ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਪਹਿਲਾਂ ਮੈਨੂੰ ਕਾਤੇਰੀਨਾ ਕਰਕੇ ਸੱਦਦੇ ਸਨ।"

"ਨਹੀਂ-ਇਹ ਗੱਲ ਕਦਾਚਿਤ ਨਹੀਂ ਹੋ ਸਕਦੀ," ਨਿਖਲੀਊਧਵ ਨੇ ਆਪਣੇ ਮਨ ਵਿਚ ਕਹਿਆ। ਪਰ ਤਦ ਵੀ ਓਹਨੂੰ ਨਿਸਚਾ ਹੋ ਚੁਕਾ ਸੀ ਕਿ ਇਹ ਉਹੋ ਕੁੜੀ ਹੈਅੱਧੀ ਨੌਕਰ ਤੇ ਅੱਧੀ ਧੀ, ਜਿਸਨੂੰ ਓਸ ਨੇ ਇਕ ਵੇਰੀ ਪਿਆਰ ਕੀਤਾ ਸੀ, ਠੀਕ ਸੁਚਾ ਤੇ ਸੱਚਾ ਪਿਆਰ ਕੀਤਾ ਸੀ, ਤੇ ਇਕ ਬੇਹੋਸ਼ ਜੇਹੀ ਕਾਮਾਤੁਰ ਪਾਗਲ ਹੋਈ ਹੋਈ ਆਪਣੇ ਮਨ ਦੀ ਹਾਲਤ ਦੀ ਘੜੀ ਵਿਚ ਉਸ ਨੇ ਜਿਸ ਨੂੰ ਭਰਮਾਇਆ ਸੀ, ਖਰਾਬ ਕੀਤਾ ਸੀ, ਤੇ ਫਿਰ ਛੱਡ ਦਿਤਾ ਸੀ ਤੇ ਮੁੜ ਕਦੀ ਵੀ ਓਹਨੂੰ ਯਾਦ ਤਕ ਨਹੀਂ ਕੀਤਾ ਸੀ, ਇਸ ਲਈ ਕਿ ਓਸ ਗੱਲ ਨੂੰ ਯਾਦ ਰੱਖਣਾ ਓਹਦੀ ਸਾਰੀ ਉਮਰ ਦੇ ਦੁਖ ਦਾ ਕਾਰਨ ਹੁੰਦਾ, ਤੇ ਓਸ ਗੱਲ ਦੀ ਯਾਦ ਹਮੇਸ਼ਾਂ ਓਹਨੂੰ ਸੱਚਾ ਇਲਜ਼ਾਮ ਲਾਉਂਦੀ ਰਹਿੰਦੀ, ਤੇ ਓਹ ਯਾਦ ਓਹਨੂੰ ਆਪਣੇ ਆਪ ਨੂੰ ਸਾਬਤ ਕਰ ਕਰ ਦਸਦੀ ਕਿ ਓਸ ਜਿਸ ਨੂੰ ਆਪਣੇ ਚਾਲ ਚਲਨ ਦੀ ਸਫਾਈ ਤੇ ਸਚਾਈ ਦਾ ਇੰਨਾ ਮਾਨ ਸੀ, ਇਸ ਕੁੜੀ ਨੂੰ ਕਿਸ ਦਿਲ ਹਿਲਾ ਦੇਣ ਵਾਲੇ ਤੇ ਸਖਤ ਬਦਨਮੂਸ਼ੀ ਦੇ ਤ੍ਰੀਕੇ ਨਾਲ ਖਰਾਬ ਕੀਤਾ ਸੀ ਤੇ ਵਿਚਾਰੀ ਦੀ ਸਾਰੀ ਉਮਰ ਨੂੰ ਦਾਗੀ ਕਰ ਦਿੱਤਾ ਸੀ।

'ਠੀਕ ਇਹ ਓਹੋ ਹੀ ਹੈ', ਹੁਣ ਓਸ ਸਾਫ ਓਹਦੇ ਚਿਹਰੇ ਵਿੱਚ ਓਹ ਅਜੀਬ ਤੇ ਅਕਥਨੀਯ ਜੇਹਾ ਆਪੇ ਦਾ ਖਾਸ ਰੰਗ ਤੇ ਸਿੰਞਾਣ ਜਿਹੜੀ ਇਕ ਬੰਦੇ ਨੂੰ ਦੂਜੇ ਥੀਂ ਵਖ ਪ੍ਰਤੱਖ ਕਰ ਦੱਸਦੀ ਹੈ, ਜਾਚ ਲਈ ਸੀ, ਕੁਛ ਖਾਸ ਓਹਦੇ ਆਪਣੇ ਆਪੇ ਦੀ ਜ਼ਾਤ ਦਾ ਰੰਗ ਢੰਗ ਖਾਸ ਓਹਦਾ ਆਪਣਾ, ਜਿਹੜਾ ਹੋਰ

੯੦