ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਜ)

ਵਿਕੀਸਰੋਤ ਤੋਂ

ਛੇੜ: ਸ਼ਰਾਰਤ /ਸ਼ੁਰੂ/ਚੇੜ
ਛੇੜ ਛੇੜੀ ਹੋਈ ਤਾਂ ਭੁਗਤ, ਛੇੜ ਪਾਇ ਵੈਸੀ।
(ਸ਼ਰਾਰਤ ਸ਼ੁਰੂ ਕੀਤੀ ਹੋਈ ਤਾਂ ਝੱਲ, ਚੇੜ ਪੈ ਜਾਉ)
ਛੇੜੂ: ਵਾਗੀ
ਛੇਤੂਆਂ ਕੀ ਚੜ੍ਹੀ-ਲਥੀ ਨਾ, ਢੋਲੇ ਦੀ ਲਾਣ।
(ਵਾਗੀਆਂ ਨੂੰ ਕੋਈ ਫਿਕਰ ਨਹੀਂ, ਮਸਤ ਗੌਦੇ ਹਨ)
ਛੈਲ: ਬਾਂਕੀ ਜਵਾਨੀ
ਛੈਲ ਲੰਘੰਦੇ ਪਾਰ, ਡੇਖ ਡੇਖ ਹੌਸਲਾ ਆਂਦੈ।
(ਬਾਂਕੀ ਜਵਾਨੀ ਨੂੰ ਸਫਲ ਹੁੰਦੇ ਵੇਖ, ਹੌਸਲਾਂ ਆਉਂਦੇ)
ਛੋਤ: ਦਾਵੀ
ਛੋੜ ਕਾਈ ਘਰ ਘਿਨ ਵੈਂਦੇ, ਵਾਰੀ ਡੇਸੀ ਨਾ।
(ਦਾਵੀ ਦਿਤੇ ਬਿਨਾਂ ਕੋਈ ਘਰ ਜਾਂਦੈ, ਵਾਰੀ ਦੇਊ ਨਾ)
ਛੋਪ: ਕਤਣ ਦਾ ਟੀਚਾ/ਮੁਕਾਬਲਾ
ਛੇਹਰੀਂ ਛੋਪ ਜੋ ਪਾਇਐ, ਹੁਣ ਉਠੀਸਿਨ ਕਿਵੇਂ!
(ਕੁੜੀਆਂ ਕਤਣ ਦਾ ਟੀਚਾ/ਮੁਕਾਬਲਾ ਰਖਿਆ ਹੈ, ਕਿਵੇਂ ਉਠਣ!)
ਛੋਰ-ਛਿਨਾ: ਜੁਆਕਾਂ ਵਰਗਾ
ਛੋਰ ਛਿਨਾ ਨਾ ਥੀ, ਜ਼ੁਮੇਵਾਰ ਖਾਵੰਦ ਬਣ!
(ਜੁਆਕਾਂ ਵਰਗਾ ਨਾ ਹੋ, ਜ਼ਿੰਮੇਵਾਰ ਪਤੀ ਬਣ)
ਛੋੜ: ਤਿਆਗ
ਘਰ ਬਾਰ ਛੋੜ ਡਿਤਮ, ਕੈਂਡੀ ਸ਼ਰਨ ਆ ਪਿਆਂ।
(ਘਰ ਬਾਰ ਮੈਂ ਤਿਆਗ ਦਿਤੈ, ਤੇਰੇ ਚਰਨੀਂ ਆ ਲਗਾਂ)
ਛੌਡੇ ਟੁਕੜੇ
ਭੁੜਕਦਾ ਢੇਰ ਵੱਦੈਂ, ਅਗਲੇ ਛੌਡੇ ਲਾਹ ਡੇਸਿਨ।
(ਬੁੜ੍ਹਕਦਾ ਜ਼ਿਆਦਾ ਫਿਰਦੈਂ, ਵਿਰੋਧੀ ਟੁਕੜੇ ਬਣਾ ਦੇਣਗੇ)

(ਜ)


ਜਸ: ਸੋਭਾ
ਅਸੀਸ ਡਿੱਤੀ ਹਮ, ਸਰਵਨ ਵਾਲਾ ਜਸ ਖੱਟੇਂ।
(ਮੈਂ ਅਸੀਸ ਦਿਤੀ ਹੈ-ਸਰਵਨ ਵਾਲੀ ਸੋਭਾ ਕਮਾਵੇਂ)
ਜਹਨਮ: ਨਰਕ
ਏਡਾ ਜ਼ੁਲਮ ਥੀਸੀ ਤਾਂ ਜ਼ਾਲਮਾਂ ਭੀ ਜਹਨਮ ਮਿਲਸੀ।
(ਐਨਾ ਜ਼ੁਲਮ ਹੋਊ ਤਾਂ ਜ਼ਾਲਮਾਂ ਨੂੰ ਨਰਕ ਮਿਲੇਗਾ)

ਜੇਹਾਦ: ਧਾਰਮਕ ਜੰਗ/ਫਿਰਕੂ ਜਨੂੰਨ
ਜਹਾਦ ਦੇ ਨਾਂ ਤੇ ਮਾਸੂੰਮ ਵੱਢਣ ਨਾਲ, ਨਾ ਬਹਿਸ਼ਤ ਮਿਲੇ ਨਾ ਹੂਰ।
(ਜਹਾਦ ਦੇ ਨਾਂ ਤੇ ਮਾਸੂੰਮ ਵੱਢਣ ਨਾਲ, ਨਾ ਸੁਰਗ ਮਿਲੁ ਨਾ ਹੂਰ)
ਜ਼ਹਿਮਤ: ਖੇਚਲ
ਡਰਦਾ ਡਰਦਾ ਤੈਨੁੰ ਜ਼ਹਿਮਤ ਡੀਦਾ, ਰੋਸਾ ਨਾ ਕਰੀਂ।
(ਡਰਦੇ ਡਰਦੇ ਤੈਨੂੰ ਖੇਚਲ ਦਿਨਾਂ, ਰੋਸ ਨਾ ਕਰਿਉ)
