ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/190

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁੰਡੇ ਉਹਦੇ ਵਿਆਹ ਦੀ ਗੱਲ ਕਦੇ ਵੀ ਨਾ ਕਰਦੇ। ਉਹਦੀ ਜ਼ਮੀਨ ਦੇ ਹਿੱਸੇ ਦੀ ਗੱਲ ਛੇੜਦੇ ਹੀ ਨਾ। ਫ਼ਸਲ ਬਾੜੀ ਦੀ ਜਿਵੇਂ ਉਹਨੂੰ ਕੋਈ ਲੋੜ ਹੀ ਨਾ ਹੋਵੇ। ਉਹਦਾ ਕੀ ਸੀ, ਉਹਨੇ ਕੀ ਕਰਨੀ ਸੀ ਫ਼ਸਲ ਬਾੜੀ?

ਉਹਨੂੰ ਲੱਗਦਾ, ਉਹਦੀ ਮਾਸੀ ਦੇ ਮੁੰਡੇ ਬਹੁਤ ਚੰਗੇ ਹਨ। ਉਹਦਾ ਕਿੰਨਾ ਮੋਹ ਕਰਦੇ ਹਨ। ਚਾਚਾ ਤੇ ਮਾਸੀ ਉਹਨੂੰ ਆਪਣਾ ਪੁੱਤ ਸਮਝਦੇ ਹਨ। ਚਾਚਾ ਆਖਦਾ ਹੁੰਦਾ- ‘ਤੂੰ ਤਾਂ ਮੇਰਾ ਪੰਜਵਾਂ ਪਾਂਡੋ ਐਂ।’ ਉਹਦੇ ਵਿਆਹ ਦੀ ਗੱਲ ਨਹੀਂ ਤੁਰਦੀ ਸੀ ਤਾਂ ਇਹ ਉਹਦਾ ਆਪਣਾ ਮਸਲਾ ਸੀ। ਉਹਦਾ ਆਪਣਾ ਕਸੂਰ ਸੀ। ਉਹਦੀ ਆਪਣੀ ਸੁਸਤੀ ਸੀ। ਜੇ ਉਹ ਵਿਆਹ ਕਰਾਉਣਾ ਚਾਹੇ ਤਾਂ ਕੌਣ ਰੋਕ ਸਕਦਾ ਹੈ। ਮਾਸੀ ਦੇ ਮੁੰਡੇ ਤਾਂ ਸਗੋਂ ਖ਼ੁਸ਼ ਹੋਣਗੇ। ਚਾਚਾ ਤੇ ਮਾਸੀ ਮਾਂ-ਬਾਪ ਵਾਲੇ ਕਾਰ-ਵਿਹਾਰ ਕਰਨਗੇ।

ਮਿਹਰ ਦਾ ਦਾਦਾ ਗੱਲ ਸੁਣਾਉਂਦਾ ਹੁੰਦਾ-ਪੁਰਾਣੇ ਸਮਿਆਂ ਵਿੱਚ ਇੱਕ ਪਿੰਡ ਦੇ ਮੁੰਡੇ ਨੇ ਖੇਤ ਦੀ ਵੱਟ ਪਿੰਛੇ ਕਤਲ ਕਰ ਦਿੱਤਾ। ਅੰਗਰੇਜ਼ਾਂ ਦਾ ਰਾਜ ਸੀ। ਮੁਕੱਦਮਾ ਚਲਿਆ ਤਾਂ ਮੁੰਡੇ ਨੂੰ ਫਾਂਸੀ ਦਾ ਹੁਕਮ ਹੋ ਗਿਆ। ਉਨ੍ਹਾਂ ਦਿਨਾਂ ਵਿੱਚ ਮੁਜਰਿਮ ਨੂੰ ਉਸੇ ਥਾਂ ਖੜ੍ਹਾ ਕੇ ਫਾਹਾ ਲਾਉਂਦੇ, ਜਿਸ ਥਾਂ ਬੰਦਾ ਮਰਿਆ ਹੁੰਦਾ।

ਮੁੰਡਾ ਉਹ ਮਾਂ ਦਾ ਇਕੱਲਾ ਪੁੱਤ ਸੀ। ਬਾਪ ਨਹੀਂ ਸੀ। ਉਸੇ ਪਿੰਡ ਉਹਦੀ ਮਾਸੀ ਸੀ। ਮਾਸੀ ਦੇ ਛੇ ਪੁੱਤ ਸਨ। ਕਾਤਲ ਮੁੰਡਾ ਮਰਦਾ ਸੀ ਤਾਂ ਉਹਨਾਂ ਦਾ ਖ਼ਾਨਦਾਨ ਖ਼ਤਮ ਸੀ। ਜ਼ਮੀਨ ਸ਼ਰੀਕਾਂ ਨੇ ਸਾਂਭ ਲੈਣੀ ਸੀ। ਮੁੰਡੇ ਦੇ ਪਿਓ ਦਾ ਨਾਂ-ਨਿਸ਼ਾਨ ਹੀ ਮਿਟ ਜਾਣਾ ਸੀ, ਜਿਵੇਂ ਧਰਤੀ ਤੋਂ ਲਕੀਰ ਮਿਟ ਜਾਂਦੀ ਹੈ।

