ਪੰਨਾ:ਜ਼ਫ਼ਰਨਾਮਾ ਸਟੀਕ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੭)

ਮਨੋਰਥ ਸਰਹੰਦ ਦੇ ਗਾਰਤ ਅਰੁ ਬਰਬਾਦ ਕਰਨ ਦਾ ਸੀ ਤੇ ਤੇ ਦਸਮ ਗੁਰੂ ਜੀ ਨੇ ਭੀ ਉਸਨੂੰ ਖਾਸ ਇਸੀ ਕੰਮ ਲਈ ਪੰਜਾਬ ਵੱਲ ਭੇਜਿਆ ਸੀ ਕਿ ਉਥੋਂ ਦੁਸ਼ਟ ਹਾਕਮਾਂ ਨੂੰ ਓਹਨਾਂ ਦੇ ਕੀਤੇ ਦਾ ਫਲ ਦਿਤਾ ਜਾਵੇ॥

ਇਸ ਲਈ ਬਾਬਾ ਬੰਦਾ ਜੀ ਆਪਣੇ ਦਲ ਸੰਜੁਗਤ ਸਰਹੰਦ ਵਲ ਵਧ ਰਹੇ ਸਨ। ਬਾਬੇ ਬੰਦਾ ਜੀ ਨੇ ਆਪਣੀ ਮੁਹਿਮ ਦਾ ਪ੍ਰਬੰਧ ਇਸ ਪਰਕਾਰ ਯੋਗਤਾ ਨਾਲ ਕੀਤਾ, ਕਿ ਜਿਨ੍ਹਾਂ ਪੁਰਸ਼ਾਂ ਤੋਂ ਜ਼ੁਲਮ ਦਾ ਬਦਲਾ ਲਿਆ ਜਾਣਾਂ ਸੀ ਉਨਾਂ ਵਿਚੋਂ ਕਿਸੀ ਦਾ ਪਿੰਡ ਯਾ ਅਸਥਾਨ ਜਿਨ੍ਹਾਂ ਨਾਲ ਕਿ ਉਨਾਂ ਦਾ ਜ਼ਰਾ ਭੀ ਸਬੰਧ ਸੀ ਬਚ ਨਾ ਜਾਵੇ॥

ਸਮਾਣੇਂ ਦੇ ਲੁਟਣ ਪਿਛੋਂ 'ਕੁੰਜ ਪੁਰੇ' ਨੂੰ ਗਾਰਤ ਕਰਣ ਲਈ ਚੜ੍ਹਾਈ ਕਰ ਦਿਤੀ ਕਿਉਂ ਜੋ ਇਹ ਬਾਜੀਦ ਖਾਂ ਸੂਬੇ ਸਰਹੰਦ ਦੇ ਰਹਿਣ ਦਾ ਅਸਲੀ ਥਾਉਂ ਤੇ ਉਸਦੀ ਜਨਮ ਭੂਮੀ ਸੀ, ਸੂਬੇ ਸਰਹੰਦ ਨੇ ਏਹ ਚੜਾਈ ਦੀ ਖਬਰ ਸੁਣਕੇ ਆਪਣੇ ਸ਼ਹਿਰ ਨੂੰ ਬਚਾਉਣ ਲਈ ਦੋ ਤੋਪਾਂ ਅਤੇ ਪੰਜ ਸੌ ਸਵਾਰ ਤਿਆਰ ਕੀਤੇ ਪਰ ਉਸਤੋਂ ਪੈਹਲਾਂ ਹੀ ਕਿ ਤੋਪਾਂ ਅਤੇ ਸ਼ਾਹੀ ਲਸ਼ਕਰ ਉੱਥੇ ਪੁਜੇ, ਕੁੰਜ ਪੁਰਾ ਬਾਬਾ ਬੰਦਾ ਜੀ ਨੇ ਗਾਰਤ ਕਰ ਦਿਤਾ ਫੇਰ ਰਸਤੇ ਵਿਖੇ ਖਾਲਸੇ ਦਾ ਉਸ ਫੌਜ ਨਾਲ ਟਾਕਰਾ ਹੋਇਆ ਜੋ ਕੁੰਜ ਪੁਰੇ ਨੂੰ ਬਚਾਉਣ ਲਈ ਆਈ ਸੀ, ਪਰ ਮੁਸਲਮਾਨੀ ਫੌਜ ਖਾਲਸੇ ਦਲ ਅਗੇ ਨਾ ਠਹਿਰ ਸੱਕੀ ਤੇ ਆਪਣੀ ਪਿਠ ਦਿਖਾ ਤੋਪਾਂ ਛਡ ਭਜ ਗਈ॥

ਇਸ ਪਿਛੋਂ ਹਿੰਦੂਆਂ ਨੇ ਬਾਬੇ ਬੰਦੇ ਪਾਸ ਫਰਿਆਦ ਕੀਤੀ ਕਿ ਆਸਮਾਨ ਖਾਂ ਹਾਕਮ ਸਢੌਰਾ ਸਾਨੂੰ ਆਪਣੇ ਮੁਰਦੇ ਜਲਾਉਂਣ ਨਹੀਂ ਦਿੰਦਾ ਤੇ ਸਾਡੇ ਸਾਮਣੇ ਗਊ ਹੱਤਿਆ ਕਰਦਾ ਹੈ ਅਤੇ ਪੀਰ ਬੁਧੂਸ਼ਾਹ ਨੂੰ ਇਸ ਅਪਰਾਧ ਦੇ ਕਾਰਣ ਕਿ ਉਸਨੇ ਇਕ ਸਮੇਂ ਦਸਮ ਗੁਰੂ ਜੀਦੀ ਸਹਾਇਤਾ ਕੀਤੀ ਸੀ,ਕਤਲ ਕਰ ਦਿਤਾ ਹੈ। ਇਸ ਫਰਿਆਦ ਦੇ ਸੁਣਦੇ ਹੀ ਬਾਬਾ ਬੰਦਾ ਜੀ ਝਟ ਘੋੜੇ ਪਰ ਸਵਾਰ ਹੋ ਗਏ ਤੇ ਖਾਲਸਾ ਦਲ ਸਹਿਤ ਸਾਢੌਰੇ ਪਰ ਚੜਾਈ ਕਰ ਦਿਤੀ॥