ਅਨੁਵਾਦ:ਦਿਹਾਤੀ ਡਾਕਟਰ

ਵਿਕੀਸਰੋਤ ਤੋਂ
Jump to navigation Jump to search
ਦਿਹਾਤੀ ਡਾਕਟਰ
ਫ਼ਰਾਂਜ਼ ਕਾਫ਼ਕਾ, ਅਨੁਵਾਦਕ ਚਰਨ ਗਿੱਲ

ਮੈਂ ਬੜੀ ਮੁਸ਼ਕਲ ਵਿੱਚ ਸੀ। ਦਸ ਮੀਲ ਦੂਰ ਇੱਕ ਪਿੰਡ ਵਿੱਚ ਇੱਕ ਬਹੁਤ ਬੀਮਾਰ ਮਰੀਜ਼ ਮੇਰਾ ਰਾਹ ਵੇਖ ਰਿਹਾ ਸੀ। ਮੇਰੇ ਅਤੇ ਉਸ ਦੇ ਦਰਮਿਆਨ ਦੀ ਸਾਰੀ ਜਗ੍ਹਾ ਬਰਫ ਦੇ ਤੇਜ਼ ਤੂਫਾਨ ਨੇ ਮੱਲ ਰੱਖੀ ਸੀ। ਮੇਰੇ ਕੋਲ ਇੱਕ ਘੋੜਾ ਗੱਡੀ ਸੀ। ਇਹ ਵੱਡੇ ਪਹੀਆਂ ਵਾਲੀ ਹਲਕੀ ਜਿਹੀ ਗੱਡੀ ਸੀ ਜੋ ਸਾਡੀਆਂ ਪੇਂਡੂ ਸੜਕਾਂ ਲਈ ਬਿਲਕੁਲ ਢੁਕਵੀਂ ਸੀ। ਮੈਂ ਖੱਲ ਦੇ ਲਿਬਾਸ ਵਿੱਚ ਲਿਪਟਿਆ ਹੋਇਆ ਔਜਾਰਾਂ ਦਾ ਬੈਗ ਸੰਭਾਲ ਚਲਣ ਲਈ ਬਿਲਕੁਲ ਤਿਆਰ ਵਿਹੜੇ ਵਿੱਚ ਖੜ੍ਹਾ ਸੀ। ਮਗਰ ਕੋਈ ਘੋੜਾ ਨਹੀਂ ਮਿਲ ਰਿਹਾ ਸੀ। ਕੋਈ ਘੋੜਾ। ਮੇਰਾ ਆਪਣਾ ਘੋੜਾ ਇਸ ਬਰਫ਼ੀਲੇ ਸਿਆਲਾਂ ਦੀ ਥਕਾਵਟ ਨਾਲ ਨਿਢਾਲ ਹੋ ਬੀਤੀ ਰਾਤ ਮਰ ਗਿਆ ਸੀ। ਮੇਰੀ ਨੌਕਰ ਕੁੜੀ ਹੁਣ ਪਿੰਡ ਵਿੱਚ ਭੱਜੀ ਫਿਰ ਰਹੀ ਸੀ ਕਿ ਕਿਤੋਂ ਕੋਈ ਘੋੜਾ ਮੰਗਵਾਂ ਮਿਲ ਜਾਵੇ। ਪਰ ਨਹੀਂ, ਮਹਿਜ਼ ਬੇਕਾਰ - ਇਹ ਮੈਂ ਜਾਣਦਾ ਸੀ - ਅਤੇ ਬੇਬਸੀ ਦੇ ਆਲਮ ਵਿੱਚ ਖੜ੍ਹਾ ਹੋਇਆ ਸੀ। ਮੇਰੇ ’ਤੇ ਬਰਫ ਚੜ੍ਹਦੀ ਜਾ ਰਹੀ ਸੀ ਅਤੇ ਮੇਰਾ ਹਿੱਲਣਾ-ਜੁੱਲਣਾ ਮੁਸ਼ਕਲ ਹੋਰ ਮੁਸ਼ਕਲ ਹੁੰਦਾ ਜਾ ਰਿਹਾ ਸੀ। ਕੁੜੀ ਫਾਟਕ ਵਿੱਚ ਵੜਦੀ ਵਿਖਾਈ ਦਿੱਤੀ ਇਕੱਲੀ ਅਤੇ ਉਹ ਲਾਲਟੈਨ ਲਹਿਰਾ ਰਹੀ ਸੀ। ਸਪਸ਼ਟ ਸੀ, ਇਸ ਵਕਤ ਅਜਿਹੇ ਸਫ਼ਰ ਲਈ ਕੌਣ ਆਪਣਾ ਘੋੜਾ ਦਿੰਦਾ? ਮੈਂ ਇੱਕ ਵਾਰ ਫਿਰ ਵਿਹੜੇ ਦੇ ਪਾਰ ਚਲਾ ਗਿਆ। ਮੈਨੂੰ ਸਮਝ ਨਹੀਂ ਆਇਆ ਕਿ ਕੀ ਕਰਾਂ। ਮੈਂ ਪਰੇਸ਼ਾਨ ਅਤੇ ਉਚਾਟ ਸੀ। ਮੈਂ ਸਾਲਾਂ ਤੋਂ ਖ਼ਾਲੀ ਪਏ ਸੂਰਾਂ ਦੇ ਬਾੜੇ ਦੇ ਟੁੱਟੇ-ਫੁੱਟੇ ਬੂਹੇ ਉੱਤੇ ਇੱਕ ਬੂਟ ਦਾ ਠੇਡਾ ਮਾਰਿਆ। ਬੂਹਾ ਧੜੰਮ ਦੇਣੀਂ ਖੁੱਲ੍ਹ ਗਿਆ ਅਤੇ ਆਪਣੀਆਂ ਚੂਲਾਂ ਉੱਤੇ ਏਧਰ-ਉੱਧਰ ਹਿੱਲਣ ਲਗਾ। ਅੰਦਰ ਤੋਂ ਘੋੜਿਆਂ ਦੀ ਭੜਦਾਅ ਅਤੇ ਗੰਧ ਵਰਗਾ ਭਮੂਕਾ ਜਿਹਾ ਬਾਹਰ ਨਿਕਲਿਆ। ਅੰਦਰ ਅਸਤਬਲ ਦੀ ਟਿਮਟਿਮਾਉਂਦੀ ਹੋਈ ਲਾਲਟੈਨ ਇੱਕ ਰੱਸੀ ਨਾਲ ਝੂਟ ਰਹੀ ਸੀ। ਇਸ ਤੰਗ ਨੀਵੀਂ ਜਗ੍ਹਾ ਵਿੱਚ ਗੋਡਿਆਂ ਭਾਰ ਰੀਂਗਦੇ ਹੋਏ ਇੱਕ ਆਦਮੀ ਦਾ ਨੀਲੀਆਂ ਅੱਖਾਂ ਵਾਲਾ ਖੁੱਲ੍ਹਾ ਚਿਹਰਾ ਨਜ਼ਰ ਆਇਆ।

“ਘੋੜੇ ਜੋੜ ਦੇਵਾਂ?” ਉਸਨੇ ਰੀਂਗ ਕੇ ਬਾਹਰ ਆਉਂਦੇ ਹੋਏ ਪੁੱਛਿਆ। ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕੀ ਕਹਾਂ। ਮੈਂ ਮਹਿਜ਼ ਇਹ ਦੇਖਣ ਲਈ ਝੁਕ ਗਿਆ ਕਿ ਬਾੜੇ ਦੇ ਅੰਦਰ ਹੋਰ ਕੀ ਕੀ ਹੈ। ਨੌਕਰ ਕੁੜੀ ਮੇਰੇ ਕੋਲ ਹੀ ਖੜ੍ਹੀ ਹੋਈ ਸੀ।

“ਬੰਦੇ ਨੂੰ ਕਦੇ ਪਤਾ ਨਹੀਂ ਹੁੰਦਾ ਕਿ ਉਸ ਨੂੰ ਖ਼ੁਦ ਆਪਣੇ ਘਰ ਵਿੱਚ ਕੀ ਮਿਲਣ ਜਾ ਰਿਹਾ ਹੈ,” ਉਹ ਬੋਲੀ ਅਤੇ ਅਸੀਂ ਦੋਨੋਂ ਹੱਸ ਪਏ।

