ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁੱਟਦੇ ਨੇ ਲਾਲ ਲਾਲ ਲਾਲ ਬੁੱਲ੍ਹੀਆਂ।
ਇਸ਼ਕ ਦੇ ਵਿੱਚ ਸੂਰਤਾਂ ਕਈ ਭੁੱਲੀਆਂ।
ਨੱਕ ਖੰਡੇਧਾਰ ਠੋਡੀ ਸੀ ਬਦਾਮ ਜੀ।
ਲੱਗਦੇ ਪਿਆਰੇ ਅੰਗ ਜੋ ਤਮਾਮ ਜੀ।
ਚਿੱਟੇ ਚਿੱਟੇ ਦੰਦ ਕਲੀਆਂ ਪਰੋਤੀਆਂ।
ਐਸੀ ਐਸੀ ਮਾਲ਼ਾ ਜੌਹਰੀਆਂ ਦੇ ਹੋਤੀਆਂ।
ਸੀਨੇ ਤੇ ਪੱਕੇ ਜੋ ਕੰਧਾਰੀ ਅਨਾਰ ਜੀ।
ਕਰਾਂ ਕੀ ਸਿਫ਼ਤ ਹੁਸਨ ਬੇਸ਼ੁਮਾਰ ਜੀ।(ਬਖ਼ਸ਼ੀ ਈਸਾਈ)

ਜਮਾਲੋ ਮਲਕੀ ਦੇ ਹੁਸਨ ਨੂੰ ਵੇਖ-ਵੇਖ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਹੀ ਸੀ ਜਿਸ ਨੇ ਅਜਿਹੀ ਹੁਸ਼ਨਾਕ ਧੀ ਨੂੰ ਜਨਮ ਦਿੱਤਾ ਸੀ ਪਰੰਤੂ ਏਹੀ ਹੁਸਨ ਜਮਾਲੋ ਲਈ ਚਿੰਤਾ ਦਾ ਖੌ ਬਣਿਆਂ ਹੋਇਆ ਸੀ.... ਇਕ ਉਸ ਦਾ ਬਾਪ ਸੀ ਜਿਹੜਾ ਸਭ ਕਾਸੇ ਤੋਂ ਬੇਨਿਆਜ਼ ਹੋ ਕੇ ਬੇਫ਼ਿਕਰ ਜਿੰਦਗੀ ਬਤੀਤ ਕਰ ਰਿਹਾ ਸੀ..... ਉਹਦੀ ਧੀ ਜਵਾਨੀ ਦੀਆਂ ਬਰੂਹਾਂ ਤੇ ਆਣ ਖਲੋਤੀ ਸੀ ਜਿਸ ਦੀ ਉਹਨੂੰ ਕੋਈ ਚਿੰਤਾ ਨਹੀਂ ਸੀ।

ਰਾਏ ਮੁਬਾਰਕ ਅਬੈੜੇ ਸੁਭਾਅ ਦਾ ਮਾਲਕ ਸੀ ਜਿਸ ਕਰਕੇ ਜਮਾਲੋ ਉਹਦੇ ਨਾਲ਼ ਮਲਕੀ ਬਾਰੇ ਕੋਈ ਗੱਲ ਕਰਨੋਂ ਝਿਜਕਦੀ ਸੀ। ਆਖ਼ਰ ਇਕ ਦਿਨ ਹਿੰਮਤ 'ਕੱਠੀ ਕਰਦਿਆਂ ਜਮਾਲੋ ਨੇ ਚੌਧਰੀ ਨੂੰ ਆਖਿਆ, "ਮਖਿਆ ਮਲਕੀ ਦੇ ਅੱਬਾ ਤੂੰ ਕਿਉਂ ਅੱਖਾਂ ਮੁੰਦੀ ਫਿਰਦੈਂ..... ਤੇਰੇ ਬੂਹੇ ਤੇ ਕੋਠੇ ਜਿੱਡੀ ਧੀ ਬੈਠੀ ਐ ਉਹਨੂੰ ਵਿਆਹੁਣ ਦਾ ਕੋਈ ਸੁਬ ਬੰਨ੍ਹ ਕਰ।"

ਰਾਏ ਮੁਬਾਰਕ ਸੱਚਮੁੱਚ ਹੀ ਮਲਕੀ ਵੱਲੋਂ ਅਵੇਸਲਾ ਹੋਇਆ ਬੈਠਾ ਸੀ .... ਉਹਦੇ ਲਈ ਤਾਂ ਉਹ ਅਜੇ ਵੀ ਗੁੱਡੀਆਂ ਪਟੋਲਿਆਂ ਨਾਲ਼ ਖੇਡਣ ਵਾਲ਼ੀ ਬੱਚੀ ਸੀ।

"ਭਾਗਵਾਨੇ ਤੂੰ ਕਾਹਨੂੰ ਆਪਣਾ ਲਹੂ ਸਾੜਦੀ ਐਂ.... ਮਲਕੀ ਦਾ ਚਾਚਾ ਦਰੀਆ ਹੈਗਾ ਆਪੇ ਕੋਈ ਇਹਦੇ ਹਾਣ ਪਰਵਾਣ ਦਾ ਵਰ ਲੱਭ ਦੇਊਗਾ....ਭਲ਼ਕੇ ਚਿੱਠੀ ਲਿਖਦਾ ਆਂ ਉਹਨੂੰ।"

ਅਗਲੀ ਭਲਕ ਰਾਏ ਮੁਬਾਰਕ ਨੇ ਆਪਣੇ ਛੋਟੇ ਵੀਰ ਦਰੀਏ ਨੂੰ ਚਿੱਠੀ ਲਿਖ ਭੇਜੀ।

ਵੱਡੇ ਭਰਾ ਦੀ ਚਿੱਠੀ ਮਿਲਦੇ ਸਾਰ ਹੀ ਦਰੀਏ ਨੂੰ ਖੁਸ਼ੀਆਂ ਚੜ੍ਹ ਗਈਆਂ। ਰਾਜ ਦਰਬਾਰ ਦੀ ਨੌਕਰੀ ਕਰਦਿਆਂ ਉਹਦੇ ਅੰਦਰ ਖ਼ੁਦਗਰਜ਼ੀ ਦੇ ਅੰਸ਼ ਪ੍ਰਵੇਸ਼ ਕਰ ਚੁੱਕੇ ਸਨ.... ਉਹ ਆਪਣੇ ਨਿੱਜੀ ਹਿੱਤਾਂ ਲਈ ਕੁੱਝ ਵੀ ਕਰ ਸਕਦਾ ਸੀ! ਪਰੀਆਂ ਵਰਗੀ ਉਹਦੀ ਹੁਸ਼ਨਾਕ ਭਤੀਜੀ ਮਲਕੀ ਉਹਦੇ ਲਈ ਇਕ ਅਜਿਹੀ ਗਿੱਦੜਸਿੰਗੀ ਸਾਬਤ ਹੋ ਸਕਦੀ ਸੀ ਜਿਸ ਦੁਆਰਾ ਉਹ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਉੱਚ ਪਦਵੀ ਪ੍ਰਾਪਤ ਕਰ ਸਕਦਾ ਸੀ। ਹੁਸਨ ਪ੍ਰੱਸਤ ਸਤ ਅਕਬਰ ਕੱਚੀਆਂ ਕੈਲਾਂ ਦਾ ਰਸੀਆ ਸੀ।

ਪੰਜਾਬ ਦੇ ਲੋਕ ਨਾਇਕ/44