ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ; ਯਾਨੀ ਕਿ ਜੰਗਲ ਬਣ ਕੇ ਇਨ੍ਹਾਂ ਦੇ ਭੋਜਨ ਦਾ ਪ੍ਰਬੰਧ ਕਰਨਾ ਪਵੇਗਾ ਅਤੇ ਸ਼ੇਰ ਬਣ ਕੇ ਇਨ੍ਹਾਂ ਦੀ ਗਿਣਤੀ ਵੀ ਸੈੱਟ ਰੱਖਣੀ ਪਵੇਗੀ।

(2) ਕੀ ਅਜਿਹਾ ਕਰਨਾ ਸਾਡੇ ਧਰਮ ਅਤੇ ਸੰਸਕ੍ਰਿਤੀ ਦੇ ਉਲਟ ਨਹੀਂ ਹੈ?

ਕਿਸੇ ਵੀ ਕਾਰਜ ਦਾ ਵਿਰੋਧ ਕਰਨ ਦਾ ਸਭ ਤੋਂ ਸ਼ਕਤੀਸ਼ਾਲੀ ਬਹਾਨਾ ਇਹੀ ਹੁੰਦਾ ਹੈ ਕਿ ਅਜਿਹਾ ਕਰਨਾ ਸਾਡੇ ਧਰਮ ਦੇ ਉਲਟ ਹੈ, ਸਾਡੀ ਸਭਿਅਤਾ ਦੇ ਉਲਟ ਹੈ। ਜਾਨਵਰਾਂ ਨੂੰ ਭੋਜਨ ਵਜੋਂ ਵਰਤਣ ਦੇ ਵਿਰੋਧ ਵਿੱਚ ਵੀ ਇਹੀ ਹਾਲ ਦੁਹਾਈ ਪਾਈ ਜਾਂਦੀ ਹੈ। ਪ੍ਰੰਤੂ ਅਜਿਹਾ ਕਹਿਣ ਵਾਲੇ ਇਸ ਤੱਥ ਤੋਂ ਅਣਜਾਣ ਜਾਪਦੇ ਹਨ ਕਿ ਹਿੰਦੂ ਧਰਮ ਵਿੱਚ ਮਾਸ ਖਾਣ ਦਾ ਵਿਰੋਧ ਸਦਾ ਤੋਂ ਨਹੀਂ ਸੀ। ਹੋਰ ਮਾਸ ਖਾਣ ਦੀ ਤਾਂ ਗੱਲ ਛੱਡੋ ਵੈਦਿਕ ਕਾਲ ਵਿੱਚ ਗਊ ਮਾਸ ਖਾਣਾ ਵੀ ਇੱਕ ਆਮ ਗੱਲ ਸੀ ਜਿਸ ਵਿੱਚ ਬ੍ਰਾਹਮਣ ਸਭ ਤੋਂ ਅੱਗੇ ਹੁੰਦੇ ਸਨ, ਚਾਹੇ ਅੱਜ ਇਹ ਗੱਲ ਬਹੁਤੇ ਲੋਕਾਂ ਨੂੰ ਨਾ ਮੰਨਣ ਯੋਗ ਲਗਦੀ ਹੈ। ਇਸੇ ਕਰਕੇ ਹਿੰਦੂ ਧਰਮ ਦੇ ਮਸ਼ਹੂਰ ਵਿਆਖਿਆਕਾਰ ਸਵਾਮੀ ਵਿਵੇਕਾਨੰਦ ਲਿਖਦੇ ਹਨ, ‘ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਚੀਨ ਕਰਮਕਾਂਡ ਮੁਤਾਬਿਕ ਉਹ ਅੱਛਾ ਹਿੰਦੂ ਨਹੀਂ ਜੋ ਗਊ ਮਾਸ ਨਹੀਂ ਖਾਂਦਾ। ਉਸ ਨੂੰ ਕੁਝ ਨਿਸਚਿਤ ਅਵਸਰਾਂ ਉੱਤੇ ਬਲਦਾਂ ਦੀ ਬਲੀ ਦੇ ਕੇ ਉਨ੍ਹਾਂ ਦਾ ਮਾਸ ਜਰੂਰ ਖਾਣਾ ਹੁੰਦਾ ਸੀ।' (ਦ ਕੰਪਲੀਟ ਵਰਕਸ ਆਫ਼ ਵਿਵੇਕਾਨੰਦ, ਜਿਲਦ 3 ਸਫਾ 536)

ਇਸੇ ਤਰ੍ਹਾਂ ਰਿਗਵੇਦ ਦੀ ਵਿਆਖਿਆ 'ਤੇ ਆਧਾਰਿਤ ਪ੍ਰਚੀਨ ਗ੍ਰੰਥ 'ਏਤਰੇਯ ਬ੍ਰਾਹਮਣ' ਵਿੱਚ ਬਲੀ ਸਮੇਂ ਪਸ਼ੂ ਨੂੰ ਮਾਰੇ ਜਾਣ ਦੀ ਵਿਧੀ ਅਤੇ ਫਿਰ ਉਸ ਦੇ ਮਾਸ ਨੂੰ ਵੰਡਣ ਦਾ ਵੇਰਵਾ ਦਿੱਤਾ ਗਿਆ ਹੈ। ਡਾ. ਵੀ. ਐੱਮ. ਆਮਟੇ ਦੀ ਲਿਖਤ

133