“ਓ, ਭਾਈ ਸਾਹਿਬ, ਓ, ਭੈਣ ਜੀ!” ਸਾਈਸ ਨੇ ਆਵਾਜ਼ ਦਿੱਤੀ ਅਤੇ ਮਜ਼ਬੂਤ ਪੱਠਿਆਂ ਵਾਲੇ ਜ਼ਬਰਦਸਤ ਜਾਨਵਰ, ਟੰਗਾਂ ਜਿਸਮਾਂ ਨਾਲ ਬਿਲਕੁਲ ਸਟੀਆਂ ਹੋਈਆਂ, ਦੋਨੋਂ ਆਪਣੇ ਖ਼ੂਬਸੂਰਤ ਸਿਰ ਊਠ ਵਾਂਗ ਨੀਵੇਂ ਕਰਕੇ, ਇੱਕ ਦੂਜੇ ਦੇ ਅੱਗੇ ਪਿਛੇ, ਕੇਵਲ ਆਪਣੀਆਂ ਪਿੱਠਾਂ ਦੇ ਬਲ ਖਿਸਕਦੇ ਹੋਏ ਬੂਹੇ ਦੀ ਤੰਗ ਜਗ੍ਹਾ ਵਿੱਚ ਦੀ ਸਿਮਟ ਕੇ ਦੋ ਘੋੜੇ ਬਾਹਰ ਨਿਕਲੇ। ਲੇਕਿਨ ਬਾਹਰ ਆਉਂਦੇ ਹੀ ਉਹ ਖੜ੍ਹੇ ਹੋ ਗਏ। ਉਨ੍ਹਾਂ ਦੀ ਟੰਗਾਂ ਲੰਮੀਆਂ ਅਤੇ ਜਿਸਮ ਗੱਠਵੇਂ ਸਨ।

“ਇਸ ਦਾ ਹੱਥ ਬਟਾਓ” ਮੈਂ ਕਿਹਾ ਅਤੇ ਕੁੜੀ ਆਗਿਆਕਾਰਤਾ ਦੇ ਨਾਲ ਘੋੜਿਆਂ ਤੇ ਸਾਜ਼ ਚੜ੍ਹਾਉਣ ਵਿੱਚ ਸਾਈਸ ਦੀ ਮਦਦ ਕਰਨ ਲਈ ਅੱਗੇ ਵਧੀ। ਪਰ ਉਹ ਉਸ ਦੇ ਕੋਲ ਪਹੁੰਚੀ ਹੀ ਸੀ ਕਿ ਸਾਈਸ ਨੇ ਉਸਨੂੰ ਦਬੋਚ ਲਿਆ ਅਤੇ ਆਪਣਾ ਚਿਹਰਾ ਉਸ ਦੇ ਚਿਹਰੇ ਨਾਲ ਚਿਪਕਾ ਦਿੱਤਾ। ਉਹ ਚੀਖ਼ ਪਈ ਅਤੇ ਮੇਰੇ ਕੋਲ ਭੱਜ ਆਈ। ਉਸ ਦੀ ਗੱਲ੍ਹ ਉੱਤੇ ਦੰਦਾਂ ਦੀਆਂ ਦੋ ਕਤਾਰਾਂ ਦੇ ਸੁਰਖ਼ ਨਿਸ਼ਾਨ ਉਭਰੇ ਹੋਏ ਸਨ।

“ਡੰਗਰ ਕਿਤੇ ਦਾ!” ਮੈਂ ਗੁੱਸੇ ਵਿਚ ਚੀਖਿਆ,“ਕੀ ਚਾਬੁਕ ਖਾਣ ਨੂੰ ਜੀ ਕਰ ਰਿਹਾ ਹੈ?” ਲੇਕਿਨ ਇਸ ਪਲ ਮੈਨੂੰ ਖਿਆਲ ਆ ਗਿਆ ਕਿ ਇਹ ਆਦਮੀ ਅਜਨਬੀ ਹੈ। ਮੈਂ ਜਾਣਦਾ ਵੀ ਨਹੀਂ ਕਿ ਇਹ ਕਿੱਥੋਂ ਦਾ ਹੈ ਅਤੇ ਇਹ ਕਿ ਅਜਿਹੇ ਵਕਤ ਜਦੋਂ ਹੋਰ ਸਭ ਲੋਕ ਜਵਾਬ ਦੇ ਚੁੱਕੇ ਹਨ ਆਪਣੀ ਖੁਸ਼ੀ ਨਾਲ ਮੇਰੀ ਮਦਦ ਕਰ ਰਿਹਾ ਹੈ। ਉਸ ਨੂੰ ਜਿਵੇਂ ਮੇਰੇ ਖ਼ਿਆਲਾਂ ਦੀ ਭਿਣਕ ਲੱਗ ਗਈ ਇਸ ਲਈ ਉਹ ਮੇਰੀ ਧਮਕੀ ਦਾ ਉੱਕਾ ਬੁਰਾ ਨਾ ਮੰਨਾਉਂਦਾ ਸਗੋਂ ਉਸੇ ਤਰ੍ਹਾਂ ਘੋੜੇ ਜੋੜਨ ਲੱਗਿਆ ਰਿਹਾ ਅਤੇ ਫਿਰ ਕਹਿੰਦਾ ਹੈ, “ਬੈਠੋ।” ਮੈਂ ਵੇਖਦਾ ਹਾਂ ਕਿ ਘੋੜਿਆਂ ਦੀ ਅਜਿਹੀ ਸ਼ਾਨਦਾਰ ਜੋੜੀ ਤੇ ਮੈਂ ਪਹਿਲਾਂ ਕਦੇ ਸਵਾਰੀ ਨਹੀਂ ਸੀ ਕੀਤੀ ਅਤੇ ਮੈਂ ਖੁਸ਼ੀ ਖੁਸ਼ੀ ਗੱਡੀ ਵਿੱਚ ਬੈਠ ਜਾਂਦਾ ਹਾਂ।

“ਪਰ ਮੈਂ ਹੱਕਾਂਗਾ, ਤੈਨੂੰ ਰਸਤਾ ਨਹੀਂ ਪਤਾ,” ਮੈਂ ਕਿਹਾ।

“ਬਿਲਕੁਲ,” ਉਹ ਬੋਲਿਆ। “ਮੈਂ ਤੁਹਾਡੇ ਨਾਲ ਨਹੀਂ ਜਾ ਰਿਹਾ ਹਾਂ। ਮੈਂ ਰੋਜ਼ਾ ਦੇ ਕੋਲ ਰਹਾਗਾਂ।”

“ਨਹੀਂ !” ਰੋਜ਼ਾ ਇਸ ਧੜਕੂ ਦੇ ਨਾਲ ਕਿ ਉਸ ਦੀ ਸ਼ਾਮਤ ਆਕੇ ਰਹੇਗੀ ਚੀਖ਼ਦੀ ਹੋਈ ਘਰ ਦੇ ਅੰਦਰ ਭੱਜ ਜਾਂਦੀ ਹੈ। ਮੈਂ ਉਸ ਦੇ ਬੂਹੇ ਬੰਦ ਕਰਕੇ ਕੁੰਡੀ ਲਾਉਣ ਦੀ ਖੜਖੜਾਹਟ ਸੁਣੀ। ਮੈਂ ਜੰਦਰੇ ਵਿੱਚ ਕੁੰਜੀ ਦੀ ਕੜਿੱਕ ਦੀ ਆਵਾਜ ਸੁਣੀ। ਮੈਂ ਵੇਖ ਰਿਹਾ ਹਾਂ ਕਿ ਕਿਸ ਤਰ੍ਹਾਂ ਉਹ ਭੱਜੀ-ਭੱਜੀ ਡਿਉੜੀ ਅਤੇ ਦੂਜੇ ਕਮਰਿਆਂ ਦੀਆਂ ਰੋਸ਼ਨੀਆਂ ਬੁਝਾਉਂਦੀ ਫਿਰ ਰਹੀ ਹੈ ਤਾਂਕਿ ਫੜ੍ਹੀ ਜਾਣ ਤੋਂ ਬਚ ਸਕੇ।

“ਤੂੰ ਮੇਰੇ ਨਾਲ ਚੱਲੇਂਗਾ,” ਮੈਂ ਸਾਈਸ ਨੂੰ ਕਿਹਾ। “ਨਹੀਂ ਤਾਂ ਮੈਂ ਨਹੀਂ ਜਾਂਦਾ। ਮੇਰਾ ਜਾਣਾ ਭਾਵੇਂ ਜ਼ਰੂਰੀ ਹੀ ਹੈ ਪਰ ਮੈਂ ਇਸ ਦੀ ਇਹ ਕੀਮਤ ਤਾਂ ਦੇਣ ਤੋਂ ਰਿਹਾ ਕਿ ਕੁੜੀ ਨੂੰ ਤੇਰੇ ਹਵਾਲੇ ਕਰ ਜਾਵਾਂ।”

