ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੁੱਚੇ ਤੌਰ 'ਤੇ ਧਾਰਮਿਕ ਭਾਵਨਾਵਾਂ ਦੀ ਆੜ ਵਿੱਚ ਕਿਸੇ ਵੀ ਜਾਨਵਰ ਦਾ ਮਾਸ ਖਾਧੇ ਜਾਣ ਦਾ ਵਿਰੋਧ ਕਰਨਾ ਜਾਇਜ਼ ਨਹੀਂ ਬਣਦਾ।

(3) ਕੀ ਮੀਟ ਪ੍ਰਾਪਤ ਕਰਨ ਲਈ ਜਾਨਵਰਾਂ ਨੂੰ ਮਾਰਨਾ ਇਨ੍ਹਾਂ ਉੱਤੇ ਜ਼ੁਲਮ ਨਹੀਂ?

ਨਿਸਚੇ ਹੀ ਕਿਸੇ ਵੀ ਕੋਮਲ ਭਾਵੀ ਮਨੁੱਖ ਲਈ ਕਿਸੇ ਜੀਵ ਨੂੰ ਜਾਨ ਤੋਂ ਮਾਰਨਾ ਜਾਂ ਜਾਨ ਤੋਂ ਮਾਰੇ ਜਾਣਾ ਦੇਖਣਾ ਦੁਖਦਾਈ ਹੁੰਦਾ ਹੈ। ਪਰ ਕੀ ਭੁੱਖ ਤੇਰ੍ਹ ਨਾਲ ਤਰਸਦੇ, ਟੁੱਟੀਆਂ ਹੱਡੀਆਂ ਲਈ ਫਿਰਦੇ, ਥਾਂ ਥਾਂ ਤੋਂ ਡਾਂਗਾਂ ਖਾਂਦੇ, ਤਸੀਹੇ ਝਲਦੇ ਦੇਖਣਾ ਜਿਆਦਾ ਦੁਖਦਾਈ ਨਹੀਂ ਹੁੰਦਾ? ਬਹੁਤੀਆਂ ਹਾਲਤਾਂ ਵਿੱਚ ਤਾਂ ਮੌਤ ਉਹਨਾਂ ਲਈ ਨਿੱਤ ਦੇ ਕਸ਼ਟਾਂ ਤੋਂ ਮੁਕਤੀ ਬਣ ਕੇ ਬਹੁੜਦੀ ਹੈ। ਚਾਹੀਦਾ ਤਾਂ ਇਹ ਹੈ ਕਿ ਜਿੰਨੇ ਜਾਨਵਰ ਜਿੰਦਾ ਹੋਣ, ਜਿੰਨਾਂ ਸਮਾਂ ਜਿੰਦਾ ਰਹਿਣ, ਉਨ੍ਹਾਂ ਸਭਨਾਂ ਦੀ ਵਧੀਆ ਦੇਖ ਭਾਲ ਹੋਵੇ ਅਤੇ ਉਹ ਕਸ਼ਟਾਂ, ਤਸੀਹਿਆਂ ਤੋਂ ਰਹਿਤ ਜੀਵਨ ਜਿਉਣ। ਪ੍ਰੰਤੂ ਨਾ ਤਾਂ ਉਨ੍ਹਾਂ ਨੂੰ ਮਰਨ ਦੇਣਾ ਅਤੇ ਨਾ ਚੱਜ ਨਾਲ ਜਿਉਣ ਦੇਣਾ ਕਿਧਰਲੀ ਭਲਾਈ ਹੈ?

ਇਸ ਗੱਲ ਨੂੰ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਪਸ਼ੂ ਨੂੰ ਮਾਰੇ ਜਾਣ ਵਾਲੇ ਪਲ ਤੀਕ ਉਸ ਨੂੰ ਕੋਈ ਸਰੀਰਕ ਕਸ਼ਟ ਨਾ ਹੋਵੇ। ਸਾਡੇ ਦੇਸ਼ ਵਿੱਚ ਬੁੱਚੜਖਾਨਿਆਂ ਨੂੰ ਲਿਜਾਏ ਜਾਣ ਸਮੇਂ ਪਸ਼ੂਆਂ ਨਾਲ ਬਹੁਤ ਬੇਰਹਿਮੀ ਵਾਲਾ ਸਲੂਕ ਕੀਤਾ ਜਾਂਦਾ ਹੈ। ਟਰੱਕਾਂ ਵਿੱਚ ਨੂੜ ਨੂੜ ਕੇ ਇੱਕ ਦੂਜੇ ਦੇ ਉਪਰ ਸੁੱਟਿਆ ਜਾਂਦਾ ਹੈ ਜਿਸ ਨਾਲ ਬਹੁਤ ਸਾਰਿਆਂ ਦੀਆਂ ਹੱਡੀਆਂ ਟੁੱਟ ਜਾਂਦੀਆਂ ਹਨ, ਦਮ ਘੁੱਟ ਜਾਂਦਾ ਹੈ ਅਤੇ ਭੁੱਖ ਤ੍ਰੇਹ ਨਾਲ ਅਧਮੋਈ ਹਾਲਤ ਵਿੱਚ ਪਹੁੰਚਾਏ ਜਾਂਦੇ ਹਨ।

135