ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਹਲੀਆਂ ਗੱਲਾਂ

ਲਈ ਆਪਣੇ ਆਪ ਨੂੰ ਹਊ ਬਹੂ ਜਾਹਰ ਕਰ ਰਿਹਾ ਹੁੰਦਾ ਹੈ।

ਇਸ ਪੈਂਤੜੇ ਤੋਂ ਦੇਖੀਏ ਤਾਂ ਵਿਹਲੀਆਂ ਗੱਲਾਂ ਲੈਕਚਰਾਂ ਤੇ ਉਪਦੇਸ਼ਾਂ ਕੋਲੋਂ ਵਧੇਰੇ ਨਰੋਲ ਤੇ ਸਚ-ਪਰਖਾਊ ਹੁੰਦੀਆਂ ਹਨ, ਕਿਉਂਕਿ ਲੈਕਚਰ, ਕਥਾ ਜਾਂ ਬਹਿਸ ਕਰਨ ਵੇਲੇ ਆਦਮੀ ਇਕ ਰਸਮੀ ਚੋਗਾ ਆਪਣੇ ਮਨ ਤੇ ਬੋਲੀ ਉਤੇ ਪਾ ਲੈਂਦਾ ਹੈ, ਜਿਸ ਦੇ ਹੇਠਾਂ ਉਸ ਦਾ ਆਪਣਾ ਅਸਲਾ ਛੁਪਿਆ ਰਹਿੰਦਾ ਹੈ। ਪਰ ਓਹੀ ਆਦਮੀ ਜਦ ਨਵੇਕਲਾ ਬਹਿ ਕੇ ਕਿਸੇ ਨਾਲ ਖੁਲ੍ਹੀਆਂ ਗੱਲਾਂ ਕਰਦਾ ਹੈ, ਤਾਂ ਉਸ ਦਾ ਅੰਦਰਾ ਵਧੇਰੇ ਨਿਖਰ ਕੇ, ਸਭ ਸੁਕੜੇਵੇਂ ਤੇ ਦਿਖਾਵੇ ਦੂਰ ਕਰ ਕੇ, ਪ੍ਰਤੱਖ ਹੁੰਦਾ ਹੈ। ਉਸ ਵੇਲੇ ਉਸ ਦੀ ਸਾਰੀ ਸ਼ਖ਼ਸੀਅਤ ਖਿੜ ਕੇ ਬਾਹਰ ਆਉਂਦੀ ਹੈ। ਇਹ ਸ਼ਖ਼ਸੀਅਤ ਉਸ ਦੀ ਆਪਣੀ ਹੁੰਦੀ ਹੈ। ਇਸ ਵਿਚ ਕਿਸੇ ਹੋਰ ਦਾ ਰਲਾ ਨਹੀਂ ਹੁੰਦਾ। ਬੋਲੀ ਭੀ ਉਸ ਵੇਲੇ ਸੁਤੰਤਰ, ਨਰੋਲ ਅਤੇ ਸਭ ਬਣਾਵਟਾਂ ਤੋਂ ਬਰੀ ਹੁੰਦੀ ਹੈ। ਉਹ ਕਿਸੇ ਉਤੇ ਖ਼ਾਸ ਅਸਰ ਪਾਣ ਲਈ 'ਚਰਨਾਰਬਿੰਦ', 'ਮੁਖਾਰਬਿੰਦ', 'ਦੋਹਾਂ ਜਹਾਨਾਂ ਦੇ ਵਾਲੀ', 'ਜਗਤ ਰਖਿਅਕ', ਆਦਿ ਰਸਮੀ ਇਤਲਾਹਾਂ ਵਰਤਣ ਤੇ ਮਜਬੂਰ ਨਹੀਂ ਹੁੰਦਾ। ਉਹ 'ਸੀਤਲ ਜਲ ਛਕਦੇ ਹਨ' ਨਹੀਂ ਕਹਿੰਦਾ, ਬਲਕਿ 'ਠੰਢਾ ਪਾਣੀ ਪੀਓ' ਜਹੇ ਸਧਾਰਨ ਵਾਕ ਵਰਤਦਾ ਹੈ।

ਕਈ ਸਜਣ ਆਪਣੇ ਖ਼ਿਆਲਾਂ ਨੂੰ ਲੈਕਚਰ ਦੀ ਸ਼ਕਲ ਵਿਚ ਜ਼ਾਹਰ ਕਰਨੋਂ ਝਕਦੇ ਹਨ। ਜੇ ਔਖੇ ਸੌਖੇ ਹੋ ਕੇ ਖੜੇ ਹੋ ਭੀ ਜਾਣ ਤਾਂ ਉਨ੍ਹਾਂ ਦੇ ਖ਼ਿਆਲ ਦੀ ਸੰਗਲੀ ਟੁਟ ਟੁਟ ਪੈਂਦੀ ਹੈ, ਅਤੇ ਬੋਲੀ ਭੀ ਰਸਮੀ ਵਾਹਾਂ ਵਿਚ ਵਹਿਣ ਤੋਂ ਸੰਗਦੀ ਹੈ। ਪਰ ਜਦ ਓਹ ਵਿਹਲੇ ਬਹਿ ਕੇ ਗੱਲਾਂ ਕਰਨ ਲਗਣ ਤਾਂ ਬਹੁਤ ਸੋਹਣਾ ਅਸਰ ਪਾਂਦੇ ਹਨ। ਕਈ ਵਾਰੀ ਡੂੰਘੇ ਖ਼ਿਆਲਾਂ ਵਾਲੇ ਜਾਂ ਬਹੁਤ ਪਿਘਲਦੇ ਜਜ਼ਬੇ ਵਾਲੇ ਲੋਕ ਆਪਣੇ ਆਪ ਨੂੰ ਬਝਵੇਂ ਵਖਿਆਨਾਂ ਰਾਹੀਂ ਨਹੀਂ ਜ਼ਾਹਰ ਕਰ ਸਕਦੇ। ਪਰ ਨਿਜੀ ਤੌਰ ਤੇ ਆਪਣੇ ਸੰਗੀਆਂ ਸਾਥੀਆਂ ਵਿਚ ਬੈਠੇ ਓਹ ਓਹ ਗੱਲਾਂ

ー੧੫੫ー