“ਹੁਰਰਰ ਹੇ, ਚੱਲੋ,” ਉਹ ਕਹਿੰਦਾ ਹੈ ਅਤੇ ਤਾੜੀ ਮਾਰਦਾ ਹੈ ਅਤੇ ਗੱਡੀ ਹਵਾ ਹੋ ਜਾਂਦੀ ਹੈ ਜਿਵੇਂ ਤੇਜ਼ ਪਾਣੀ ਦੀ ਧਾਰਾ ਵਿੱਚ ਲੱਕੜ ਦਾ ਟੋਟਾ। ਮੈਂ ਬਸ ਸਾਈਸ ਦੇ ਹੱਲੇ ਨਾਲ ਆਪਣੇ ਘਰ ਦਾ ਬੂਹਾ ਟੁੱਟਣ ਦੀ ਆਵਾਜ਼ ਹੀ ਸੁਣ ਸਕਿਆ ਅਤੇ ਫਿਰ ਤੂਫਾਨ ਦੀ ਗਰਜ ਨੇ ਮੇਰੇ ਕੰਨ ਅਤੇ ਅੱਖਾਂ ਨੂੰ ਪੂਰੀ ਤਰ੍ਹਾਂ ਦਬੋਚ ਲੈਂਦੀ ਹੈ ਅਤੇ ਮੇਰੇ ਹੋਸ਼-ਹਵਾਸ ਵੀ ਤੁਰਤ ਮੁੰਦ ਦਿੱਤੇ। ਪਰ ਸਿਰਫ ਇੱਕ ਪਲ ਲਈ। ਮੈਂ ਪਹੁੰਚ ਵੀ ਚੁੱਕਾ ਹਾਂ। ਜਿਵੇਂ ਮੇਰੇ ਮਰੀਜ਼ ਦਾ ਬਾੜਾ ਮੇਰੇ ਅਹਾਤੇ ਦੇ ਬੂਹੇ ਐਨ ਸਾਹਮਣੇ ਹੋਵੇ। ਘੋੜੇ ਚੁਪਚਾਪ ਰੁਕ ਜਾਂਦੇ ਹਨ। ਤੂਫਾਨ ਥੰਮ ਚੁੱਕਿਆ ਹੈ। ਚਾਨਣੀ ਸਾਰੇ ਪਾਸੇ ਫੈਲੀ ਹੋਈ ਹੈ।

ਮੇਰੇ ਮਰੀਜ਼ ਦੇ ਮਾਂ ਬਾਪ ਦੌੜੇ ਦੌੜੇ ਘਰੋਂ ਬਾਹਰ ਨਿਕਲਦੇ ਹਨ। ਉਸ ਦੀ ਭੈਣ ਉਨ੍ਹਾਂ ਦੇ ਪਿੱਛੇ ਪਿੱਛੇ। ਮੈਨੂੰ ਗੱਡੀ ਵਿੱਚੋਂ ਜਿਵੇਂ ਚੁੱਕ ਹੀ ਲਿਆ ਜਾਂਦਾ ਹੈ। ਉਨ੍ਹਾਂ ਦੀਆਂ ਬਹਿਕੀਆਂ-ਬਹਿਕੀਆਂ ਗੱਲਾਂ ਦਾ ਕੁਝ ਵੀ ਮੇਰੀ ਸਮਝ ਨਹੀਂ ਪੈਂਦਾ। ਬੀਮਾਰ ਦੇ ਕਮਰੇ ਦੀ ਹਵਾ ਵਿੱਚ ਸਾਹ ਲੈਣਾ ਮੁਸ਼ਕਲ ਹੈ। ਬੇਧਿਆਨ ਪਈ ਭੱਠੀ ਧੂੰਆਂ ਕਰ ਰਹੀ ਹੈ। ਮੈਂ ਚਾਹਿਆ ਕਿ ਖਿੜਕੀ ਖੋਲ੍ਹ ਦੇਵਾਂ ਪਰ ਪਹਿਲਾਂ ਆਪਣਾ ਮਰੀਜ਼ ਵੇਖਣ ਲੱਗ ਜਾਂਦਾ ਹਾਂ। ਸੁੱਕਾ ਪਤਲਾ, ਬੁਖਾਰ ਬਿਲਕੁਲ ਨਹੀਂ, ਨਾ ਠੰਡਾ, ਨਾ ਗਰਮ, ਅੱਖਾਂ ਖ਼ਾਲੀ-ਖ਼ਾਲੀ, ਪਿੰਡੇ ਤੇ ਕੁੜਤਾ ਨਹੀਂ, ਇਹ ਨੌਜਵਾਨ ਖੰਭਾਂ ਦੀ ਰਜ਼ਾਈ ਦੇ ਹੇਠੋਂ ਖ਼ੁਦ ਨੂੰ ਉਠਾਉਂਦਾ ਹੈ ਅਤੇ ਆਪਣੀਆਂ ਬਾਹਾਂ ਮੇਰੇ ਗਲ ਵਿੱਚ ਪਾ ਦਿੰਦਾ ਹੈ ਅਤੇ ਮੇਰੇ ਕੰਨ ਵਿੱਚ ਘੁਸਰ-ਮੁਸਰ ਕਰਦਾ ਹੈ: “ਡਾਕਟਰ ਮੈਨੂੰ ਮਰ ਜਾਣ ਦਿਓ।”

ਮੈਂ ਕਮਰੇ ਵਿੱਚ ਚਾਰੇ ਪਾਸੇ ਵੇਖਦਾ ਹਾਂ। ਕਿਸੇ ਨੇ ਇਹ ਗੱਲ ਸੁਣੀ ਨਹੀਂ ਹੈ। ਮਾਂ ਬਾਪ ਖ਼ਾਮੋਸ਼ੀ ਨਾਲ ਅੱਗੇ ਝੁਕੇ ਹੋਏ ਉਡੀਕ ਕਰ ਰਹੇ ਹਨ ਕਿ ਮੈਂ ਕੀ ਦੱਸਦਾ ਹਾਂ। ਭੈਣ ਨੇ ਮੇਰੇ ਹੈਂਡ ਬੈਗ ਲਈ ਇੱਕ ਸਟੂਲ ਲਿਆ ਦਿੱਤਾ ਹੈ। ਮੈਂ ਬੈਗ ਖੋਲ੍ਹ ਕੇ ਆਪਣੇ ਔਜਾਰ ਟਟੋਲਣ ਲੱਗਦਾ ਹਾਂ। ਨੌਜਵਾਨ ਆਪਣੀ ਬੇਨਤੀ ਦੀ ਯਾਦ ਕਰਵਾਉਣ ਲਈ ਆਪਣੇ ਬੈੱਡ ਤੋਂ ਮੇਰੇ ਵੱਲ ਨੂੰ ਉੱਲਰ ਰਿਹਾ ਹੈ। ਮੈਂ ਦੋ ਮੋਚਨੇ ਚੁੱਕਦਾ ਹਾਂ। ਮੋਮਬੱਤੀ ਦੀ ਰੋਸ਼ਨੀ ਵਿੱਚ ਉਨ੍ਹਾਂ ਦੀ ਨਿਰਖ ਕਰਦਾ ਹਾਂ ਅਤੇ ਫਿਰ ਵਾਪਸ ਰੱਖ ਦਿੰਦਾ ਹਾਂ।

“ਹਾਂ,” ਮੈਂ ਕਾਫ਼ਿਰਾਨਾ ਅੰਦਾਜ਼ ਵਿੱਚ ਸੋਚਦਾ ਹਾਂ। “ਅਜਿਹੇ ਮੌਕੇ ਦੇਵਤੇ ਕੰਮ ਆਉਂਦੇ ਹਨ। ਉਹ ਗਵਾਚਿਆ ਹੋਇਆ ਘੋੜਾ ਭੇਜ ਦਿੰਦੇ ਹਨ। ਵਕਤ ਦੀ ਨਜਾਕਤ ਕਾਰਨ ਇੱਕ ਦੀ ਥਾਂ ਦੋ ਭੇਜ ਦਿੰਦੇ ਹਨ ਅਤੇ ਹੱਦ ਇਹ ਕਿ ਰੂੰਗੇ ਵਿੱਚ ਇੱਕ ਸਾਈਸ ਦੀ ਵੀ ਮਿਹਰਬਾਨੀ ਕਰ ਦਿੰਦੇ ਹਨ।” ਅਤੇ ਹੁਣ ਜਾ ਕੇ ਪਹਿਲੀ ਵਾਰ ਮੈਨੂੰ ਰੋਜ਼ਾ ਦਾ ਫੇਰ ਖਿਆਲ ਆਉਂਦਾ ਹੈ। ਮੈਂ ਕੀ ਕਰਾਂ। ਮੇਂ ਉਸਨੂੰ ਕਿਵੇਂ ਬਚਾਵਾਂ। ਤੇ ਗੱਡੀ ਅੱਗੇ ਅਜਿਹੇ ਘੋੜੇ ਜੋ ਮੇਰੇ ਕਾਬੂ ਵਿੱਚ ਨਹੀਂ ਹਨ। ਮੈਂ ਦਸ ਮੀਲ ਦੂਰ ਬੈਠਾ ਉਸਨੂੰ ਸਾਈਸ ਦੇ ਹੇਠੋਂ ਕਿਸ ਤਰ੍ਹਾਂ ਕੱਢ ਲਵਾਂ। ਇਹ ਘੋੜੇ, ਕਿਸੇ ਤਰ੍ਹਾਂ ਹੁਣ ਉਨ੍ਹਾਂ ਨੇ ਆਪਣੀ ਬਾਗਾਂ ਢਿੱਲੀਆਂ ਕਰ ਲਈਆਂ ਹਨ ਅਤੇ ਬਾਹਰੋਂ ਧੱਕ ਕੇ ਖਿੜਕੀਆਂ ਖੋਲ੍ਹ ਲਈਆਂ ਹਨ। ਪਤਾ ਨਹੀਂ ਕਿਸ ਤਰ੍ਹਾਂ? ਦੋਨਾਂ ਨੇ ਆਪਣਾ ਆਪਣਾ ਸਿਰ ਇੱਕ ਇੱਕ ਖਿੜਕੀ ਵਿੱਚ ਘੁਸੋਇਆ ਹੋਇਆ ਹੈ ਅਤੇ ਘਰ ਵਾਲਿਆਂ ਦੀਆਂ ਚੀਖ਼ਾਂ ਤੋਂ ਅਣਭਿੱਜ ਮਰੀਜ਼ ਨੂੰ ਤੱਕ ਰਹੇ ਹਨ।

