ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਡੀ ਲੋਹੜੀ ਮਨਾ ਦੋ
ਕੋਠੀ ਹੇਠ ਡੱਕਾ
ਥੋਨੂੰ ਰਾਮ ਦਊਗਾ ਬੱਚਾ
ਸਾਡੀ ਲੋਹੜੀ ਮਨਾ ਦੋ
ਭੈਣਾਂ ਨੂੰ ਵੀਰੇ ਦੇ ਵਿਆਹੇ ਜਾਣ ਤੇ ਭਤੀਜੇ ਦੇ ਜੰਮਣ ਦਾ ਚਾਅ ਹੁੰਦਾ ਹੈ। ਉਹ ਗੁੜ ਮੰਗਦੀਆਂ ਹੋਈਆਂ ਪ੍ਰਾਰਥਨਾ ਕਰਦੀਆਂ ਹਨ :
ਆ ਵੀਰਾ ਤੂੰ ਜਾਹ ਵੀਰਾ
ਵੰਨੀ ਨੂੰ ਲਿਆ ਵੀਰਾ
ਵੰਨੀ ਤੇਰੀ ਹਰੀ ਭਰੀ
ਰਾਜੇ ਦੇ ਦਰਬਾਰ ਖੜੀ
ਇਕ ਫੁਲ ਜਾ ਪਿਆ
ਰਾਜੇ ਦੇ ਦਰਬਾਰ ਪਿਆ
ਰਾਜੇ ਬੇਟੀ ਸੁੱਤੀ ਪਈ
ਸੁੱਤੀ ਨੂੰ ਜਗਾ ਲਿਆ
ਰੱਤੇ ਡੋਲੇ ਪਾ ਲਿਆ
ਰੱਤਾ ਡੋਲਾ ਚੀਕਦਾ
ਭਾਬੋ ਨੂੰ ਉਡੀਕਦਾ
ਭਾਬੋ ਕੁਛੜ ਗੀਗਾ
ਉਹ ਮੇਰਾ ਭਤੀਜਾ
ਭਤੀਜੇ ਪੈਰੀਂ ਕੁੜੀਆਂ
ਕਿਸ ਸੁਨਿਆਰੇ ਘੜੀਆਂ
ਆਸਾ ਰਾਮ ਨੇ ਘੜੀਆਂ
ਘੜਨ ਵਾਲਾ ਜੀਵੇ
ਘੜਾਉਣ ਵਾਲਾ ਜੀਵੇ
ਪਾ ਦੇ ਗੁੜ ਦੀ ਰੋੜੀ
ਦਾਨ ਕਰਨ ਨਾਲ ਸਾਰੇ ਕਾਰਜ ਰਾਸ ਆਉਂਦੇ ਹਨ। ਸਮੁੱਚੇ ਪਰਿਵਾਰ ਲਈ ਸ਼ੁਭ ਕਾਮਨਾਵਾਂ ਭੇਂਟ ਕਰਦੀਆਂ ਹੋਈਆਂ ਕੁੜੀਆਂ ਗਾਉਂਦੀਆਂ ਹਨ :
ਪਾ ਨੀ ਮਾਏਂ ਪਾ
ਕਾਲੇ ਕੁੱਤੇ ਨੂੰ ਵੀ ਪਾ
ਕਾਲਾ ਕੁੱਤਾ ਦਏ ਵਧਾਈ
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/153