ਜ਼ਹਿਨ: ਦਿਮਾਗ
ਉਡੈ ਮੈਂਡੇ ਜ਼ਹਿਨ ਵਿਚ ਇਹ ਗੱਲ ਨਹੀਂ ਆਈ।
(ਉਦੋਂ ਮੇਰੇ ਦਿਮਾਗ ਵਿਚ ਇਹ ਗੱਲ ਨਹੀਂ ਆਈ)
ਜ਼ਹਿਰ ਮੁਹਰਾ: ਜ਼ਹਿਰ/ਮਾਰੂ ਪੱਥਰ
ਜਡੂੰ ਖਾਵਣ ਜ਼ਹਿਰ ਥੀ ਵੰਞੇ, ਜ਼ਹਿਰ ਮੁਹਰਾ ਚੱਟਾ ਡੇਵੋ।
(ਜਦੋਂ ਖਾਧਾ ਜ਼ਹਿਰ ਹੋ ਜਾਵੇ, ਤਾਂ ਜ਼ਹਿਰ/ਮਾਰੂ ਪਥਰ ਚਟਾ ਦਿਉ)
ਜ਼ਹੀਨ ਬੁਧੀਮਾਨ
ਜ਼ਮਾਨਾ ਮੁੱਢੂੰ ਜ਼ਹੀਨਾਂ ਦੀ ਖਿੱਲੀ ਉਡੈਂਦਾ ਆਇਆ ਹੇ।
(ਦੁਨੀਆਂ ਮੁੱਢੋਂ ਹੀ ਬੁਧੀਮਾਨਾਂ ਦਾ ਅਪਮਾਨ ਕਰਦੀ ਰਹੀ ਹੈ)
ਜ਼ਹੂਰ: ਪਰਗਟ
ਕੁਦਰਤ ਦੇ ਕ੍ਰਿਸ਼ਮੇ ਜ਼ਾਹਰਾ ਜ਼ਹੂਰ ਹੁੰਦੇ ਆਏਨ।
(ਕੁਦਰਤ ਦੇ ਅਜਬ ਵਰਤਾਰੇ ਪ੍ਰਤੱਖ ਪ੍ਰਗਟ ਹੁੰਦੇ ਆਏ ਹਨ)
ਜ਼ਕਾਤ: ਦਾਨ/ਜਿਉਂਦੇ ਰਹਿਣ ਲਈ ਟੈਕਸ
ਕੇਈ ਅਨਾਥਾਂ ਕੂੰ ਜ਼ਕਾਤ ਡੇਵਿਨ ਤੇ ਕੇਈ ਮੌਤ ਤੂੰ ਬਚਣ ਤੂੰ ਜ਼ਕਾਤ ਲਾਵਣ।
(ਕਈ ਅਨਾਥਾਂ ਨੂੰ ਦਾਨ ਦੇਣ ਤੇ ਕਈ ਮਰਨ ਤੋਂ ਬਚਣ ਪਿਛੇ ਟੈਕਸ ਲਾਣ)
ਜ਼ਖੀਰਾ: ਜਮਾਂ ਖੋਰੀ
ਜ਼ਖੀਰਾਬਾਜ਼ ਸ਼ੈਆਂ ਦੀ ਤ੍ਰੋਟ ਕਰਕੇ ਮਾਂਘੀ ਵੇਚਦੇ ਹਿਨ।
(ਜਮਾਂ ਖੋਰ ਵਸਤਾਂ ਦੀ ਘਾਟ ਕਰਕੇ ਮਹਿੰਗੀਆਂ ਵੇਚਦੇ ਨੇ)
ਜੱਗ: ਲੰਗਰ
ਜੱਗ ਕਰ ਕਰ ਰਜੇ ਰਜੈਂਦੇ ਹੋ, ਭੁੱਖ-ਗਰੀਬੀ ਈਂਞ ਮਿਟਸੀ।
(ਲੰਗਰ ਲਾ ਲਾ ਰਜਿਆਂ ਨੂੰ ਜਾਂਦੇ ਹੋ, ਭੁੱਖ-ਗਰੀਬੀ ਇਉਂ ਮਿਟੂ)
ਜੰਗਮ: ਜਟਾਧਾਰੀ ਸਾਧੂ
ਜੰਗਮ ਆਏ ਵਦੇ ਹਨ, ਟੱਲੀਆਂ ਨਾਲ ਭੋਲੇ ਨਾਥ ਜਪਦੇ।
(ਜਟਾਧਾਰੀ ਆਏ ਫਿਰਦੇ ਨੇ, ਘੰਟੀਆਂ ਨਾਲ ਭੋਲੇ ਨਾਥ ਜਪਦੇ)
ਜੰਘ/ਜੰਘਾਂ: ਲਤ/ਲਤਾਂ, ਟੰਗ/ਟੰਗਾਂ
ਜੰਘ ਤੇ ਫੱਟ ਕਰਾਈ ਬੈਠੈ, ਕੇ ਥਿਆ ਹੇਈ)
(ਲਤ ਤੇ ਜ਼ਖ਼ਮ ਕਰਾਈ ਬੈਠਾ ਹੈਂ, ਕੀ ਹੋਇਆ ਹਈ)

ਜੰਘੀ: ਹੱਲ ਦੀ ਹੱਥੀ
ਪਿਊ ਟੁਰ ਗਿਆ ਹਿਸ, ਛੋਟੀ ਉਮਰੇ ਹਲ ਦੀ ਜੰਘੀ ਫੜਨੀ ਪਈਸ।
(ਪਿਉ ਮਰ ਗਿਆ, ਛੋਟੀ ਉਮਰੇ ਹੱਲ ਦੀ ਹੱਥੀ ਫੜਨੀ ਪਏ ਗਈ ਹੈਸ)
ਜੱਟ: ਮੱਧ ਏਸ਼ੀਆ-ਕਾਲੇ ਸਾਗਰ ਵਲੋਂ ਆਈ ਘੁਮੱਕੜ ਜਾਤੀ
ਜੱਟਾਂ ਵਿਚ ਰਾਹਸੀਂ ਬਾਹਸੇਂ ਤਾਂ ਉਹੀ ਗਲਾਂ ਸਿਖਸੇਂ।
(ਘੁਮੱਕੜ ਜਾਤੀ ਵਿਚ ਉਠੇ-ਬੈਠੇਗਾ ਉਹੀ ਗਲਾਂ ਸਿੱਖੇਂਗਾ)