“ਮੈਂ ਫ਼ੌਰਨ ਵਾਪਸ ਚੱਲ ਪਵਾਂਗਾ,” ਮੈਂ ਸੋਚਦਾ ਹਾਂ ਜਿਵੇਂ ਘੋੜੇ ਮੈਨੂੰ ਵਾਪਸੀ ਦੇ ਸਫ਼ਰ ਲਈ ਹੁਕਮ ਦੇ ਰਹੇ ਹੋਣ। ਪਰ ਮੈਂ ਮਰੀਜ਼ ਦੀ ਭੈਣ ਨੂੰ ਜੋ ਸਮਝ ਰਹੀ ਹੈ ਕਿ ਮੈਨੂੰ ਗਰਮੀ ਨਾਲ ਚੱਕਰ ਆ ਗਿਆ ਹੈ ਆਪਣਾ ਖੱਲ ਦਾ ਕੋਟ ਉਤਾਰ ਲੈਣ ਦਿੰਦਾ ਹਾਂ। ਰੰਮ ਦਾ ਇੱਕ ਗਲਾਸ ਮੇਰੇ ਲਈ ਭਰਿਆ ਜਾਂਦਾ ਹੈ। ਮਰੀਜ਼ ਦਾ ਬਾਪ ਮੇਰਾ ਮੋਢਾ ਥਪਥਪਾਉਂਦਾ ਹੈ। ਮੈਨੂੰ ਆਪਣਾ ਖ਼ਜ਼ਾਨਾ ਬਖ਼ਸ਼ ਦੇਣ ਦੀ ਕੁਰਬਾਨੀ ਇਸ ਬੇਤਕੱਲੁਫੀ ਨੂੰ ਹੱਕੀ ਠਹਿਰਾਉਂਦੀ ਹੈ। ਮੈਂ ਸਿਰ ਹਿਲਾਉਂਦਾ ਹਾਂ। ਇਸ ਬੁੱਢੇ ਦੀ ਸੋਚ ਦੇ ਤੰਗ ਦਾਇਰੇ ਦਾ ਖ਼ਿਆਲ ਹੈ ਕਿ ਮੇਰੀ ਤਬੀਅਤ ਠੀਕ ਨਹੀਂ; ਪੀਣ ਤੋਂ ਮੇਰੇ ਇਨਕਾਰ ਦਾ ਇਹੀ ਇੱਕ ਕਾਰਨ ਹੈ। ਮਾਂ ਬੈੱਡ ਦੇ ਕੋਲ ਖੜ੍ਹੀ ਹੈ ਅਤੇ ਮੈਨੂੰ ਉੱਥੇ ਆਉਣ ਲਈ ਉਕਸਾ ਰਹੀ ਹੈ। ਮੈਂ ਮੰਨ ਜਾਂਦਾ ਹਾਂ। ਇੱਕ ਘੋੜਾ ਛੱਤ ਵੱਲ ਮੂੰਹ ਕਰਕੇ ਜ਼ੋਰ ਨਾਲ ਹਿਣਕਦਾ ਹੈ ਅਤੇ ਮੈਂ ਨੌਜਵਾਨ ਦੀ ਹਿੱਕ ਉੱਤੇ ਆਪਣਾ ਸਿਰ ਰੱਖ ਦਿੰਦਾ ਹਾਂ। ਉਸ ਦੀ ਹਿੱਕ ਮੇਰੀ ਗਿੱਲੀ ਦਾੜ੍ਹੀ ਦੇ ਹੇਠਾਂ ਕੰਬਦੀ ਹੈ। ਜੋ ਗੱਲ ਮੈਨੂੰ ਪਹਿਲਾਂ ਹੀ ਪਤਾ ਸੀ ਉਸ ਦੀ ਤਸਦੀਕ ਹੋ ਜਾਂਦੀ ਹੈ। ਨੌਜਵਾਨ ਬਿਲਕੁਲ ਠੀਕ ਹੈ। ਉਸ ਦੇ ਖ਼ੂਨ ਦੇ ਦੌਰੇ ਵਿੱਚ ਥੋੜ੍ਹੀ ਜਿਹੀ ਗੜਬੜ ਹੈ, ਫ਼ਿਕਰਮੰਦ ਮਾਂ ਨੇ ਉਸਨੂੰ ਕੌਫ਼ੀ ਨਾਲ ਰਜਾ ਦਿੱਤਾ ਹੈ। ਪਰ ਉਹ ਬਿਲਕੁਲ ਠੀਕ ਹੈ ਅਤੇ ਬਿਹਤਰ ਹੁੰਦਾ ਕਿ ਉਸਨੂੰ ਧੱਕਾ ਦੇਕੇ ਬਿਸਤਰ ਦੇ ਬਾਹਰ ਕੱਢ ਦਿੱਤਾ ਜਾਂਦਾ। ਮੈਂ ਦੁਨੀਆਂ ਦਾ ਸੁਧਾਰਕ ਨਹੀਂ ਹਾਂ, ਇਸ ਲਈ ਮੈਂ ਉਸਨੂੰ ਪਿਆ ਰਹਿਣ ਦਿੰਦਾ ਹਾਂ। ਮੈਂ ਇਸ ਖੇਤਰ ਦਾ ਡਾਕਟਰ ਹਾਂ ਅਤੇ ਸੰਭਵ ਹੱਦ ਤੱਕ ਆਪਣਾ ਫ਼ਰਜ਼ ਨਿਭਾਉਂਦਾ ਹਾਂ, ਉਸ ਹੱਦ ਤੱਕ ਕਿ ਇਹ ਫ਼ਰਜ਼ ਨਿਭਾਉਣਾ ਅਸਹਿ ਹੋ ਜਾਂਦਾ ਹੈ। ਮੈਨੂੰ ਬਹੁਤ ਘੱਟ ਤਨਖਾਹ ਮਿਲਦੀ ਹੈ, ਫਿਰ ਵੀ ਮੈਂ ਮਰੀਜ਼ਾਂ ਲਈ ਦਰਿਆ ਦਿਲ ਹਾਂ ਅਤੇ ਗਰੀਬਾਂ ਦੇ ਕੰਮ ਆਉਣ ਲਈ ਤਤਪਰ ਹਾਂ। ਅਜੇ ਵੀ ਮੈਨੂੰ ਰੋਜ਼ਾ ਦੀ ਸਲਾਮਤੀ ਦਾ ਖ਼ਿਆਲ ਹੈ। ਫਿਰ ਨੌਜਵਾਨ ਜਿਸ ਰਾਹ ਚਾਹੇ ਜਾ ਸਕਦਾ ਹੈ ਅਤੇ ਮੈਂ ਵੀ ਮਰ ਜਾਣਾ ਚਾਹੁੰਦਾ ਹਾਂ। ਮੈਂ ਇੱਥੇ ਇਸ ਅੰਤਹੀਣ ਠੰਡ ਵਿੱਚ ਕੀ ਕਰ ਰਿਹਾ ਹਾਂ? ਮੇਰਾ ਘੋੜਾ ਮਰ ਗਿਆ ਹੈ ਅਤੇ ਪਿੰਡ ਦਾ ਕੋਈ ਭਲਾਮਾਣਸ ਮੈਨੂੰ ਦੂਜਾ ਘੋੜਾ ਮੰਗਵਾਂ ਦੇਣ ਨੂੰ ਤਿਆਰ ਨਹੀਂ ਹੈ।

