ਪੰਨਾ:ਚੰਬੇ ਦੀਆਂ ਕਲੀਆਂ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੭ )

ਖੋਲ੍ਹਕੇ ਉਸ ਨੇ ਆਖਿਆ-'ਆ ਸਜਣਾਂ ਅੰਦਰ ਆਕੇ ਅੱਗ ਸੇਕ।'

'ਰਬ ਤੇਰਾ ਭਲਾ ਕਰੇ, ਮੇਰੀਆਂ ਤਾਂ ਹਡੀਆਂ ਵਿਚ ਪਾਲਾ ਵੜ ਗਿਆ ਹੈ' ਇਹ ਆਖਕੇ ਬਿਸ਼ਨਾ ਅੰਦਰ ਆਇਆ ਅਤੇ ਔਣ ਲਗਿਆਂ ਆਪਣੇ ਪੈਰਾਂ ਤੋਂ ਮਿੱਟੀ ਲਾਹੁਣ ਲਗਿਆਂ ਸੰਭਲ ਨ ਸਕਿਆ ਤੇ ਡਿਗ ਪਿਆ। ਸੰਤੂ ਨੇ ਆਖਿਆ-'ਜਾਣ ਭੀ ਦੇਹ, ਪੈਰ ਨ ਸਾਫ ਕਰ, ਮੈਂ ਸਫ਼ ਆਪੇ ਝਾੜ ਲਵਾਂਗਾ, ਇਥੇ ਆਕੇ ਬਹਿ ਜਾ ਅਰ ਚਾਹ ਪੀ।'

ਇਕ ਗਲਾਸ ਚਾਹ ਦਾ ਭਰ ਕੇ ਉਸ ਨੇ ਬਿਸ਼ਨੇ ਨੂੰ ਦਿਤਾ ਤੇ ਦੂਜੇ ਛੰਨੇ ਵਿਚ ਪਾਕੇ ਆਪ ਪੀਣ ਲਗਾ। ਬਿਸ਼ਨੇ ਨੇ ਛੇਤੀ ਗਲਾਸ ਮੁਕਾ ਲਿਆ ਤੇ ਸੰਤੂ ਨੇ ਇਕ ਹੋਰ ਭਰ ਦਿੱਤਾ, ਪਰ ਚਾਹ ਪੀਂਦਿਆਂ ਵੀ ਸੰਤੂ ਦੀ ਨਜ਼ਰ ਬਾਜ਼ਾਰ ਵਲ ਰਹੀ, ਕਿਤੇ ਰੱਬ ਲੰਘ ਨਾ ਜਾਵੇ।

ਬਿਸ਼ਨੇ ਪੁਛਿਆ-'ਕਿਸ ਦੀ ਉਡੀਕ ਹੈ?'

ਸੰਤੂ-'ਹੈ, ਮੈਂ, ਆਹੋ, ਗਲ ਤਾਂ ਕਮਲਿਆਂ ਵਾਲੀ ਹੈ, ਪਰ ਰਾਤ ਮੈਂ ਜੋ ਕੁਝ ਸੁਣਿਆ, ਉਹ ਮੇਰੇ ਦਿਲ ਵਿਚੋਂ ਨਿਕਲਦਾ ਨਹੀਂ, ਪਤਾ ਨਹੀਂ ਉਹ ਸੁਪਨਾ ਸੀ ਕਿ ਸਚੀ ਗਲ ਸੀ, ਤੂੰ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈਂ?'

ਬਿਸ਼ਨਾ-'ਨਹੀਂ, ਮੈਂ ਮੂਰਖ ਮਿਹਤਰ! ਮੈਂ ਤਾਂ ਪਾਪੀ ਹਾਂ, ਮੈਨੂੰ ਪਾਠ ਦਾ ਕੀ ਪਤਾ?'