ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/34

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਘੋੜ-ਸਵਾਰੀ, ਸ਼ਸਤਰ ਸਿੱਖਿਆ, ਤੀਰ-ਅੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿਚ ਉਹਨੇ ਮੁਹਾਰਤ ਹਾਸਲ ਕਰ ਲਈ। ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਕ ਨੇ ਉਹਦੇ ਸਰੀਰ ਨੂੰ ਸਢੋਲ ਤੇ ਗੇਲੀ ਵਰਗਾ ਮਜਬੂਤ ਬਣਾ ਦਿੱਤਾ... । ਅੱਥਰੀ ਜਵਾਨੀ ਭਲਾ ਕਿੰਨੀ ਕੁ ਦੇਰ ਕਿਲੇ ਦੀ ਕੈਦ ਵਿਚ ਰਹਿ ਸਕਦੀ ਹੈ। ਰਾਜੇ ਦੇ ਸਖ਼ਤ ਹੁਕਮ ਵੀ ਉਸ ਨੂੰ ਰੋਕ ਨਾ ਸਕੇ। ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ।
ਹੁਸਨ ਦਾ ਰਸੀਆ ਅਤੇ ਸ਼ਿਕਾਰ ਖੇਡਣ ਦਾ ਸ਼ੌਕੀਨ ਰਸਾਲੂ ਆਪਣੇ ਬਾਂਕੇ ਘੋੜੇ 'ਤੇ ਅਸਵਾਰ ਹੋ ਕੇ ਸ਼ਹਿਰ ਵਿਚ ਗੇੜਾ ਮਾਰਨ ਲੱਗਾ। ਕਈ ਅਵੱਲੜੇ ਸ਼ੌਕ ਉਸ ਨੇ ਪਾਲ਼ੇ ਹੋਏ ਸਨ... ਉਹਨੂੰ ਪਾਣੀ ਭਰਦੀਆਂ ਸੋਹਣੀਆਂ ਮੁਟਿਆਰਾਂ ਦੇ ਗੁਲੇਲਾਂ ਨਾਲ਼ ਘੜੇ ਭੰਨ ਕੇ ਅਨੂਠਾ ਸੁਆਦ ਆਉਂਦਾ ਸੀ...। ਨਿੱਤ ਨਵੀਆਂ ਗਾਗਰਾਂ ਤੇ ਘੜੇ ਭੰਨੇ ਜਾਂਦੇ। ਲੂਣਾਂ ਕੋਲ਼ ਮੁਟਿਆਰਾਂ ਨੇ ਜਾ ਸ਼ਿਕਾਇਤਾਂ ਕੀਤੀਆਂ। ਰਾਣੀ ਨੇ ਉਨ੍ਹਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦੇ ਦਿੱਤੀਆਂ ਪਰ ਰਸਾਲੂ ਨੇ ਤੀਰ ਕਮਾਣਾਂ ਨਾਲ਼ ਉਨ੍ਹਾਂ ਵਿਚ ਛੇਕ ਕਰਨੇ ਸ਼ੁਰੂ ਕਰ ਦਿੱਤੇ। ਮੁਟਿਆਰਾਂ ਉਸ ਦੀਆਂ ਆਪਹੁਦਰੀਆਂ ਤੋਂ ਸਤੀਆਂ ਪਈਆਂ ਸਨ। ਰਾਜਾ ਸਲਵਾਨ ਦੇ ਦਰਬਾਰ ਵਿਚ ਰਸਾਲੂ ਦੀਆਂ ਆਪਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ। ਉਹ ਇਹ ਨਹੀਂ ਸੀ ਚਾਹੁੰਦਾ ਕਿ ਉਹਦੀ ਪਰਜਾ ਉਹਦੇ ਪੁੱਤ ਹੱਥੋਂ ਦੁਖੀ ਹੋਵੇ। ਉਸ ਤੋਂ ਛੁਟਕਾਰਾ ਪਾਉਣ ਲਈ ਸਲਵਾਨ ਨੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁਖ-ਦੁਆਰ 'ਤੇ ਖੜਾ ਕਰ ਦਿੱਤਾ।
ਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਪਰਤਿਆ ਤਾਂ ਸ਼ਹਿਰ ਦੇ ਮੁੱਖ ਦੁਆਰ 'ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ ਨਿਕਾਲੇ ਦਾ ਹੁਕਮ ਹੈ। ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਮੰਨ ਕੇ ਰਸਾਲੂ ਉਨ੍ਹੀਂ ਪੈਰੀਂ ਵਾਪਸ ਮੁੜ ਗਿਆ। ਉਹਨੇ ਆਪਣੇ ਨਾਲ਼ ਪੰਜ ਸੱਤ ਗੱਭਰੂ ਲਏ, ਹਥਿਆਰਾਂ ਨਾਲ਼ ਲੈਸ ਹੋ ਕੇ ਘੋੜੇ 'ਤੇ ਅਸਵਾਰ ਹੋ ਉਹ ਨਵੀਆਂ ਰਾਹਾਂ ਦੀ ਭਾਲ਼ ਲਈ ਤੁਰ ਪਿਆ। ਹੁਣ ਉਹਦੇ ਲਈ ਚਾਰੇ ਜਾਗੀਰਾਂ ਖੁੱਲ੍ਹੀਆਂ ਸਨ।
ਹੁਸਨਾਂ ਦੇ ਰਸੀਏ ਰਾਜਾ ਰਸਾਲੂ ਦੀ ਸੁੰਦਰਤਾ ਅਤੇ ਅਮੋੜ ਸੁਭਾਅ ਦੇ ਕਿੱਸੇ ਆਂਢੀ-ਗੁਆਂਢੀ ਰਾਜ ਦਰਬਾਰਾਂ ਦੇ ਮਹਿਲਾਂ ਤਕ ਫੈਲ ਗਏ ਸਨ। ਕਈ ਸ਼ਹਿਜ਼ਾਦੀਆਂ ਉਹਦਾ ਮੁੱਖੜਾ ਦੇਖਣ ਲਈ ਤਰਸ ਰਹੀਆਂ ਸਨ।
ਆਥਣ ਪਸਰ ਰਹੀ ਸੀ ਜਦੋਂ ਰਸਾਲੁ ਨੀਲੇ ਸ਼ਹਿਰ ਪੁੱਜਾ। ਸ਼ਹਿਰ ਦੇ ਦੁਆਰ 'ਤੇ ਉਹਨੂੰ ਇਕ ਬੁੱਢੀ ਮਿਲੀ ਜੋ ਵਿਰਲਾਪ ਕਰ ਰਹੀ ਸੀ। "ਤੈਨੂੰ ਕਿਹੜਾ ਦੁੱਖ ਐ ਜੀਹਦੇ ਕਾਰਨ ਐਨਾ ਵਿਰਲਾਪ ਕਰ ਰਹੀ ਐਂ?"

ਪੰਜਾਬੀ ਲੋਕ ਗਾਥਾਵਾਂ/ 30