ਮੈਨੂੰ ਆਪਣੀ ਜੋੜੀ ਸੂਰਾਂ ਦੇ ਬਾੜੇ ਵਿੱਚੋਂ ਕੱਢਣੀ ਪਈ। ਜੇਕਰ ਕਿਤੇ ਇਹ ਜੋੜੀ ਘੋੜਿਆਂ ਦੀ ਨਾ ਹੁੰਦੀ ਤਾਂ ਮੈਨੂੰ ਸੂਰਾਂ ਦੀ ਸਵਾਰੀ ਕਰਨੀ ਪੈਣੀ ਸੀ। ਇਹ ਹੈ ਹਾਲ ਅਤੇ ਮੈਂ ਉਸ ਟੱਬਰ ਨੂੰ ਹਾਂ ਕਰ ਦਿੰਦਾ ਹਾਂ। ਇਨ੍ਹਾਂ ਲੋਕਾਂ ਨੂੰ ਇਸ ਬਾਰੇ ਕੁੱਝ ਵੀ ਪਤਾ ਨਹੀਂ ਸੀ ਅਤੇ ਜੇਕਰ ਪਤਾ ਲੱਗ ਵੀ ਜਾਂਦਾ ਤਾਂ ਉਨ੍ਹਾਂ ਨੂੰ ਯਕੀਨ ਨਾ ਆਉਂਦਾ। ਨੁਸਖੇ ਲਿਖਣਾ ਆਸਾਨ ਹੈ ਪਰ ਲੋਕਾਂ ਨਾਲ ਸਮਝਦਾਰੀ ਸਥਾਪਤ ਕਰਨਾ ਦੁਸ਼ਵਾਰ। ਖ਼ੈਰ ਹੁਣ ਮੈਨੂੰ ਚੱਲਣਾ ਚਾਹੀਦਾ ਹੈ। ਇੱਕ ਵਾਰ ਫਿਰ ਮੈਨੂੰ ਬਿਨਾਂ ਜ਼ਰੂਰਤ ਬੁਲਾ ਲਿਆ ਗਿਆ ਸੀ। ਮੈਂ ਇਸ ਦਾ ਆਦੀ ਹੋ ਗਿਆ ਹਾਂ। ਸਾਰਾ ਇਲਾਕਾ ਰਾਤ ਵਾਲੀ ਬੂਹੇ ਦੀ ਘੰਟੀ ਵਜਾ-ਵਜਾ ਕੇ ਮੇਰਾ ਜੀਣਾ ਦੁੱਭਰ ਕਰਦਾ ਰਹਿੰਦਾ ਹੈ। ਪਰ ਇਹ ਕਿ ਇਸ ਵਾਰ ਮੈਨੂੰ ਰੋਜ਼ਾ ਦੀ ਵੀ ਕੁਰਬਾਨੀ ਦੇਣੀ ਪਈ, ਉਹ ਸੁਹਣੀ ਕੁੜੀ ਜੋ ਬੜੇ ਸਾਲਾਂ ਤੋਂ ਮੇਰੇ ਘਰ ਵਿੱਚ ਰਹਿੰਦੀ ਹੈ ਅਤੇ ਮੈਂ ਇਸ ਗੱਲ ਤੋਂ ਲਗਪਗ ਬੇਖ਼ਬਰ। ਇਹ ਕੁਰਬਾਨੀ ਬਹੁਤ ਵੱਡੀ ਹੈ ਅਤੇ ਮੈਨੂੰ ਇਸ ਸਮੇਂ ਕਿਸੇ ਵੀ ਤਰ੍ਹਾਂ ਆਪਣੇ ਮਨ ਵਿੱਚ ਇਸ ਦਾ ਕੋਈ ਨਾ ਕੋਈ ਸੂਖ਼ਮ ਤਰਕ ਲੋੜੀਂਦਾ ਸੀ ਤਾਂਕਿ ਅਚਾਨਕ ਮੇਰਾ ਗੁੱਸਾ ਇਸ ਟੱਬਰ ਉੱਤੇ ਨਾ ਨਿੱਕਲ ਜਾਵੇ, ਜੋ ਆਪਣੀ ਬਿਹਤਰੀਨ ਖ਼ਾਹਿਸ਼ ਦੇ ਬਾਵਜੂਦ ਮੇਰੇ ਲਈ ਰੋਜ਼ਾ ਨੂੰ ਵਾਪਸ ਨਹੀਂ ਕਰ ਸਕਦਾ। ਲੇਕਿਨ ਜਦੋਂ ਮੈਂ ਆਪਣਾ ਬੈਗ ਬੰਦ ਕਰਦਾ ਹਾਂ ਅਤੇ ਆਪਣਾ ਖੱਲ ਦਾ ਕੋਟ ਪਹਿਨਣ ਲਈ ਹੱਥ ਵਧਾਉਂਦਾ ਹਾਂ ਇਸ ਦੌਰਾਨ ਖ਼ਾਨਦਾਨ ਦੇ ਸਭ ਲੋਕ ਨਾਲ-ਨਾਲ ਮਿਲਕੇ ਖੜ੍ਹੇ ਹਨ। ਬਾਪ ਆਪਣੇ ਹੱਥ ਵਿਚਲੇ ਰੰਮ ਦੇ ਗਲਾਸ ਨੂੰ ਸੁੰਘ ਰਿਹਾ ਹੈ ਅਤੇ ਮਾਂ ਸ਼ਾਇਦ ਮੇਰੇ ਤੋਂ ਮਾਯੂਸ ਹੈ — ਇਹ ਲੋਕ ਮੇਰੇ ਕੋਲੋਂ ਹੋਰ ਕੀ ਚਾਹੁੰਦੇ ਹਨ? ਉਹ ਅੱਖਾਂ ਵਿੱਚ ਅੱਥਰੂ ਭਰ ਆਪਣੇ ਬੁੱਲ੍ਹ ਟੁੱਕ ਰਹੀ ਹੈ ਅਤੇ ਭੈਣ ਇੱਕ ਖ਼ੂਨ ਵਿੱਚ ਤਰ ਰੁਮਾਲ ਨੂੰ ਝੱਲ ਰਹੀ ਹੈ, ਤਾਂ ਕਿਸੇ ਨਾ ਕਿਸੇ ਤਰ੍ਹਾਂ ਮੈਂ ਇਹ ਮੰਨਣ ਨੂੰ ਤਿਆਰ ਹੋ ਗਿਆ ਹਾਂ ਕਿ ਸ਼ਾਇਦ ਇਹ ਨੌਜਵਾਨ ਬੀਮਾਰ ਹੈ। ਮੈਂ ਉਸ ਵੱਲ ਵਧਦਾ ਹਾਂ। ਉਹ ਮੁਸਕੁਰਾਂਦਾ ਹੈ ਜਿਵੇਂ ਮੈਂ ਉਸ ਲਈ ਨਿਹਾਇਤ ਸ਼ਕਤੀਵਰਧਕ ਸੂਪ ਲਿਆਇਆ ਹੋਵਾਂ। ਉਫ਼! ਹੁਣ ਦੋਨੋਂ ਘੋੜੇ ਇਕੱਠੇ ਹਿਣਕ ਰਹੇ ਹਨ। ਇਹ ਆਵਾਜ਼ ਮੈਂ ਸਮਝਦਾ ਹਾਂ ਕਿ ਇਹ ਮਰੀਜ਼ ਦੇ ਮੁਆਇਨੇ ਵਿੱਚ ਮਦਦ ਦੇਣ ਲਈ ਅਸਮਾਨ ਤੋਂ ਆਈ ਹੈ ਅਤੇ ਇਸ ਵਾਰ ਮੈਨੂੰ ਪਤਾ ਚਲਿਆ ਕਿ ਨੌਜਵਾਨ ਸੱਚੀਓਂ ਹੀ ਬੀਮਾਰ ਹੈ। ਉਸ ਦੀ ਸੱਜੀ ਵੱਖੀ ਵਿੱਚ ਚੂਲੇ ਦੇ ਕੋਲ ਮੇਰੀ ਹਥੇਲੀ ਦੇ ਬਰਾਬਰ ਜ਼ਖਮ ਖੁੱਲ੍ਹ ਗਿਆ ਹੈ। ਤਰ੍ਹਾਂ-ਤਰ੍ਹਾਂ ਦੇ ਹਲਕੇ ਅਤੇ ਗੂੜ੍ਹੇ ਲਾਲ ਰੰਗ ਦਾ, ਗਹਿਰਾਈ ਵਿੱਚ ਗੂੜ੍ਹਾ ਅਤੇ ਕਿਨਾਰਿਆਂ ਤੇ ਹਲਕਾ, ਕੁੱਝ-ਕੁੱਝ ਖਰੀਂਡ ਆਇਆ ਹੋਇਆ, ਖ਼ੂਨ ਦੇ ਅਸਾਵੇਂ ਜਮੇ ਹੋਏ ਧੱਬੇ, ਦਿਨ ਦੀ ਰੋਸ਼ਨੀ ਵਿੱਚ ਖਣਿਜ-ਖਾਣ ਵਾਂਗ ਖੁੱਲ੍ਹਾ ਹੋਇਆ। ਅਜਿਹਾ ਤਾਂ ਉਹ ਕੁੱਝ ਦੂਰੀ ਤੋਂ ਵਿਖਾਈ ਦੇ ਰਿਹਾ ਹੈ। ਪਰ ਨੇੜਿਓਂ ਨਿਰੀਖਣ ਉੱਤੇ ਖ਼ਰਾਬੀ ਸਪਸ਼ਟ ਨਜ਼ਰ ਆ ਜਾਂਦੀ ਹੈ। ਆਹਿਸਤਾ ਜਿਹੇ ਸੀਟੀ ਵਜਾਏ ਬਿਨਾਂ ਇਸ ਨੂੰ ਕੌਣ ਵੇਖ ਸਕਦਾ ਹੈ?