ਜਟੇਟਾ/ਜਟੇਟੀ ਮੁਸਲਮਾਨਾਂ ਦੇ ਬਾਲ/ਜਾਤੀ ਸੂਚਕ ਨਾਮ
ਇੱਡੇ ਜ਼ੋਰ ਜੱਟਾਂ, ਜਟੇਟਿਆਂ ਦਾ ਹੈ, ਸਿੱਖ ਆਟੇ ਵਿਚ ਲੂਣ
(ਇਧਰ ਬਹੁਤੇ ਮੁਸਲਮਾਨ ਜੱਟ ਨੇ, ਸਿੱਖ ਨਾਂ ਮਾਤਰ ਹਨ)
ਜਠੇਰਾ: ਵਡੇਰਾ
ਸਿਰਾਧਾਂ ਵਿਚ ਜਠੇਰਿਆਂ ਦੇ ਨਾਂ ਦਾਨ ਪੁੰਨ ਕਰੀਦੈ।
(ਸਰਾਧਾਂ ਵਿਚ ਵਡੇਰਿਆਂ ਦੇ ਨਾਂ, ਦਾਨ ਪੁੰਨ ਕਰਨਾ ਹੁੰਦੈ)
ਜੰਡੀ ਕੱਪ: ਵਿਆਹ ਵਾਲੇ ਮੁੰਡੇ ਵਲੋਂ ਕੀਤੀ ਰੀਤ
ਮਿਜ਼ਮਾਨਾਂ ਤੂੰ ਬਲ੍ਹਾਵੋ, ਝਬਦੇ ਜੰਡੀ ਕੱਪ ਕੇ ਵਲਦੇ ਹਾਏ।
(ਮਹਿਮਾਨਾਂ ਨੂੰ ਬਿਠਾਓ, ਹੁਣੇ ਜੰਡੀ ਕਟਾ ਕੇ ਮੁੜਦੇ ਹਾਂ)
ਜਡੂੰ/ਜਡਣ: ਜਦੋਂ
ਜਡਣ/ਜੰਡੂ ਤੂ ਆਖਸੇ ਤਾਂ ਪੇਕੇ ਲਗੀ ਵੈਸਾਂ।
(ਜਦੋਂ ਤੂੰ ਆਖੇਂਗਾ, ਪੇਕੇ ਚਲੀ ਜਾਵਾਂਗੀ)
ਜਣਨਾ: ਜਨਮ ਦੇਣਾ
ਸਾਰੇ ਪ੍ਰਾਣੀ ਬਚੇ ਜਣਦੇ ਹਨ ਤੇ ਜਗ ਚਲਦਾ ਹੈ।
(ਸਾਰੇ ਜੀਅ ਬਚਿਆਂ ਨੂੰ ਜਨਮ ਦਿੰਦੇ ਨੇ ਤੇ ਸੰਸਾਰ ਚਲਦਾ ਹੈ)
ਜਣਾ/ਜਣੀ: ਬੰਦਾ/ਬੁੜ੍ਹੀ
ਹਿੱਕ ਜਣਾ ਤੇ ਹਿੱਕ ਜਣੀ ਆਂਦੇ ਵੰਲੋਂ ਤੇ ਅੰਗੁਠਾ ਲਾਈ ਵੰਞੋ।
(ਇੱਕ ਬੰਦਾ ਤੇ ਇੱਕ ਬੁੜ੍ਹੀ ਆਈ ਜਾਵੋ ਤੇ ਅੰਗੂਠਾ ਲਾਈ ਜਾਉ)
ਜੱਤ ਵਾਲ
ਬਕਰੀ ਦੀ ਜੱਤ ਕਤਾਈਂ, ਮੁਹਾਰਾਂ ਵੱਟਣੀਆਂ ਹਨ।
(ਬਕਰੀ ਦੇ ਵਾਲ ਕਤੀਏ, ਮੁਹਾਰਾਂ ਵੱਟਣੀਆਂ ਨੇ)
ਜ਼ਦ: ਦਾਇਰਾ
ਵਰਦਾਤ ਪਿੰਡ ਦੀ ਜ਼ਦ ਤੂੰ ਬਾਹਰ ਥਈ ਹੇ।
(ਘਟਨਾ ਪਿੰਡ ਦੇ ਦਾਇਰੇ ਤੋਂ ਬਾਹਰ ਹੋਈ ਹੈ)
ਜੰਨਤ: ਸੁਰਗ
ਜੰਨਤ ਦੀ ਤ੍ਰਿਸ਼ਨਾ ਵਿਚ ਇਸ ਜ਼ਿੰਦਗੀ ਕੁ ਦੋਜ਼ਕ ਨਾ ਕਰ।
(ਸੁਰਗ ਦੀ ਤ੍ਰਿਸ਼ਨਾ ਵਿਚ ਇਹ ਜ਼ਿੰਦਗੀ ਨਰਕ ਨਾ ਬਣਾ)

ਜ਼ਨਾਨੀ/ਜ਼ਨਾਨਾ:ਔਰਤ/ਖੁਸਰਾ
ਜ਼ਨਾਨੀ ਤਾਂ ਜ਼ਨਾਨੀ ਹੋਈ, ਹੋ ਮਰਦ ਵੀ ਜ਼ਨਾਨਾ ਹੇ।
(ਔਰਤ ਤਾਂ ਔਰਤ ਹੀ ਹੋਈ, ਇਹ ਮਰਦ ਵੀ ਖੁਸਰਾ ਹੈ)
ਜਨਾਜ਼ਾ: ਸਿੜੀ
ਜਨਾਜ਼ਾ ਕਢਣੁ ਪਹਿਲੂ ਲੋਥ ਡੇਖ ਕੁਰਲਾਟ ਪੈ ਗਿਆ।
(ਸਿੜੀ ਚੁੱਕਣੋਂ ਪਹਿਲਾਂ, ਲਾਸ਼ ਵੇਖ ਕੁਰਲਾਟ ਪੈ ਗਿਆ)
ਜਪਮਾਲਾ/ਜਪਮਾਲੀ: ਮਾਲਾ/ਨਿਕੀ ਮਾਲਾ
