ ਪਰਦਾ, ਜਿਸ ਦੇ ਰੰਗ-ਬਰੰਗੀ ਚਿਤਰਾਂ ਤੋਂ ਅੰਦਰ ਦਾ ਅਸਲੀ ਹਾਲ ਲਭਣਾ ਔਖਾ ਹੁੰਦਾ ਹੈ। ਇਹੋ ਜਹੇ ਆਦਮੀ ਦੀ ਹਰ ਗਲ, ਹਰ ਹਰਕਤ ਰਸਮੀ ਹੋਵੇਗੀ। ਜੇ ਕਿਤੇ ਉਹ ਆਪਣੇ ਅਸਲੀ ਰੂਪ ਵਿਚ ਦੇਖਿਆ ਜਾ ਸਕਦਾ ਹੈ ਤਾਂ ਕੇਵਲ ਉਸ ਵੇਲੇ ਜਦ ਉਹ ਆਪਣੇ ਦੋ ਚਾਰ ਮਿਤਰਾਂ ਨਾਲ ਅੰਦਰਖ਼ਾਨੇ ਬਹਿ ਕੇ ਵਿਹਲੀਆਂ ਗੱਪਾਂ ਮਾਰ ਰਿਹਾ ਹੁੰਦਾ ਹੈ। ਉਸ ਵੇਲੇ ਉਸ ਦੇ ਮੂੰਹ ਤੋਂ, ਦਿਲ ਤੋਂ, ਬੋਲੀ ਤੋਂ ਪਰਦਾ ਲਹਿ ਗਿਆ ਹੁੰਦਾ ਹੈ ਤੇ ਉਹ ਪਲ ਛਿਨ

ー੧੫੪ー