ਮੇਰੀ ਚੀਚੀ ਜਿੰਨੇ ਮੋਟੇ ਅਤੇ ਲੰਮੇ ਕੀੜੇ, ਖ਼ੁਦ ਗੂੜ੍ਹੇ ਲਾਲ ਅਤੇ ਉਨ੍ਹਾਂ ਉੱਤੇ ਖ਼ੂਨ ਦੇ ਧੱਬੇ ਵੀ ਪਏ ਹੋਏ, ਛੋਟੇ-ਛੋਟੇ ਸਫੈਦ ਰੰਗ ਦੇ ਸਿਰ ਅਤੇ ਬਹੁਤ ਸਾਰੀਆਂ ਨਿੱਕੀਆਂ-ਨਿੱਕੀਆਂ ਟੰਗਾਂ, ਜ਼ਖ਼ਮ ਦੀ ਡੂੰਘਾਈ ਵਿੱਚ ਬਣਾਏ ਹੋਏ ਆਪਣੇ ਘੁਰਨੇ ਵਿੱਚੋਂ ਕੁਰਬਲ-ਕੁਰਬਲ ਕਰਦੇ ਹੋਏ ਰੋਸ਼ਨੀ ਵੱਲ ਚਲੇ ਆ ਰਹੇ ਹਨ। ਵਿਚਾਰਾ ਨੌਜਵਾਨ, ਇਸ ਦਾ ਇਲਾਜ ਮੁਮਕਿਨ ਨਹੀਂ ਹੈ।

ਮੈਨੂੰ ਤੇਰਾ ਵੱਡਾ ਜ਼ਖ਼ਮ ਮਿਲ ਗਿਆ ਹੈ; ਤੇਰੀ ਵੱਖੀ ਦਾ ਇਹ ਫੁੱਲ ਤੈਨੂੰ ਖ਼ਤਮ ਕਰੀ ਜਾ ਰਿਹਾ ਹੈ। ਘਰ ਵਾਲੇ ਖ਼ੁਸ਼ ਸਨ। ਉਹ ਮੈਨੂੰ ਆਪਣੇ ਕੰਮ ਵਿੱਚ ਲੱਗਿਆ ਵੇਖਦੇ ਹਨ। ਭੈਣ ਮਾਂ ਨੂੰ ਕਹਿੰਦੀ ਹੈ, ਮਾਂ ਬਾਪ ਨੂੰ ਦੱਸਦੀ ਹੈ ਅਤੇ ਬਾਪ ਉਨ੍ਹਾਂ ਕੁਝ ਕੁ ਮਹਿਮਾਨਾਂ ਨੂੰ ਦੱਸਦਾ ਹੈ ਜੋ ਖੁੱਲੇ ਬੂਹੇ ਉੱਤੇ ਝਰ ਰਹੀ ਚਾਂਦਨੀ ਵਿੱਚੀਂ ਪੱਬਾਂ ਭਾਰ ਬੋਚ-ਬੋਚ ਚਲਦੇ ਅਤੇ ਤਵਾਜ਼ੁਨ ਕਾਇਮ ਰੱਖਣ ਲਈ ਬਾਹਾਂ ਫੈਲਾਈਂ ਅੰਦਰ ਆ ਰਹੇ ਹਨ। “ਤੁਸੀਂ ਮੈਨੂੰ ਬਚਾ ਲਓਗੇ?” ਨੌਜਵਾਨ ਸਰਗੋਸ਼ੀ ਕਰਦਾ ਹੈ, ਜ਼ਖ਼ਮ ਦੇ ਅੰਦਰਲੇ ਜੀਵਨ ਤੋਂ ਬੇਖ਼ਬਰ, ਸਿਸਕੀ ਭਰਦਾ ਹੈ। ਇਸ ਤਰ੍ਹਾਂ ਦੇ ਹਨ ਮੇਰੇ ਇਲਾਕੇ ਦੇ ਲੋਕ। ਡਾਕਟਰ ਕੋਲੋਂ ਹਮੇਸ਼ਾ ਅਸੰਭਵ ਦੀ ਮੰਗ ਕਰਨ ਵਾਲੇ। ਉਨ੍ਹਾਂ ਦੇ ਪੁਰਾਣੇ ਵਿਸ਼ਵਾਸ ਡੋਲ ਚੁੱਕੇ ਹਨ। ਪੁਜਾਰੀ ਘਰ ਬੈਠ ਜਾਂਦਾ ਹੈ ਅਤੇ ਇੱਕ ਇੱਕ ਕਰਕੇ ਆਪਣੇ ਧਾਰਮਿਕ ਲਿਬਾਸ ਨੂੰ ਟੁਕੜੇ-ਟੁਕੜੇ ਕਰਨ ਲੱਗਦਾ ਹੈ। ਪਰ ਡਾਕਟਰ ਕੋਲੋਂ ਆਪਣੇ ਨਾਜ਼ੁਕ ਸਰਜਨ ਹੱਥ ਨਾਲ ਹਰ ਚੀਜ਼ ਹਾਸਲ ਕਰ ਲੈਣ ਦੀ ਉਮੀਦ ਕੀਤੀ ਜਾਂਦੀ ਹੈ। ਚੱਲੋ, ਜੋ ਉਨ੍ਹਾਂ ਦੀ ਮਰਜ਼ੀ। ਮੈਂ ਕੋਈ ਆਪਣੀਆਂ ਸੇਵਾਵਾਂ ਉਨ੍ਹਾਂ ਉੱਤੇ ਥੋਪੀਆਂ ਤਾਂ ਨਹੀਂ। ਜੇਕਰ ਉਹ ਕਿਸੇ ਮੁਕੱਦਸ ਮੰਤਵ ਲਈ ਮੈਨੂੰ ਵਰਤਦੇ ਹਨ ਤਾਂ ਮੈਂ ਵੀ ਆਪਣੇ ਨਾਲ ਇਹ ਹੋਣ ਦਿੰਦਾ ਹਾਂ। ਮੈਨੂੰ ਹੋਰ ਕੀ ਚਾਹੀਦਾ ਹੈ, ਇੱਕ ਬੁੱਢੇ ਦਿਹਾਤੀ ਡਾਕਟਰ ਨੂੰ, ਜਿਸ ਦੀ ਨੌਕਰ ਕੁੜੀ ਲੁੱਟ ਲਈ ਗਈ ਹੋਵੇ! ਅਤੇ ਉਹ ਲੋਕ ਆਉਂਦੇ ਹਨ, ਪਰਿਵਾਰ ਅਤੇ ਪਿੰਡ ਦੇ ਬਜ਼ੁਰਗ ਅਤੇ ਮੇਰੇ ਕੱਪੜੇ ਉਤਾਰ ਦਿੰਦੇ ਹਨ। ਮਕਾਨ ਦੇ ਸਾਹਮਣੇ ਇੱਕ ਸਕੂਲੀ ਬੱਚਿਆਂ ਦੀ ਇੱਕ ਗਾਉਣ ਮੰਡਲੀ ਅਧਿਆਪਕ ਦੀ ਅਗਵਾਈ ਤਹਿਤ, ਇਹ ਬੋਲ ਨਿਹਾਇਤ ਹੀ ਸਾਦਾ ਲੈਅ ਵਿੱਚ ਗਾਉਣ ਲੱਗਦੀ ਹੈ।