ਹੱਥ ਵਿਚ ਡੇਖੋ ਜਪਮਾਲਾ/ਜਪਮਾਲੀ ਹੈ ਤੇ ਮੂੰਹ ਵਿਚ ਕੋਹੜੀਆਂ ਗਾਲਾਂ ਹਿਨ।
(ਵੇਖੋ ਹੱਥ ਵਿਚ ਮਾਲਾ ਹੈ ਤੇ ਮੂੰਹੋਂ ਗੰਦੀਆਂ ਗਾਲਾਂ)
ਜਫਰ: ਔਖੇ ਦਿਨ
ਮਾਂ-ਮਹਿੱਟਰਾਂ ਦੇ ਭੋਗੇ ਜਫ਼ਰ ਦਾ ਕੋਈ ਟਿਕਾਣਾ ਨਹੀਂ।
(ਮਰੀ ਮਾਂ ਦੇ ਬੱਚਿਆਂ ਦੇ ਭੋਗੇ ਕਸ਼ਟਾਂ ਦਾ ਕੋਈ ਹਿਸਾਬ ਨਹੀਂ ਹੈ)
ਜਬਾ: ਰੋਹਬ
ਜ਼ੈਲਦਾਰ ਦੀ ਇਲਾਕੇ ਵਿਚ ਜਬ੍ਹਾ ਦੀ ਕਾਈ ਰੀਸ ਨਹੀਂ।
(ਇਲਾਕੇ ਵਿਚ ਜ਼ੈਲਦਾਰ ਦੇ ਰੋਹਬ ਦਾ ਕੋਈ ਮੁਕਾਬਲਾ ਨਹੀਂ)
ਜੱਭਲ: ਨਿਕੰਮੀ
ਕੰਮ ਜੋਗੀ ਨਾ ਕਾਰ ਦੀ, ਜੱਭਲ ਛਨਾਰ ਜਿਹੀ।
(ਕਿਸੇ ਕੰਮ ਕਾਰ ਜੋਗੀ ਤਾਂ ਹੈ ਨਹੀਂ, ਨਿਕੰਮੀ ਲੁੱਚੀ ਜਿਹੀ ਹੈ)
ਜਮਾਂ ਖਰਚ: ਲੋੜ ਜੋਗਰੀ ਰਕਮ
ਯਾਤਰਾ ਤੇ ਚੜ੍ਹਿਆ ਲੈਂਦੈ, ਕੁਝ ਜਮਾਂ ਖਰਚ ਚਾਇਆਈ।
(ਯਾਤਰਾ ਤੇ ਚੜ੍ਹ ਚਲਿਐਂ, ਕੁਝ ਲੋੜ ਜੋਗਰੀ ਰਕਮ ਚੁਕੀ ਹਈ)
ਜੰਮ ਜੰਮ: ਬੇਝਿਜਕ
ਜੰਮ ਜੰਮ ਆਵੋ ਸੁਹਣਿਓ, ਕਿਵਾੜ ਖੁਲ੍ਹੇ ਰਖਸੂੰ।
(ਬੇਝਿਜਕ ਚਲੇ ਆਓ ਸੁਹਣਿਉਂ, ਬਾਰ ਖੁਲ੍ਹੇ ਰਖਾਂਗੇ)
ਜਮ: ਯਮ
ਮੈਂ ਹਿੱਕ ਡਿਹਾੜੇ ਤਾਂ ਆਵਣੈ, ਜਮ ਦਾ ਡਰ ਕਿਹਾ।
(ਜੀਹਨੇ ਇਕ ਦਿਨ ਆਉਣਾ ਹੀ ਹੈ, ਯਮ ਦਾ ਡਰ ਕਾਹਦਾ)
ਜਮਾਲ: ਸੁਹੱਪਣ
ਇਸ ਜੋੜੀ ਦੀ ਸੰਤਾਨ ਤੋਂ ਕਮਾਲ ਦਾ ਜਮਾਲ ਹੈ।
(ਇਸ ਜੋੜੇ ਦੀ ਸੰਤਾਨ ਤੇ ਲੋਹੜੇ ਦਾ ਸੁਹੱਪਣ ਹੈ)
ਜ਼ਮੀਮਾਂ: ਵਧਾਰਾ
ਕਿਤਾਬ ਦਾ ਜ਼ਮੀਮਾ ਵੀ ਟੁੰਬਦੈ, ਆਫਰੀਨ ਕਾਤਬ ਦੇ।
(ਕਿਤਾਬ ਦਾ ਵਧਾਰਾ ਵੀ ਟੁੰਬਦਾ ਹੈ, ਲੇਖਕ ਕਮਾਲ ਹੈ)

ਜ਼ਰ: ਧਨ
ਜ਼ਮਾਨਾ ਫਿਰ ਗਿਐ, ਜ਼ਰ ਲੁਕਾਵੋ, ਜੋਰੁ ਡਿਖਾਵੋ।
(ਦੁਨੀਆਂ ਬਦਲ ਗਈ, ਧਨ ਤਾ ਲਕੋਵੋ ਪਰ ਰੰਨ ਦਿਖਾਓ)
ਜ਼ਰ ਖਰੀਦ ਮੁੱਲ ਦੀ
ਜ਼ਰ ਖਰੀਦ ਤੇ ਕਢ ਘਿਨਾਈਆਂ ਤ੍ਰੀਮਤਾਂ ਦੀ ਕੌਣ ਸੁਣਦੈ।
(ਮੁੱਲ ਦੀਆਂ ਤੇ ਉਧਾਲੀਆਂ ਔਰਤਾਂ ਦੀ ਕੌਣ ਸੁਣਦੈ)
ਜ਼ਰਦ: ਪੀਲਾ
ਲਹੂ ਘਟ ਹੇ, ਅਖਾਂ ਤੇ ਨਹੁੰ ਜ਼ਰਦ ਹਿਨ, ਪੀਲੀਆ ਹੈ।
(ਖੂਨ ਘਟ ਹੈ, ਅੱਖਾਂ ਤੇ ਨਹੁੰ ਪੀਲੇ ਨੇ, ਪੀਲੀਆ ਰੋਗ ਹੈ)
ਜ਼ੋਰਬ: ਚੋਟ
ਟੱਕਰ ਤਾਂ ਜ਼ਬਰਦਸਤ ਥਈ ਪਰ ਜ਼ਰਬ ਤੂੰ ਬਚਾਅ ਹੇ।
