ਪੰਨਾ:ਆਂਢ ਗਵਾਂਢੋਂ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਘਾਟ ਤੇ ਗਿਆ। ਪੌੜੀਆਂ ਤੇ ਜਾ ਕੇ ਖੜੋ ਗਿਆ! ਠੰਢੇ ਪਾਣੀ ਨਾਲ ਹੱਥ ਮੂੰਹ ਧੋਣ ਦੀ ਇਛਾ ਹੋਈ। ਉਹ ਥਲੇ ਉਤਰਣ ਲਗਾ। ਉਸ ਦੇ ਦਿਲ ਦੀ ਤਪਸ਼ ਨੇ ਉਸ ਦੇ ਸਾਰੇ ਅੰਗ ਤਪਾ ਦਿਤੇ ਸਨ। ਠੰਢਾ ਗੰਗਾ ਜਲ ਵੇਖ ਕੇ ਉਹ ਬੇਕਾਬੂ ਹੋ ਰਿਹਾ ਸੀ। ਠੰਢੇ ਜਲ ਨੇ ਜਿਸ ਤਰਾਂ ਉਸ ਨੂੰ ਖਿੱਚ ਪਾਈ........ਉਸ ਦੀਆਂ ਗਰਮ ਅੱਖਾਂ ਨੂੰ.........ਉਸ ਦੇ ਕੰਨਾਂ ਨੂੰ...........ਉਸ ਦੇ ਸਰੀਰ ਨੂੰ। ਉਸ ਨੂੰ ਮਾਲੂਮ ਹੋਇਆਂ ਕਿ ਉਹ ਤਿਲਕ ਗਿਆ ਤੇ ਡਿਗ ਪਿਆ ਹੈ ਨਦੀ ਦੇ ਜਲ ਵਿਚ........ਉਸ ਨੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ.......... ਦੋਵੇਂ ਹਥ ਉਤਾਂਹ ਨੂੰ ਕੀਤੇ......... ਭੁੜਕ ਕੇ ਸਿਰ ਉਪਰ ਕੀਤਾ.......ਫਿਰ ਪਾਣੀ ਵਿਚ ਚਲਾ ਗਿਆ..........ਉਸ ਦੇ ਜਿਸਮ ਦਾ ਉਪਰਲਾ ਹਿਸਾ ਉਪਰ ਆ ਗਿਆ, ਬੜੀ ਕੋਸ਼ਿਸ਼ ਨਾਲ ਅਖਾਂ ਪਾੜ ਕੇ ਦੇਖਦੇ ਹੋਏ ਉਹ ਚੀਕਿਆ:

‘ਯਾਦ ਆ ਗਿਆ !...........ਬਚਾਓ ! ਬਚਾਓ ! ਦਰਬਾਰੀ ਲਾਲਾ ! ਦਰ..........'

ਘਾਟ ਸੁਨਸਾਨ ਸੀ। ਗੰਗਾ ਜਲ ਪੌੜੀਆਂ ਨਾਲ ਟਕਰਾਂ ਮਾਰ ਰਿਹਾ ਸੀ। ਉਸ ਦੀ ਨਜ਼ਰ ਇਕਦਮ ਚਾਰੇ ਪਾਸੇ ਦੌੜ ਗਈ। ਗੰਗਾ ਦੀਆਂ ਆਲਸੀ ਲਹਿਰਾਂ ਸੁਸਤ ਸੁਸਤ ਉਠਦੀਆਂ ਡਿਗਦੀਆਂ ਰਹੀਆਂ। ਚਾਰੋਂ ਪਾਸੇ ਦਾ ਚਾਨਣ ਉਸ ਦੇ ਸਾਹਮਣੇ ਚਿਟਾ ਤੇ ਲਾਲ ਹੋ ਕੇ ਨਚਣ ਲਗਾ। ਇਕ ਜ਼ੋਰ ਦੀ ਲਹਿਰ ਆਈ ਤੇ ਉਹ ਨਦੀ ਦੇ ਗਹਿਰੇ ਪੇਟ ਵਿਚ ਚਲਾ ਗਿਆ.........ਫਿਰ ਸਭ ਪਾਸੇ ਚੁੱਪ ਵਰਤ ਗਈ।

-੭੯-