ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਦ ਵੈਦਿਕ ਏਜ' (The Vedic Age) ਅਤੇ ਸ੍ਰੀ ਮੁਕੰਦੀ ਲਾਲ ਦੀ ਪੁਸਤਕ (COW Slaugter: Horns of Dilemma) ਆਦਿ ਵਿੱਚ ਵੀ ਵੇਦਾਂ ਦੇ ਸੂਤਰਾਂ ਦੇ ਹਵਾਲੇ ਦੇ ਕੇ ਸਪਸ਼ਟ ਤੌਰ 'ਤੇ ਦਰਸਾਇਆ ਗਿਆ ਹੈ ਕਿ ਕਿਵੇਂ ਵਿਆਹ ਸਮੇਂ ਲਾੜਾ ਅਤੇ ਲਾੜੀ ਲਾਲ ਬੈਲ ਦੀ ਖੁੱਲ੍ਹ ਉੱਤੇ ਬੈਠਦੇ ਸਨ ਜੋ ਉਸੇ ਸਮੇਂ ਬਰਾਤੀਆਂ ਨੂੰ ਪਰੋਸਣ ਲਈ ਮਾਰਿਆ ਗਿਆ ਹੁੰਦਾ ਸੀ। ਇਸੇ ਤਰ੍ਹਾਂ ਹੋਰ ਧਾਰਮਿਕ ਸਮਾਜਿਕ ਮੌਕਿਆਂ ਉੱਤੇ ਵੀ ਗਊ ਮਾਸ ਦੀ ਆਮ ਵਰਤੋਂ ਹੁੰਦੀ ਸੀ।

ਅਸਲ ਵਿੱਚ ਗਊ ਹੱਤਿਆ ਨੂੰ ਰੋਕਣਾ ਉਸ ਸਮੇਂ ਦੀਆਂ ਆਰਥਿਕ ਲੋੜਾਂ ਵਿਚੋਂ ਪੈਦਾ ਹੋਇਆ। ਉਸ ਦੌਰ ਵਿੱਚ ਖੇਤੀਬਾੜੀ ਵਿਕਸਿਤ ਹੋ ਚੁੱਕੀ ਸੀ ਖਾਸ ਕਰ ਭਾਰਤ ਵਰਗੇ ਉਪਜਾਊ ਭੂਮੀ ਵਾਲੇ ਦੇਸ਼ ਵਿੱਚ ਤਾਂ ਇਹ ਭੋਜਨ ਪੈਦਾ ਕਰਨ ਦਾ ਬਹੁਤ ਸੌਖਾ ਅਤੇ ਸਫਲ ਢੰਗ ਸੀ। ਖੇਤੀਬਾੜੀ ਦੇ ਉਸ ਦੌਰ ਵਿੱਚ ਗਾਵਾਂ ਨੂੰ ਮਾਰ ਕੇ ਖਾਣ ਨਾਲੋਂ ਉਨ੍ਹਾਂ ਦਾ ਦੁੱਧ ਪੀਣਾ ਅਤੇ ਖੇਤੀ ਵਿੱਚ ਵਰਤੋਂ ਲਈ ਵੱਛੇ ਪ੍ਰਾਪਤ ਕਰਨਾ ਜਿਆਦਾ ਲਾਭਦਾਇਕ ਸੀ। ਇਸ ਆਰਥਿਕ ਲੋੜ ਨੂੰ ਅੱਗੋਂ ਜੈਨ ਅਤੇ ਬੁੱਧ ਧਰਮ ਦੇ ਅਹਿੰਸਾਵਾਦੀ ਪ੍ਰਚਾਰ ਨੇ ਹੋਰ ਹੁਲਾਰਾ ਦਿੱਤਾ। ਲੋਕਾਂ ਵਿੱਚ ਗਊ ਹੱਤਿਆ ਵਿਰੋਧੀ ਭਾਵਨਾਵਾਂ ਮਜਬੂਤ ਹੋ ਗਈਆਂ ਅਜੋਕੇ ਦੌਰ ਵਿੱਚ ਗਾਵਾਂ ਅਤੇ ਬਲਦਾਂ ਦੀ ਉਪਰੋਕਤ ਮਹੱਤਤਾ ਵੇਲਾ ਵਿਹਾ ਚੁੱਕੀ ਹੈ।

ਬਾਕੀ ਧਰਮਾਂ ਵਿਚੋਂ ਮੁਸਲਿਮ ਅਤੇ ਈਸਾਈ ਧਰਮਾਂ ਦਾ ਤਾਂ ਮੀਟ ਖਾਧੇ ਜਾਣ ਨਾਲ ਕੋਈ ਵਿਰੋਧ ਹੀ ਨਹੀਂ ਹੈ। ਸਿੱਖ ਧਰਮ ਦਾ ਵੀ ਮਨੁੱਖੀ ਭੋਜਨ ਦੀਆਂ ਲੋੜਾਂ ਲਈ ਜਾਨਵਰ ਮਾਰ ਕੇ ਖਾਧੇ ਜਾਣ ਨਾਲ ਕੋਈ ਸਿਧਾਂਤਕ ਵਿਰੋਧ ਨਹੀਂ ਹੈ ਪ੍ਰੰਤੂ ਹਿੰਦੂ ਧਰਮ ਦੇ ਸਭਿਆਚਾਰਕ ਹੇਠ ਗਊ ਮਾਸ ਜਰੂਰ ਨਹੀਂ ਖਾਧਾ ਜਾਂਦਾ। ਸੋ

134