(ਟੱਕਰ ਤਾਂ ਜ਼ੋਰਦਾਰ ਹੋਈ ਪਰ ਚੋਟ ਤੋਂ ਬਚਾਅ ਹੈ)
ਜ਼ਰਾ: ਭੋਰਾ
ਕੇਡੀ ਬਿਲੱਜੀ ਹੈ, ਜ਼ਰਾ ਵੀ ਲਜ ਨਿਸ ਆਂਦੀ।
(ਕਿੰਨੀ ਬਿਸ਼ਰਮ ਹੈ, ਭੋਰਾ ਵੀ ਸ਼ਰਮ ਨਹੀਂ ਸੂ ਆਉਂਦੀ)
ਜਲੂਮ: ਜੋਕ
ਅਗੇ ਜਲੂਮਾਂ ਲਵਾ ਕੇ ਗੰਦਾ ਲਹੁ ਕਢਾ ਲੈਂਦੇ ਸਨ।
(ਅਗੇ ਤਾਂ ਜੋਕਾਂ ਲੁਆ ਕੇ ਗੰਦਾ ਖੂਨ ਕਢਾ ਦਿੰਦੇ ਸੀ)
ਜਲਵਾ: ਅਦਭੁਤ ਨਜ਼ਾਰਾ
ਪਰਬਤਾਂ ਤੇ ਵੰਞੋ, ਕੁਦਰਤ ਦੇ ਜਲਵੇ ਖਿੰਡੇ ਪਏਨ।
(ਪਹਾੜਾਂ ਤੇ ਜਾਉ, ਕੁਦਰਤ ਦੇ ਅਦਭੁਤ ਨਜ਼ਾਰੇ ਖਿਲਰੇ ਹੋਏ ਨੇ)
ਜ਼ਲਾਲਤ/ਜ਼ਲੀਲ: ਅਪਮਾਨ/ਅਪਮਾਨਿਤ
ਕੈਂਹ ਕੂ ਏਡਾ ਜ਼ਲੀਲ ਨਾ ਕਰੀਚੇ ਕਿ ਜ਼ਲਾਲਤ ਤੂੰ ਮਰ ਵੰਞੇ।
(ਕਿਸੇ ਨੂੰ ਏਨਾ ਅਪਮਾਨਿਤ ਨਾ ਕਰੀਏ ਕਿ ਅਪਮਾਨੋਂ ਹੀ ਮਰ ਜਾਵੇ)
ਜਲੂਲ ਖੁਜਲੀ
ਤਲੀ ਵਿਚ ਜਲੂਲ ਪਈ ਥਾਂਦੀ, ਧਨ ਆਸੀ ਕਿ ਵੈਸੀ।
(ਤਲੀ 'ਚ ਖੁਰਕ ਹੋਈ ਜਾਂਦੀ ਹੈ, ਰਕਮ ਆਉ ਕਿ ਜਾਉ)
ਜ਼ਵਾਲ: ਗਿਰਾਵਟ
ਪੁਜਾਰੀਆਂ ਪੈਸੇ ਦੇ ਲਾਲਚ ਵਿਚ ਧਰਮ ਦਾ ਜ਼ਵਾਲ ਕੀਤੈ।
(ਪੁਜਾਰੀਆਂ ਪੈਸੇ ਦੇ ਲਾਲਚ ਵਿਚ ਧਰਮ ਦੀ ਗਿਰਾਵਟ ਕੀਤੀ ਹੈ)
ਜੜ੍ਹ ਗਈ: ਖਰਾਬ /ਭੈੜੀ
ਜੜ੍ਹ ਗਈ ਘੋੜੀ ਡਰ ਗਈ ਹੋਸੀ ਸਵਾਰ ਭੁਕਾਅ ਮਾਰਿਅਸ
(ਭੈੜੀ ਘੋੜੀ ਡਰ ਗਈ ਹੋਊ, ਸਵਾਰ ਨੂੰ ਭੁਆ ਸੁਟਿਆ ਹੈ)।

ਜ਼ਾਇਕਾ/ਜੈਕਾ: ਸੁਆਦ
ਭੋਜਨ ਕੀ ਜ਼ਾਇਕਾ/ਜੈਕਾ ਕੇਈ ਡੀਂਹ ਯਾਦ ਰਾਹਸੀ।
(ਭੋਜਨ ਦਾ ਸੁਆਦ ਕਈ ਦਿਨ ਯਾਦ ਰਹੂ)
ਜਾਈ/ਜਾਏ ਸੰਤਾਨ
ਧਰਤੀ ਦੀ ਜਾਈ ਤੇ ਜਾਏ ਸੱਭ ਸੁਖੀ ਵਸੱਨ।
(ਧਰਤੀ ਦੀ ਸੰਤਾਨ ਸਾਰੇ ਪ੍ਰਾਣੀ ਸੁਖੀ ਵਸਣ)
ਜਾਸਤੀ: ਜ਼ਿਆਦਤੀ/ਵਾਧਾ
ਜ਼ੋਰਾਵਰ ਜਾਸਤੀ ਕਰਸਿਨ ਤੇ ਡੁੱਖ ਵਧੈਸਿਨ।
(ਧੱਕੜ ਵਾਧੇ ਕਰਨਗੇ ਤੇ ਦੁੱਖ ਵਧਾਉਣਗੇ)
ਜ਼ਾਹਰ: ਪ੍ਰਤੱਖ
ਪੜਦੇ ਪਿਛੁੰ ਕੀਤੀ ਖੁਨਾਮੀ ਓੜਕ ਜਗ ਜ਼ਾਹਰ ਥੀ ਵੈਸੀ।
(ਪਰਦੇ ਪਿਛੇ ਕੀਤੀ ਬੁਰਾਈ ਅੰਤ ਪ੍ਰਤੱਖ ਹੋ ਜਾਊ)
ਜਾਹਲ/ਜਹਾਲਤ: ਮੂਰਖ/ਮੂਰਖਤਾ
ਜ਼ਮਾਨਾ ਜਾਹਲਾਂ ਕੂੰ ਤੇ ਜਹਾਲਤ ਨਿੰਦਦਾ ਰਾਂਧੈ।
(ਦੁਨੀਆਂ ਮੂਰਖਾਂ ਨੂੰ ਤੇ ਮੂਰਖਤਾ ਨੂੰ ਨਿੰਦਦੀ ਰਹਿੰਦੀ ਹੈ)