ਇਸ ਦੇ ਕੱਪੜੇ ਉਤਾਰ ਦਿਓ, ਫਿਰ ਇਹ ਠੀਕ ਕਰੇਗਾ,
ਤੇ ਅਗਰ ਇਹ ਠੀਕ ਨਾ ਕਰੇ ਤਾਂ ਇਸਨੂੰ ਮਾਰ ਮੁਕਾਓ।
ਇਹ ਡਾਕਟਰ ਹੀ ਤਾਂ ਹੈ; ਇਹ ਡਾਕਟਰ ਹੀ ਤਾਂ ਹੈ।

ਤੱਦ ਮੈਂ ਨਿਰਬਸਤਰ ਖੜ੍ਹਾ ਹਾਂ ਅਤੇ ਮੇਰੀਆਂ ਉਂਗਲੀਆਂ ਮੇਰੀ ਦਾੜੀ ਵਿੱਚ ਅਤੇ ਮੇਰਾ ਸਿਰ ਇੱਕ ਪਾਸੇ ਨੂੰ ਲੁੜਕਿਆ ਹੋਇਆ, ਮੈਂ ਲੋਕਾਂ ਨੂੰ ਚੁੱਪਚਾਪ ਵੇਖਦਾ ਹਾਂ। ਮੈਂ ਪੂਰੀ ਤਰ੍ਹਾਂ ਸ਼ਾਂਤ ਅਤੇ ਹਰ ਚੀਜ਼ ਬਾਰੇ ਸਪਸ਼ਟ ਹਾਂ ਅਤੇ ਇਵੇਂ ਹੀ ਰਹਾਂਗਾ ਵੀ, ਹਾਲਾਂਕਿ ਇਹ ਮੇਰੀ ਬਿਲਕੁਲ ਵੀ ਸਹਾਇਤਾ ਨਹੀਂ ਕਰ ਰਿਹਾ, ਕਿਉਂਕਿ ਉਹ ਹੁਣ ਮੈਨੂੰ ਸਿਰ ਅਤੇ ਪੈਰਾਂ ਤੋਂ ਫੜ੍ਹਦੇ ਹਨ ਅਤੇ ਧਰੂਹ ਕੇ ਮੈਨੂੰ ਬਿਸਤਰ ਵਿੱਚ ਲੈ ਜਾਂਦੇ ਹਨ। ਉਹ ਮੈਨੂੰ ਜ਼ਖ਼ਮ ਦੇ ਵੱਲ ਕੰਧ ਨਾਲ ਲਿਟਾ ਦਿੰਦੇ ਹਨ। ਫਿਰ ਉਹ ਸਭ ਕਮਰੇ ਵਿੱਚੋਂ ਨਿਕਲ ਜਾਂਦੇ ਹਨ। ਬੂਹਾ ਬੰਦ ਕਰ ਦਿੱਤਾ ਜਾਂਦਾ ਹੈ। ਗਾਉਣ ਰੁਕ ਜਾਂਦਾ ਹੈ। ਬੱਦਲਾਂ ਨੇ ਚੰਨ ਨੂੰ ਢਕ ਲਿਆ। ਮੇਰੇ ਦੁਆਲੇ ਨਿੱਘਾ ਬਿਸਤਰਾ ਲਿਪਟਿਆ ਹੈ। ਖੁੱਲ੍ਹੀਆਂ ਬਾਰੀਆਂ ਵਿੱਚ ਘੋੜਿਆਂ ਦੇ ਸਿਰ ਪਰਛਾਵਿਆਂ ਦੀ ਤਰ੍ਹਾਂ ਹਿੱਲ ਰਹੇ ਹਨ।

“ਤੈਨੂੰ ਪਤਾ ਹੈ,” ਇੱਕ ਆਵਾਜ਼ ਮੇਰੇ ਕੰਨ ਵਿੱਚ ਕਹਿੰਦੀ ਹੈ। “ਮੈਨੂੰ ਤੇਰੇ ਤੇ ਬਹੁਤ ਹੀ ਘੱਟ ਭਰੋਸਾ ਹੈ। ਤੈਨੂੰ ਕਿਤੋਂ ਉਖਾੜ ਕੇ ਇੱਥੇ ਲਿਆ ਕੇ ਸੁੱਟ ਦਿੱਤਾ ਗਿਆ ਹੈ। ਤੂੰ ਆਪਣੇ ਪੈਰਾਂ ਨਾਲ ਥੋੜ੍ਹੀ ਆਇਆ ਹੈਂ। ਮੇਰੇ ਕੰਮ ਆਉਣ ਦੀ ਬਜਾਏ ਤੂੰ ਮੈਨੂੰ ਮੇਰੇ ਮੌਤ ਦੇ ਬਿਸਤਰ ਉੱਤੇ ਭਚੀੜ ਦਿੱਤਾ ਹੈ। ਬਿਹਤਰੀਨ ਤਾਂ ਇਹੀ ਰਹੇਗਾ ਕਿ ਮੈਂ ਤੇਰੀਆਂ ਅੱਖਾਂ ਖੁਰਚ ਕੇ ਕੱਢ ਲਵਾਂ।”

“ਠੀਕ!” ਮੈਂ ਕਹਿੰਦਾ ਹਾਂ। “ਗੱਲ ਤਾਂ ਬੜੀ ਮਾੜੀ ਹੈ। ਅਤੇ ਮੈਂ ਫਿਰ ਵੀ ਡਾਕਟਰ ਹਾਂ। ਮੈਂ ਕੀ ਕਰਾਂ? ਯਕੀਨ ਕਰ ਮੈਨੂੰ ਖ਼ੁਦ ਵੀ ਕੋਈ ਬਹੁਤ ਚੰਗਾ ਨਹੀਂ ਲੱਗ ਰਿਹਾ।” “ਕੀ ਮੈਨੂੰ ਬਸ ਇਸ ਬਹਾਨੇ ’ਤੇ ਵਿਰ ਜਾਣਾ ਚਾਹੀਦਾ ਹੈ? ਉਫ਼ ਮੈਨੂੰ ਇਹੀ ਕਰਨਾ ਹੋਵੇਗਾ। ਇਸ ਦੇ ਸਿਵਾ ਮੈਂ ਕੁੱਝ ਨਹੀਂ ਕਰ ਸਕਦਾ। ਮੈਨੂੰ ਹਮੇਸ਼ਾ ਸਭ ਕੁੱਝ ਝੱਲਣਾ ਪੈਂਦਾ ਹੈ। ਲੈ ਦੇ ਕੇ ਇੱਕ ਸੁੰਦਰ ਜ਼ਖਮ ਹੈ ਜੋ ਮੈਂ ਦੁਨੀਆ ਵਿੱਚ ਲਿਆਇਆ ਹਾਂ। ਮੇਰੇ ਲਈ ਬਸ ਇਹੀ ਹੈ ਜੋ ਮੇਰਾ ਮੁਕੱਦਰ ਹੈ।”

“ਮੇਰੇ ਦੋਸਤ!” ਮੈਂ ਕਿਹਾ। “ਤੇਰੀ ਗ਼ਲਤੀ ਇਹ ਹੈ ਕਿ ਤੇਰੇ ਕੋਲ ਦ੍ਰਿਸ਼ਟੀ ਨਹੀਂ ਹੈ। ਮੈਂ ਦੂਰ ਨੇੜੇ ਦੇ ਸਭ ਮਰੀਜ਼ਾਂ ਦੇ ਜਾ ਚੁੱਕਿਆ ਹਾਂ ਅਤੇ ਮੈਂ ਤੈਨੂੰ ਦੱਸਦਾ ਹਾਂ ਤੇਰਾ ਜ਼ਖਮ ਕੋਈ ਏਨਾ ਬਹੁਤਾ ਖ਼ਰਾਬ ਨਹੀਂ ਹੈ। ਕਿਸੇ ਤੰਗ ਕੋਨੇ ਵਿੱਚ ਗੰਡਾਸੇ ਦੇ ਦੋ ਟੱਕਾਂ ਨਾਲ ਹੋਇਆ ਹੈ। ਬਹੁਤ ਸਾਰੇ ਲੋਕ ਆਪਣੀ ਢਾਕ ਪੇਸ਼ ਕਰ ਦਿੰਦੇ ਹਨ ਅਤੇ ਜੰਗਲ ਵਿੱਚ ਗੰਡਾਸੇ ਦੀ ਆਵਾਜ਼ ਉਨ੍ਹਾਂ ਨੂੰ ਮੁਸ਼ਕਿਲ ਹੀ ਸੁਣਾਈ ਦਿੰਦੀ ਹੈ ਅਤੇ ਇਸ ਦੀ ਤਾਂ ਗੱਲ ਹੀ ਛੱਡੋ ਕਿ ਟੱਕਾਂ ਦੀ ਆਵਾਜ਼ ਉਨ੍ਹਾਂ ਦੇ ਹੋਰ ਨੇੜੇ ਨੇੜੇ ਆਉਂਦੀ ਜਾ ਰਹੀ ਹੁੰਦੀ ਹੈ।”

"ਅਸਲੋਂ ਇਵੇਂ ਹੀ ਹੈ ਜਾਂ ਤੁਸੀਂ ਮੈਨੂੰ ਬੁਖਾਰ ਵਿੱਚ ਬਹਿਕਾ ਰਹੇ ਹੋ?”

