ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/24

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਾਣੂੰ ਨਾ ਹੋਣ ਕਾਰਨ ਬਹੁਤ ਸਾਰੀਆਂ ਕਥਾ-ਕਹਾਣੀਆਂ ਨੂੰ ਲੋਕ ਭਾਸ਼ਾ ਤੋਂ ਬਦਲ ਕੇ ਸਾਹਿਤਕ ਰੰਗਣ ਦੇ ਦਿੱਤੀ ਹੈ, ਜਿਸ ਕਾਰਨ ਉਸ ਦੀ ਲੋਕਧਾਰਾਈ ਕੀਮਤ ਅਤੇ ਖ਼ੁਸ਼ਬੂ ਗਾਇਬ ਹੋ ਗਈ ਹੈ।... ਇਕ ਲੋਕਧਾਰਾ ਸ਼ਾਸਤਰੀ ਦੀ ਦ੍ਰਿਸ਼ਟੀ ਤੋਂ ਇਹ ਠੀਕ ਨਹੀਂ।... ਸੁਖਦੇਵ ਮਾਦਪੁਰੀ ਦੀ ਖ਼ੂਬੀ ਅਤੇ ਵਿਗਿਆਨਕ ਦ੍ਰਿਸ਼ਟੀ ਇਹ ਹੈ ਕਿ ਉਸ ਨੇ ਲੋਕ ਸਾਹਿਤਕ ਵੰਨਗੀਆਂ ਨੂੰ ਲੋਕਾਂ ਦੀ ਭਾਸ਼ਾ ਵਿਚ ਹੀ ਲਿਖਿਆ ਹੈ।... ਉਨ੍ਹਾਂ ਦੀ ਨਵੀਂ ਆਈ ਪੁਸਤਕ 'ਬਾਤਾਂ ਦੇਸ ਪੰਜਾਬ ਦੀਆਂ' ਇਸ ਦੀ ਵਧੀਆ ਉਦਾਹਰਣ ਹੈ।... ਇਸ ਪੁਸਤਕ ਵਿਚਲੀਆਂ ਲੋਕ ਕਹਾਣੀਆਂ ਨੂੰ ਲੋਕ ਬੋਲੀ ਵਿਚ ਹੀ ਪੇਸ਼ ਕੀਤਾ ਗਿਆ ਹੈ।" ('ਨੈਣੀ ਨੀਂਦ ਨਾ ਆਵੇ', ਪੰਨਾ-12) ਸਾਡੇ ਮੁਢਲੇ ਲੋਕਧਾਰਾ ਖੋਜੀਆਂ ਵਿਚ ਇਸ ਖੋਜ ਸੋਝੀ ਨੂੰ ਸਲਾਮ ਦਰ ਸਲਾਮ ਹੈ।
ਸ੍ਰੀ ਸੁਖਦੇਵ ਮਾਦਪੁਰੀ ਇਕ ਸੰਸਥਾ ਵਾਂਗ ਲੋਕਧਾਰਾ ਦੇ ਖੇਤਰ ਵਿਚ ਕੰਮ ਕਰ ਰਿਹਾ ਹੈ। ਉਹ ਦੇਵਿੰਦਰ ਸਤਿਆਰਥੀ ਵਾਂਗ ਇਸ ਖੇਤਰ ਦਾ ਕੁਲਵਕਤੀ ਖੋਜੀ ਵੀ ਨਹੀਂ ਹੈ। ਉਹ ਅਧਿਆਪਨ ਦਾ ਕਾਰਜ ਵੀ ਕਰਦਾ ਰਿਹਾ ਹੈ। ਫਿਰ ਉਸ ਨੇ 'ਪੰਜਾਬ ਸਕੂਲ ਸਿੱਖਿਆ ਬੋਰਡ' ਵਿਚ ਪਾਠਕ੍ਰਮਾਂ ਨੂੰ ਨਵੀਨੀਕਿਰਤ ਰੂਪ ਦੇਣ ਦੀ ਸੇਵਾ ਵੀ ਕੀਤੀ। ਬਾਲ-ਸਾਹਿਤ ਪ੍ਰਤੀ ਉਸ ਦੀ ਸੁਹਿਰਦਤਾ, ਪ੍ਰਤੀਬੱਧਤਾ ਤੇ ਕਾਰਜਸ਼ੀਲ ਲੋਕਧਾਰਾ ਜਿੰਨੀ ਹੀ ਰਹੀ ਹੈ। ਬਾਲ-ਸਾਹਿਤ ਵਿਚ ਉਸ ਨੇ ਅੱਧੀ ਦਰਜਨ ਤੋਂ ਉਪਰ ਕਿਤਾਬਾਂ ਦੇ ਕੇ ਇਤਿਹਾਸਕ ਯੋਗਦਾਨ ਤਾਂ ਪਾਇਆ ਹੀ ਹੈ, ਇਸ ਦੇ ਨਾਲ਼ ਉਹ 'ਪ੍ਰਾਇਮਰੀ ਸਿੱਖਿਆ' ਦਾ ਮੋਢੀ ਸੰਪਾਦਕ ਬਣ ਕੇ 'ਪੰਖੜੀਆਂ' ਦਾ ਵੀ ਸੰਪਾਦਨ ਕਰਦਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 'ਬਾਲ ਸਾਹਿਤ ਪ੍ਰੋਜੈਕਟ' ਦੀ ਉਸ ਨੇ ਹੀ ਸੰਚਾਲਨਾ ਕੀਤੀ। ਭਾਸ਼ਾ ਵਿਭਾਗ, ਪੰਜਾਬ ਵਲੋਂ ਉਸ ਨੂੰ ਬਤੌਰ 'ਸ਼੍ਰੋਮਣੀ ਬਾਲ ਸਾਹਿਤ ਲੇਖਕ' ਸਨਮਾਨਿਤ ਵੀ ਕੀਤਾ ਗਿਆ। ਅਨੇਕਾਂ ਸਲਾਹਕਾਰ ਕਮੇਟੀਆਂ ਦਾ ਉਹ ਮੈਂਬਰ ਵੀ ਰਿਹਾ ਹੈ। 77 ਸਾਲ ਦੀ ਉਮਰ ਤਕ ਤਿੰਨ ਦਰਜਨ ਕਿਤਾਬਾਂ ਲਿਖ ਕੇ ਵੀ ਮਾਦਪੁਰੀ ਮੈਦਾਨ ਤੋਂ ਬਾਹਰ ਨਹੀਂ ਹੋਇਆ। ਉਸ ਦੀਆਂ ਦੋ ਹੋਰ ਕਿਤਾਬਾਂ 'ਬੋਲੀਆਂ ਦਾ ਪਾਵਾਂ ਬੰਗਲਾ' ਅਤੇ 'ਕੱਲਰ ਦੀਵਾ ਮੱਚਦਾ' ਪਿਛਲੇਰੇ ਸਾਲ ਛਪੀਆਂ ਹਨ। ਪੰਜਾਬੀ ਲੋਕਧਾਰਾ ਦੇ ਮੈਦਾਨ ਵਿਚ ਉੱਤਰੇ ਲੰਮੀ ਰੇਸ ਦੇ ਇਸ ਘੋੜੇ ਨੂੰ ਸੌ ਸੌ ਸਲਾਮ ਤੇ ਝੁਕ ਝੁਕ ਸਲਾਮ। ਇਸ ਲੰਮੀ ਰੇਸ ਦੇ ਘੋੜੇ ਨੂੰ ਉਮਰ ਦੀਆਂ ਅਸੀਸੜੀਆਂ ਦੇਣ ਲਈ ਤੁਸੀਂ ਵੀ ਮੇਰੇ ਨਾਲ਼ ਆਉ ਸ਼ਾਮਲ ਹੋਵੋ।

-ਡਾ. ਲਾਭ ਸਿੰਘ ਖੀਵਾ

ਮੁਖੀ, ਪੰਜਾਬੀ ਵਿਭਾਗ,

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ

ਪੰਜਾਬੀ ਲੋਕ ਗਾਥਾਵਾਂ/ 20