ਜਾਂਚ: ਪਰਖ
ਸਮੱਗਰੀ ਸਾਰੀ ਜਾਂਚ ਕੇ ਘਿਨਿਆਏ।
(ਸਾਰੀ ਸਮੱਗਰੀ ਪਰਖ ਕੇ ਲਿਆਇਆ ਜੇ)
ਜਾਚ: ਵਲ
ਹੱਜੇ ਉਮਰ ਅੰਞਾਣੀ ਹੈ, ਹੌਲੇ ਹੌਲੇ ਜਾਚ ਆ ਵੈਸਿਸ।
(ਅਜੇ ਉਮਰ ਨਿਆਣੀ ਹੈ, ਹੌਲੀ ਹੌਲੀ ਵਲ ਆ ਜਾਊ)
ਜਾਚਕ: ਬੇਨਤੀ ਕਰਤਾ/ਮੰਗਤਾ
ਤੁਹਾਡੀ ਮਿਹਰ ਦਾ ਜਾਚਕ ਹਾਂ, ਵਸ ਵੈਸਾ।
(ਤੁਹਾਡੀ ਕਿਰਪਾ ਦਾ ਮੰਗਤਾ ਹਾਂ, ਵਸ ਜਾਊਂ।
ਜਾਤਕ: ਜੁਆਕ
ਰੋਲਾ ਬਹੂੰ ਪਿਆ ਪੂੰਦੇ, ਜ਼ਰਾ ਜਾਤਕਾਂ ਕੂੰ ਚੁੱਪ ਕਰਾ।
(ਰੌਲਾ ਬਹੁਤ ਪੈ ਰਿਹਾ ਹੈ, ਜ਼ਰਾ ਜੁਆਕਾਂ ਨੂੰ ਚੁੱਪ ਕਰਾ)
ਜਾਬੀ: ਜਾਕਟ
ਪੁਲਿਸ ਨੇ ਉਸ ਦੀ ਜਾਬੀ ਦੇ ਗੁੱਦੇ ਚੂੰ ਹਫੀਮ ਕੱਢੀ।
(ਪੁਲੀਸ ਨੇ ਉਸ ਦੀ ਜਾਕਟ ਦੀ ਜੇਬ ਵਿਚੋਂ ਅਫ਼ੀਮ ਕੱਢੀ)
ਜਾਮਾ ਤਲਾਸ਼ੀ: ਸਰੀਰਕ ਪਹਿਰਾਵੇ ਦੀ ਤਲਾਸ਼ੀ
ਜੇਲ੍ਹ ਘੱਤਣ ਤੂੰ ਪਹਿਲੂ ਜਾਮਾ ਤਲਾਸ਼ੀ ਥੀਸੀ।
(ਜੇਲ ਭੇਜਣ ਤੋਂ ਪਹਿਲੋਂ ਪਹਿਰਾਵੇ ਦੀ ਤਲਾਸ਼ੀ ਹੋਊ)

ਜ਼ਾਲ: ਵਣ
ਜਾਲ੍ਹੀਂ ਤੂੰ ਪੀਹਲੂੰ ਚੁਣਨ ਵੈਂਦੇ ਹਾਸੇ।
(ਵਣਾਂ ਤੋਂ ਪੀਲ੍ਹਾਂ ਚੁਗਣ ਜਾਂਦੇ ਹੁੰਦੇ ਸੀ)
ਜ਼ਾਲ: ਵਹੁਟੀ
ਨਸ਼ਾ ਵਿਚੀਂਦਾ ਜ਼ਾਲ ਸਣੇ ਫੜਿਆ ਗਿਆ।
(ਨਸ਼ਾ ਵੇਚਦਾ, ਵਹੁਟੀ ਸਮੇਤ ਫੜਿਆ ਗਿਆ)
ਜਾਲਾ: ਆਲਾ
ਜਾਲੇ ਵਿਚ ਸਾਰੀ ਰਾਤ ਡੀਵਾ ਜਗਦਾ ਰਿਹਾ।
(ਆਲੇ ਵਿਚ ਸਾਰੀ ਰਾਤ ਦੀਵਾ ਜਗਦਾ ਰਿਹਾ)
ਜ਼ਿਆਨ: ਨੁਕਸਾਨ
ਭਰੋਸੇ ਭਰੋਸੇ ਵਿਚ ਢੇਰ ਜ਼ਿਆਨ ਕਰ ਬੈਠਾਂ।
(ਭਰੋਸੇ ਭਰੋਸੇ ਬਹੁਤ ਨੁਕਸਾਨ ਕਰ ਬੈਠਾ ਹਾਂ)
ਜ਼ਿਆਰਤ: ਦਰਸ਼ਨ
ਸਿੱਖ ਗੁਰਦੁਆਰਿਆਂ ਦੀ ਜ਼ਿਆਰਤ ਕਰਨ ਆਏ ਹਿਨ।
(ਸਿੱਖ ਗੁਰਦੁਆਰਿਆਂ ਦੇ ਦਰਸ਼ਨ ਕਰਨ ਆਏ ਨੇ)
ਜਿਸਮ: ਦੇਹ
ਮੌਤ ਪਿਛੁੰ ਜਿਸਮ ਦਾ ਦਾਨ ਖੋਜਾਂ ਦੇ ਕੰਮ ਆਂਦੈ।
(ਮੌਤ ਪਿਛੋਂ ਦੇਹ-ਦਾਨ ਖੋਜਾਂ ਦੇ ਕੰਮ ਆਉਂਦਾ ਹੈ)
ਜਿਕਣ/ਜਿਕਰ/ਜਿਕੂੰ: ਜਿਵੇਂ ਕਿਵੇਂ
ਜਿਕਣ/ਜਿਕਰ/ਜਿਕੂੰ ਨਿਬੜ ਸੰਗਦੀ ਹੇ ਨਿਬੇੜ ਸੱਟ।
(ਜਿਵੇਂ ਕਿਵੇਂ ਨਿਬੜ ਸਕਦੀ ਹੈ ਨਿਬੇੜ ਸਿੱਟ)
ਜਿਗਰਾ: ਵੱਡਿਆ ਦਾ ਇਕੱਠ
ਜਿਗਰਾ ਥੀਂਦਾ ਪਿਐ, ਕਾਈ ਨਿਆ ਕਰੇਸਿਨ।