"ਅਸਲੋਂ ਇਵੇਂ ਹੀ ਹੈ। ਇੱਕ ਸਰਕਾਰੀ ਡਾਕਟਰ ਦੀ ਪੂਰੀ ਜ਼ਿੰਮੇਦਾਰੀ ਨਾਲ ਕਹੀ ਹੋਈ ਗੱਲ ਕਹਿ ਲਉ।” ਅਤੇ ਉਸਨੇ ਗੱਲ ਮੰਨ ਲਈ ਅਤੇ ਸ਼ਾਂਤ ਹੋ ਗਿਆ ਹੈ।

ਐਪਰ, ਹੁਣ ਮੇਰੇ ਲਈ ਨਿਕਲ ਜਾਣ ਬਾਰੇ ਸੋਚਣ ਦਾ ਮੌਕਾ ਸੀ। ਘੋੜੇ ਅਜੇ ਤੱਕ ਆਪਣੀ ਜਗ੍ਹਾ ਉੱਤੇ ਡਟੇ ਖੜ੍ਹੇ ਸਨ। ਮੈਂ ਜਲਦੀ-ਜਲਦੀ ਆਪਣੇ ਕੱਪੜੇ, ਆਪਣਾ ਖੱਲ ਦਾ ਕੋਟ ਅਤੇ ਆਪਣਾ ਬੈਗ ਚੁੱਕ ਲਿਆ। ਮੈਂ ਕੱਪੜੇ ਪਹਿਨਣ ਵਿੱਚ ਸਮਾਂ ਗੁਆਉਣਾ ਨਹੀਂ ਸੀ ਚਾਹੁੰਦਾ। ਘੋੜੇ ਜਿਸ ਰਫ਼ਤਾਰ ਨਾਲ ਆਏ ਸਨ ਜੇਕਰ ਉਸੇ ਰਫ਼ਤਾਰ ਨਾਲ ਘਰ ਨੂੰ ਵਾਪਸ ਜਾਂਦੇ ਤਾਂ ਮੈਨੂੰ ਸਿਰਫ਼ ਉਸ ਦੇ ਬਿਸਤਰ ਤੋਂ ਆਪਣੇ ਬਿਸਤਰੇ ਉੱਤੇ ਛਲਾਂਗ ਲਗਾ ਦੇਣ ਜਿੰਨਾ ਵਕਤ ਲੱਗੇ। ਇੱਕ ਘੋੜਾ ਬੜੀ ਆਗਿਆਕਾਰਤਾ ਦੇ ਨਾਲ ਖਿੜਕੀ ਤੋਂ ਪਿੱਛੇ ਹੱਟ ਗਿਆ। ਮੈਂ ਆਪਣਾ ਬੰਡਲ ਗੱਡੀ ਵਿੱਚ ਸੁੱਟ ਦਿੱਤਾ। ਖੱਲ ਦੇ ਕੋਟ ਦਾ ਨਿਸ਼ਾਨਾ ਖੁੰਝ ਗਿਆ ਅਤੇ ਉਸ ਦੀ ਇੱਕ ਬਾਂਹ ਇੱਕ ਕੁੰਡੀ ਵਿੱਚ ਅਟਕ ਗਈ। ਇਹੀ ਬਹੁਤ ਸੀ। ਮੈਂ ਖ਼ੁਦ ਇੱਕ ਘੋੜੇ ਉੱਤੇ ਛਲਾਂਗ ਲਗਾ ਦਿੱਤੀ। ਬਰਫ ਵਿੱਚ ਬਾਗਾਂ ਘਿਸਰਦੀਆਂ ਹੋਈਆਂ, ਇੱਕ ਘੋੜਾ ਦੂਜੇ ਦੇ ਨਾਲ ਐਵੇਂ ਹੀ ਜੋੜਿਆ ਹੋਇਆ ਪਿੱਛੇ ਪਿੱਛੇ ਗੱਡੀ ਡਗਮਗਾਉਂਦੀ ਹੋਈ ਅਤੇ ਸਭ ਤੋਂ ਪਿੱਛੇ ਬਰਫ਼ ਵਿੱਚ ਮੇਰਾ ਖੱਲ ਦਾ ਕੋਟ।

“ਹੁਰਰਰ ਹੇ,” ਮੈਂ ਕਿਹਾ। ਲੇਕਿਨ ਘੋੜੇ ਬੇਪਰਵਾਹ। ਹੌਲੀ-ਹੌਲੀ ਬੁੱਢਿਆਂ ਦੀ ਤਰ੍ਹਾਂ ਅਸੀ ਬਰਫ਼ੀਲੇ ਬੰਜਰ ਵਿੱਚ ਸਰਕਣ ਲੱਗੇ। ਸਾਡੇ ਪਿੱਛੇ ਬੱਚਿਆਂ ਦਾ ਨਵਾਂ ਪਰ ਬੇਸੁਰਾ ਤਰਾਨਾ ਦੇਰ ਤੱਕ ਗੂੰਜਦਾ ਰਿਹਾ:

ਖੁਸ਼ੀਆਂ ਮਾਣੋ ਸਭ ਮਰੀਜ਼ੋ
ਡਾਕਟਰ ਤੁਹਾਡੇ ਨਾਲ ਬਿਸਤਰ ’ਤੇ ਪੈ ਗਿਆ ਹੈ।

ਇਸ ਰਫ਼ਤਾਰ ਨਾਲ ਮੈਂ ਕਦੇ ਘਰ ਨਹੀਂ ਪਹੁੰਚਾਂਗਾ। ਮੇਰਾ ਚੱਲਦਾ ਹੋਇਆ ਕਾਰੋਬਾਰ ਚੌਪਟ ਹੋ ਗਿਆ ਹੈ। ਮੇਰਾ ਵਾਰਸ ਮੇਰੇ ਨਾਲ ਬੇਈਮਾਨੀ ਕਰ ਰਿਹਾ ਹੈ ਪਰ ਬੇਕਾਰ ਕਿਉਂਕਿ ਉਹ ਮੇਰੀ ਜਗ੍ਹਾ ਨਹੀਂ ਲੈ ਸਕਦਾ। ਮੇਰੇ ਘਰ ਵਿੱਚ ਕੁਲਹਿਣਾ ਸਾਈਸ ਕਹਿਰ ਮਚਾ ਰਿਹਾ ਹੈ। ਰੋਜ਼ਾ ਉਸ ਦਾ ਸ਼ਿਕਾਰ ਹੈ। ਮੈਂ ਹੁਣ ਉਸ ਬਾਰੇ ਕੁੱਝ ਨਹੀਂ ਸੋਚਦਾ। ਨੰਗਾ, ਇਸ ਮੰਦਭਾਗੇ ਦੌਰ ਦੇ ਕੋਹਰੇ ਵਿੱਚ ਰੁਲਦਾ, ਦੁਨਿਆਵੀ ਗੱਡੀ ਅਤੇ ਗੈਬੀ ਘੋੜਿਆਂ ਦਾ ਸਵਾਰ ਮੈਂ ਬੁੱਢਾ ਆਦਮੀ ਭਟਕਦਾ ਫਿਰ ਰਿਹਾ ਹਾਂ। ਮੇਰਾ ਖੱਲ ਦਾ ਕੋਟ ਗੱਡੀ ਦੇ ਪਿਛੇ ਲਟਕ ਰਿਹਾ ਹੈ ਮਗਰ ਮੈਂ ਇਸ ਤੱਕ ਪਹੁੰਚ ਨਹੀਂ ਸਕਦਾ ਅਤੇ ਮੇਰੇ ਮਰੀਜਾਂ ਦੀ ਛੋਹਲੀ ਭੀੜ ਵਿੱਚੋਂ ਕੋਈ ਉਂਗਲ ਤੱਕ ਨਹੀਂ ਉਠਾਉਂਦਾ। ਠੱਗੀ! ਠੱਗੀ! ਰਾਤ ਨੂੰ ਘੰਟੀ ਦੀ ਝੂਠੀ ਆਵਾਜ਼ ਦਾ ਅਗਰ ਇੱਕ-ਵਾਰ ਹੁੰਗਾਰਾ ਭਰਿਆ ਗਿਆ, ਫਿਰ ਉਸ ਦੀ ਤਲਾਫ਼ੀ ਨਹੀਂ ਹੋ ਸਕਦੀ। ਕਦੇ ਨਹੀਂ।