ਪੰਨਾ:ਪੰਚ ਤੰਤ੍ਰ.pdf/294

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮੬

ਪੰਚਮੋ ਤੰਤ੍ਰ


ਕਿਹਾਂ ਲੈ ਤੂੰ ਹਮੇਸ਼ਾਂ ਮੱਛੀ ੨ ਆਖਦਾ ਸੀ ਸੋ ਬੜੀ ਚੰਗੀ ਮੱਛੀ ਆਂਦੀ ਹੈ ਅਤੇ ਅੱਗ ਤੇ ਚੜ੍ਹਾਈ ਹੋਈ ਹੈ ਸੋ ਮੈ ਜਿਤਨਾ ਚਿਰ ਘਰ ਦੇ ਕੰਮ ਵਿੱਚ ਲੱਗੀ ਹਾਂ ਤੂੰ ਇਸ ਵਿੱਚ ਕੜਛੀ ਹਲਾਂਦਾ ਰਹੁ ਓਹ ਅੰਨ੍ਹਾਂ ਇਸ ਬਾਤ ਨੂੰ ਸੁਨ ਬੜੀ ਖ਼ੁਸ਼ੀ ਨਾਲ ਹੋਠਾਂ ਨੂੰ ਚੱਟਦਾ ਕੜਛੀ ਲੈਕੇ ਉਸ ਵਿਚ ਫੇਰਨ ਲੱਗਾ ਬਹੁਤ ਕੜਛੀ ਦੇ ਫੇਰਦਿਆਂ ਉਸਦਾ ਧੂੰਆਂ ਜਿਉਂ ਅੱਖੀਆਂ ਨੂੰ ਲੱਗਾ ਤਿਵੇਂ ਨੀਲਾ ਪਾਨੀ ਨਿਕਲਿਆ ਅੰਨ੍ਹੇ ਨੇ ਉਸ ਨਾਲ ਫਾਇਦਾ ਦੇਖ ਕੇ ਅਗੇਡੇ ਹੋ ਕੇ ਹੋਰ ਧੂੰਆਂ ਲਿਆ ਤੇ ਅੱਖੀਆਂ ਖੁਲ੍ਹ ਗਈਆਂ ਜਦ ਉਸਨੇ ਉਸ ਵਿੱਚ ਝਾਤੀ ਮਾਰਕੇ ਦੇਖਿਆ ਤਾਂ ਸੱਪ ਮੋਇਆ ਹੋਯਾ ਹੈ। ਤਾਂ ਉਸਨੇ ਸੋਚਿਆ ਇਸਨੇ ਤਾਂ ਮੈਨੂੰ ਮੱਛੀ ਦਾ ਮਾਸ ਆਖਿਆ ਸੀ ਇਹ ਤਾਂ ਸੱਪ ਦਾ ਮਾਸ ਨਿਕਲਿਆ ਹੈ ਇਸ ਲਈ ਮੈਂ ਮਲੂਮ ਕਰਦਾ ਹਾਂ ਕਿ ਏਹ ਕੰਮ ਇਸ ਤਿੰਨਾਂ ਥਨਾਂ ਵਾਲੀ ਦਾ ਹੈ ਅਥਵਾ ਕੁੱਬੇ ਦਾ ਯਾ ਕਿਸੇ ਹੋਰ ਦਾ ਹੈ, ਇਹ ਸੋਚ ਕੇ ਓਹ ਪਹਿਲੀ ਤਰਾਂ ਅੰਨ੍ਹਾਂ ਬਨਕੇ ਕੰਮ ਕਰਨ ਲੱਗਾ, ਇਤਨੇ ਚਿਰ ਵਿਖੇ ਕੁੱਬੇ ਨੇ ਆ ਕੇ ਤਿੰਨਾਂ ਥਨਾਂ ਵਾਲੀ ਨੂੰ ਜੱਫੀ ਪਾ ਕੇ ਚੁੰਮਿਆਂ ਅੰਨੇ ਨੇ ਗੁੱਸਾ ਖਾਕੇ, ਉਸ ਕੁੱਬੇ ਦੇ ਮਾਰਨ ਲਈ ਕੋਈ ਹਥਿਆਰ ਤੇ ਨਾ ਲੱਭਾ ਪਰ ਧੀਰੇ ੨ ਅੰਨੇ ਦੀ ਨ੍ਯਾਈਂ ਪਲੰਘ ਦੇ ਕੋਲ ਜਾਕੇ ਕੁੱਬੇ ਨੂੰ ਪੈਰੋਂ ਪਕੜ ਕੇ ਆਪਣੀ ਤਾਕਤ ਦੇ ਅਨੁਸਾਰ ਆਪਨੇ ਸਿਰ ਤੋਂ ਭੁਵਾਕੇ ਤਿੰਨਾਂ ਥਨਾਂ ਵਾਲੀ ਦੀ ਛਾਤੀ ਨਾਲ ਮਾਰਿਆ ਕੁੱਬੇ ਦੇ ਲੱਗਦੀ ਸਾਰ ਉਸਦਾ ਤੀਜਾ ਬਲ ਛਾਤੀ ਵਿਖੇ ਵੜ ਗਿਆ ਅਤੇ ਕੁੱਬਾ ਸਿੱਧਾ ਤੀਰ ਹੋ ਗਿਆ ਇਸ ਲਈ ਮੈਂ ਆਖਿਆ ਸੀ:—

ਦੋਹਰਾ ॥ ਤੀਨ ਥਨੋਂ ਯੁਤ ਨ੍ਰਿਪ ਸੁਤਾ ਅੰਧਾ ਕੁੱਬਾ ਭੀਨ॥
       ਸੁਖ ਪਾਯੋ ਅਨਯਾਇ ਤੇ ਕਰਮ ਰੇਖ ਬਲ ਚੀਨ॥੧੦੦॥

ਸੋਨੇ ਵਾਲਾ ਬੋਲਿਆ ਸੱਚ ਹੈ ਦੇਵ ਦੇ ਅਧੀਨ ਮਨੁੱਖ ਨੂੰ ਕਲ੍ਯਾਨ ਹੋ ਜਾਂਦਾ ਹੈ ਪਰ ਤਦ ਬੀ ਮਨੁੱਖ ਨੂੰ ਮਹਾਤਮਾ ਦਾ ਬਚਨ ਕਰਨਾ ਚਾਹੀਦਾ ਹੈ ਤੇਰੀ ਤਰਾਂ ਆਪਨਾ ਨਾਸ ਨਹੀਂ ਕਰਨਾ ਚਾਹੀਦਾ ਹੋਰ ਸੁਨ:—

ਦੋਹਰਾ ॥ ਏਕ ਪੇਟ ਅਰ ਮੁਖ ਦੋਊ ਤਿੰਨ ੨ ਫਲ ਚਾਂਹਿ ॥
       ਬਿਨਾਂ ਮੇਲ ਤੇ ਨਾਸ ਭਾਗ ਭਾਵੰਡ ਦੁ ਆਂਹਿ ॥੧੦੧॥