(ਵੱਡਿਆਂ ਦਾ ਇਕੱਠ ਜੋ ਹੋ ਰਿਹੈ, ਕੋਈ ਨਿਆਂ ਕਰਨਗੇ)
ਜਿਗਰਾ: ਜੇਰਾ/ਹੌਸਲਾ
ਜਿਗਰੇ ਦਾ ਕੰਮ ਹੈ, ਥੀ ਵੈਸੀ, ਜਿਗਰਾ ਰੱਖ।
(ਹੌਸਲੇ ਦਾ ਕੰਮ ਹੈ, ਹੋ ਜਾਉ, ਜੇਰਾ ਰੱਖ)
ਜਿਚਰ: ਜਦੋ ਤੱਕ
ਜਿਚਰ ਜੀਵੇ ਜਿੰਦੜੀ, ਕਰਮ ਕਰੀਂਦਾ ਵੰਞ।
(ਜਦ ਤਾਕ ਸਰੀਰ ਵਿਚ ਜਾਨ ਹੈ, ਕਰਮ ਕਰਦਾ ਰਹੁ)
ਜਿਥੂੰ/ਜਿਡੂੰ/ ਜਿਡਾਹੂੰ: ਜਿਧਰੋਂ
ਜਿਥੂੰ/ਜਿਡੂੰ/ ਜਿਡਾਹੂੰ ਘਿਨਾਏਂ, ਪਾਪ ਹੈ, ਉਡਾਂਹੀ ਸੱਟ ਆ।
(ਜਿਧਰੋਂ ਲਿਆਏਂ, ਪਾਪ ਹੈ, ਉਧਰੇ ਸਿੱਟ ਆ)

ਜਿਦਣ: ਜਿਸ ਦਿਨ
ਜਿਦਣ ਦਾ ਜੰਮਿਆ ਏ, ਬਹਾਰਾਂ ਲਾਹਿ ਪਈਆਨ।
(ਜਿਸ ਦਿਨ ਦਾ ਜੰਮਿਆ ਹੈ, ਬਹਾਰਾਂ ਆ ਗਈਆਂ ਨੇ)
ਜੈਕੁੰ/ਜਿਨੂੰਹ: ਜੀਹਨੂੰ
ਜੈਕੁੰ/ਜਿਨੂੰਹ ਡਿਤੇ ਹਾਨੀ, ਉਸੇ ਕੋਲੂ ਘਿਨ।
(ਜੀਹਨੂੰ ਦਿਤੇ ਸੀ ਉਸੇ ਕੋਲੋਂ ਲੈ)
ਜ਼ਿਬਾਹ: ਕੋਹਣਾ
ਦੁਸ਼ਮਣਾਂ ਫੋਜੀ ਤੂੰ ਬੇਦਰਦ ਹੋ ਜ਼ਿਬਾਹ ਕੀਤਾ।
(ਦੁਸ਼ਮਣਾ ਫੋਜੀ ਨੂੰ ਬੇਰਹਿਮ ਹੋ ਕੇ ਕੋਹਿਆ)
ਜਿੱਥ: ਜੀਭ
ਜਿੱਭ ਕੂੰ ਜੰਦਰਾ ਮਾਰ, ਫਸ ਵੈਸੇ।
(ਜੀਭ ਬੰਦ ਰੱਖ, ਫਸ ਜਾਏਂਗਾ)
ਜ਼ਿੰਮਾ/ਘੁੰਮਾ: ਜੁੰਮੇਵਾਰੀ
ਮੈਂਡਾ ਜ਼ਿੰਮਾ ਚੁੰਮਾ, ਤੈਂਡਾ ਵਾਲ ਡਿੰਗਾ ਨਾ ਥੀਸੀ।
(ਮੇਰੀ ਜ਼ਿੰਮੇਵਾਰੀ, ਤੇਰਾ ਵਾਲ ਵਿੰਗਾ ਨਾ ਹੋਵੇਗਾ)
ਜ਼ਿੰਮੀ: ਜ਼ਮੀਨ/ਧਰਤੀ
ਜ਼ਿੰਮੀ ਪੁੱਛੇ ਅਸਮਾਨ, ਬੰਦੇ ਬੁੱਚੜ ਕਿੰਞ ਥਏ।
(ਧਰਤੀ ਅਕਾਸ਼ ਤੋਂ ਪੁੱਛੇ ਕਿ ਬੰਦੇ ਬੁੱਚੜ ਕਿਵੇਂ ਹੋ ਗਏ)
ਜ਼ਿਰਹਾ: ਪੁੱਛ ਗਿੱਛ
ਚੋਰੀ ਕਢਾਣ ਵਾਸਤੇ ਬਹੂੰ ਜਿਹਾ ਕੀਤਾ ਹਾਨੇ।
(ਚੋਰੀ ਲਭਣ ਲਈ ਬੜੀ ਪੁੱਛ ਗਿੱਛ ਕੀਤੀ ਸੀ)
ਜਿਦ: ਸਬਰ
ਦਰਵੇਸ਼ਾਂ ਕੂੰ ਰੁਖਾਂ ਜਿਹੀ ਜਿਰਾਂਦ ਚਾਹੀਦੀ ਹੈ।
(ਭਲੇ ਲੋਕਾਂ ਨੂੰ ਰੁਖਾਂ ਜਿੰਨਾ ਸਬਰ ਰਖਣਾ ਚਾਹੀਦਾ ਹੈ)
ਜ਼ਿਲਤ: ਦੁਰਵਿਹਾਰ
ਥਾਣੇ ਚੌਂਕੀ ਵੈਸੇ ਤਾਂ ਬਹੁੰ ਜ਼ਿਲਤ ਝਲੇਸੋ।
(ਥਾਣੇ ਚੌਕੀ ਜਾਵੋਗੇ ਤਾਂ ਬਹੁਤ ਦੁਰਵਿਹਾਰ ਝਲੋਗੇ)
ਜੀਅ ਕੀੜੇ
ਫੱਟਾਂ ਵਿਚ ਜੀਅ ਚਲੇ ਪਏ ਹਿਸ।
(ਜ਼ਖ਼ਮਾਂ ਵਿਚ ਕੀੜੇ ਪਏ ਹੋਏ ਹਨ)
ਜੀਦਾਂ ਵੱਤੇ: ਜਿਉਂਦਾ ਰਹੇਂ