ਮਾਸੀ ਦਾ ਘਰ ਦੂਜੇ ਅਗਵਾੜ ਸੀ। ਉਹਨੂੰ ਦਰਵ ਸੀ, ਜਿਵੇਂ ਉਹਦਾ ਭਾਣਜਾ ਉਹਦਾ ਆਪਣਾ ਪੁੱਤ ਹੋਵੇ ਤੇ ਉਹ ਉਹਤੋਂ ਖੋਹਿਆ ਜਾ ਰਿਹਾ ਹੋਵੇ। ਉਹਦਾ ਮੱਥਾ ਠੀਕਰੀਆਂ ਬਣ-ਬਣ ਡਿੱਗਦਾ। ਉਹ ਕੁਝ ਵੀ ਨਹੀਂ ਕਰ ਸਕਦੀ ਸੀ। ਭੈਣ ਦਾ ਘਰ ਤਬਾਹ ਹੋ ਕੇ ਰਹਿ ਜਾਣਾ ਸੀ।

ਫਾਂਸੀ ਲੱਗਣ ਵਾਲੇ ਦਿਨ ਉਹ ਜੱਜ ਅੱਗੇ ਹੱਥ ਬੰਨ੍ਹ ਕੇ ਜਾ ਖੜ੍ਹੀ। ਬੋਲੀ- ‘ਮੇਰੀ ਭੈਣ ਦਾ ਇਹ ਇੱਕ ਮੁੰਡਾ ਐ, ਮਾਪਿਓ। ਇਹਨਾਂ ਦਾ ਬੇੜਾ ਡੁੱਬ ਜੂ। ਇਹਨੂੰ ਛੱਡ ਦਿਓ, ਮੇਰੇ ਦੋ ਮੁੰਡਿਆਂ ਨੂੰ ਫਾਹਾ ਲਾ ਦਿਓ। ਭੈਣ ਦੀ ਧੂਣੀ ਧੁਖਦੀ ਰਹਿ ਜੂਗੀ।’

ਬੁੜ੍ਹੀ ਦੀ ਗੱਲ ਕਿਸੇ ਕਾਨੂੰਨ ਵਿੱਚ ਨਹੀਂ ਆਉਂਦੀ ਸੀ। ਜੱਜ ਲਾਚਾਰ ਸੀ। ਸਿਰ ਮਾਰ ਦਿੱਤਾ। ਬੁੜ੍ਹੀ ਰੋ ਧਸਿਆ ਕੇ ਦੂਰ ਜਾ ਖੜ੍ਹੀ। ਦਿਲ ਕਰੜਾ ਕੀਤਾ, ਫੇਰ ਗਈ। ਆਖਣ ਲੱਗੀ, ‘ਤੁਸੀਂ ਮੇਰੇ ਤਿੰਨ ਮੁੰਡਿਆਂ ਨੂੰ ਫਾਹੇ ਲਾ ਦਿਓ। ਇਹਨੂੰ ਛੱਡ ਦਿਓ।’ ਜੱਜ ਮੁਸਕਰਾਇਆ ਤੇ ਫਿਰ ਸਿਰ ਮਾਰ ਦਿੱਤਾ। ਬੋਲਿਆ, ‘ਬੁੱਢੀ ਪਾਗ਼ਲ ਐ।’

ਕਾਤਲ ਮੁੰਡੇ ਨੂੰ ਖੂਹ ਦੇ ਫੱਟਿਆਂ ਉੱਤੇ ਖੜ੍ਹਾ ਕਰ ਲਿਆ। ਦੋ ਸਿੱਧੀਆਂ ਲਟੈਣਾਂ ਗੱਡ ਕੇ। ਇੱਕ ਪੈਵੀਂ ਲਟੈਣ ਉੱਤੇ ਦੋਵਾਂ ਲਟੈਣਾਂ ਦੇ ਸਿਰਿਆਂ ਨਾਲ ਬੰਨ੍ਹੀ ਗਈ ਸੀ। ਪੈਰੀਂ ਲਟੈਣ ਤੋਂ ਫਾਂਸੀ ਦਾ ਰੱਸਾ ਲਮਕ ਰਿਹਾ ਸੀ। ਰੱਸਾ ਹਾਲੇ ਉਹਦੇ ਗਲ ਵਿੱਚ ਨਹੀਂ ਪਿਆ ਸੀ। ਸਮਾਂ ਰਹਿੰਦਾ ਹੋਵੇਗਾ। ਨਿਸ਼ਚਿਤ ਸਮੇਂ ਉੱਤੇ ਖੁਹ ਦੇ ਫੱਟੇ ਉਹਦੇ ਪੈਰਾਂ ਥੱਲਿਉਂ ਕੱਢ ਲਏ ਜਾਣੇ ਸਨ ਤੇ ਉਹਨੇ ਰੱਸੇ ਸਮੇਤ ਲਟਕ ਜਾਣਾ ਸੀ। ਉਹਦੀ ਗਰਦਨ ਊਠ ਦੀ ਗਰਦਨ ਵਾਂਗ ਲੰਮੀ ਹੋ ਜਾਣੀ ਸੀ। ਮਾਸੀ ਨੇ ਇਹ ਸਭ ਗੱਲਾਂ

190

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