ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਵੇਲੇ ਤਕ ਹਾਲੇਂ ਖਾਲੀ ਸੀ। ਇਸ ਸਬ ਸਾਮਾਨ ਦੇ ਨਾਲ ਡੈਸ ਦੇ ਸੱਜੇ ਪਾਸੇ ਉੱਚੀਆਂ ਪਿੱਠਾਂ ਵਾਲੀਆਂ ਜੂਰੀ ਲਈ ਕੁਰਸੀਆਂ ਵਿਛੀਆਂ ਪਈਆਂ ਸਨ, ਤੇ ਓਸ ਥੀਂ ਹਿਠਾਹਾਂ ਤਲੇ ਵਕੀਲਾਂ ਲਈ ਮੇਜ਼ ਧਰੇ ਸਨ। ਇਹ ਸਬ ਕੁਛ ਅਦਾਲਤ ਦੇ ਸਾਹਮਣੇ ਪਾਸੇ ਸੀ, ਤੇ ਅਦਾਲਤ ਦੀ ਪਿਛੋਕੜ ਨੂੰ ਇਕ ਜੰਗਲਾ ਇਨ੍ਹਾਂ ਥੀਂ ਅੱਡ ਕਰ ਰਿਹਾ ਸੀ।

ਪਛੋਕੜ ਵਾਲੇ ਪਾਸੇ ਗੈਲਰੀ ਦੀਆਂ ਸੀਟਾਂ ਵਾਂਗ, ਇਕ ਕਿਤਾਰ ਥੀਂ, ਉੱਪਰ ਹੋਰ ਕਿਤਾਰ ਤੇ ਉਸ ਥਾਂ ਉੱਚੀ ਹੋਰ ਕਿਤਾਰ ਕੁਰਸੀਆਂ ਦੀ ਲੱਗੀ ਪਈ ਸੀ। ਤੇ ਉਨ੍ਹਾਂ ਉੱਪਰ ਅੱਗੇ ਦੀਆਂ ਸੀਟਾਂ ਤੇ ਚਾਰ ਮਜੂਰਨਾਂ ਬੈਠੀਆਂ ਹੋਈਆਂ ਸਨ। ਇਹ ਤੀਮੀਆਂ ਯਾ ਤਾਂ ਇਨ੍ਹਾਂ ਦੀਆਂ ਨੌਕਰਾਨੀਆਂ ਸਨ, ਯਾ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੀਆਂ ਜਨਾਨੀਆਂ ਹੋਣ ਗੀਆਂ। ਉਨ੍ਹਾਂ ਪਾਸ ਹੀ ਦੋ ਦੋ ਮਜੂਰ ਮਰਦ ਵੀ ਬੈਠੇ ਸਨ, ਤੇ ਇਹ ਸਾਰੇ ਅਦਾਲਤ ਦੀ ਆਨ ਬਾਨ ਤੇ ਸ਼ਾਨ ਸ਼ੌਕਤ ਵੇਖ ਕੇ ਕੁਛ ਸਹਿਮੇ ਕੁਛ ਦੱਬੇ ਜੇਹੇ ਬੈਠੇ ਸਨ। ਤੇ ਆਪਣੇ ਆਪ ਵਿੱਚ ਸਵਾਏ ਗੋਸ਼ਿਆਂ ਦੇ ਉੱਚੀ ਗੱਲ ਕਰਨ ਦੀ ਵੀ ਦਲੇਰੀ ਨਹੀਂ ਸਨ ਕਰ ਸਕਦੇ।

ਜਦ ਜੂਰੀ ਅਦਾਲਤ ਦੇ ਕਮਰੇ ਵਿੱਚ ਆ ਬੈਠੀ, ਤਦ ਉਸ ਵੇਲੇ ਹੀ ਪਿੱਛੋਂ ਅਸ਼ਰ ਆਪਣੇ ਇਕ ਪਾਸੇ ਝੁਕੀ ਹੋਈ ਟੋਰ ਨਾਲ ਆਇਆ, ਤੇ ਸਾਹਮਣੇ ਪਾਸੇ ਕਦਮ ਚੁੱਕ ਕੇ ਉੱਚੀ ਆਵਾਜ਼ ਵਿੱਚ ਇਤਲਾਹ ਕਰਨ ਲੱਗਾ, ਜਿਵੇਂ ਓਥੇ ਬੈਠੇ ਲੋਕਾਂ ਨੂੰ ਡਰਾਉਣ ਲੱਗਾ ਹੈ——"ਅਦਾਲਤ ਆ ਰਹੀ ਹੈ।"

੭੧