ਜੀਂਦਾ ਵੱਤੇ, ਇਸ ਮੁਨਾਖੇ ਬੁਢੜੇ ਕੂੰ ਪਾਰ ਲੰਘਾ
(ਜਿਉਂਦਾ ਰਹੇ, ਇਸ ਅੰਨ੍ਹੇ ਬੁੱਢੇ ਨੂੰ ਪਾਰ ਲੰਘਾ ਦੇ)

ਜ਼ੀਨਾ: ਪਉੜੀ
ਜ਼ੀਨਾ ਅੰਦਰੂੰ ਚੜ੍ਹੈਸੂੰ।
(ਪਉੜੀ ਅੰਦਰੋਂ ਚੜ੍ਹਾਗੇ)
ਜੀਰਨਾ/ਜੀਵਰਨਾ/ਦਿਉਰਨਾ: ਰਿਸਣਾ
ਸੰਤੋਖ ਰਖੋ, ਅਗਲੀ ਖੱਟੀ ਤਾਂ ਜੀਰੇ/ਜੀਵਰੇ/ਜਿਉਰੇ।
(ਸਬਰ ਕਰੋ, ਪਹਿਲੀ ਕਮਾਈ ਤਾਂ ਰਿਸ ਲਵੇ)
ਜੀਰਾਣ: ਸ਼ਮਸ਼ਾਨ
ਲਾਲ ਵੰਞਾਏ ਵਿਚ ਜੀਰਾਣ।
(ਸ਼ਮਸ਼ਾਨ ਵਿਚ ਲਾਲ ਗੁਆ ਬੈਠੇ ਹਾਂ)
ਜੁਆਂਹ/ਜਵਾਂਹ: ਕੰਡਿਆਲੀ ਪਿੱਠ ਵਾਲਾ ਰੀਂਗਣਾ ਜੀਵ
ਸਚ ਜਾਣ, ਮੈਕੂੰ ਜੁਆਂਹ/ਜਵਾਂਹ ਇਥਾਈਂ ਡਿਸੀ ਹਾਈ।
(ਸੱਚ ਮੰਨ, ਮੈਨੂੰ ਜਵਾਂਹ ਇਥੇ ਹੀ ਦਿਸੀ ਸੀ)
ਜੁਤਣਾ: ਹੱਲ ਅਗੇ ਜੁੜਨਾ
ਪਹਾਰੂ ਕਾਈ ਹੈ ਨਹੀਂ ਤੇ ਰੁਤ ਵੈਂਦੀ ਪਈ ਹੈ, ਆਪ ਹੀ ਜੁਤਸਾਂ।
(ਪਹਾਰੂ ਹੈ ਨਹੀਂ, ਰੁਤ ਜਾ ਰਹੀ ਹੈ, ਆਪ ਹੀ ਹੱਲ ਅਗੇ ਜੁੜੂੰ)
ਜੁਲ: ਚਲ,ਜੁਲੂ: ਚਲੀਏ,ਜੁਲਾਂ: ਜਾਵਾਂ,ਜੁਲਸੂੰ:ਚਲਾਂਗੇ,
ਜੁਲਸਾਈਂ:ਚਲੇ ਜਾਵਾਂਗੇ
ਜੁਲੂੰ, ਤੂੰ ਵੀ ਜੁਲ, ਮੈਂ ਵੀ ਜੁਲਾਂ, ਨਹੀਂ ਸਾਰੇ ਜੁਲਸੂੰ/ਜੁਲਸਾਏ।
(ਚਲੀਏ, ਤੂੰ ਵੀ ਚਲ, ਮੈਂ ਵੀ ਜਾਵਾਂ, ਨਹੀਂ ਸਾਰੇ ਚਲਾਂਗੇ/ਚਲੇ ਜਾਵਾਂਗੇ)
ਜੂੜ: ਨੂੜ ਕੇ
ਰਸਿਆ ਨਾਲ ਜੂੜ (ਨੂੜ) ਕੇ ਲੈ ਗਏ।
ਜੇਡ/ਜੇਡਾ:
ਧ੍ਰੋਹ (ਧੋਖੇ) ਜੇਡ/ਜੇਡਾ (ਜਿੰਨਾ) ਕੋਈ ਪਾਪ ਨਹੀਂ ਹੁੰਦਾ।
{{overfloat left|ਜ਼ੇਰਾਇਤ/ਜ਼ਰਾਇਤ: ਨਜੂਮ
ਅਗੇ ਜ਼ੇਰਾਇਤ/ਜ਼ਰਾਇਤ ਕਢੀਦੇ, ਵੰਞਾਚੀ ਸ਼ੈ ਕਿੱਥੇ ਹੈ।
(ਅੱਗੇ ਨਜ਼ੂਮ ਲਗਾਂਦੇ, ਗੁਆਚੀ ਚੀਜ਼ ਕਿਥੇ ਹੈ)
ਜ਼ੇਵਰ: ਗਹਿਣੇ
ਵਹੁਟੀ ਦੇ ਜ਼ੇਵਰ ਗਾਹਣੇ ਰਖ ਕੇ ਡੰਗ ਸਾਰਿਆ।
(ਵਹੁਟੀ ਦੇ ਗਹਿਣੇ, ਗਹਿਣੇ ਰੱਖ ਕੇ ਵੇਲਾ ਲੰਘਾਇਆ)
ਜੋਖਮ ਖ਼ਤਰਾ
ਪਾਣੀ ਬਹੂੰ ਗਹਿਰਾ ਹੇ, ਵੜਨਾ ਜੋਖਮ ਦਾ ਕੰਮ ਹੈ।
(ਪਾਣੀ ਬਹੁਤ ਡੂੰਘਾ ਹੈ, ਵੜਨਾ ਖਤਰੇ ਦਾ ਕੰਮ ਹੈ)
ਜੋਰੂ: ਪਤਨੀ
ਚੁੱਪ ਕਰਕੇ ਬੈਠਾ ਰਾਹਵੇਂ, ਜੋਰੂ ਦਾ ਗੁਲਾਮ।
(ਚੁੱਪ ਕਰਕੇ ਬੈਠਾ ਰਹੀਂ, ਪਤਨੀ ਦਾ ਗੁਲਾਮ)