"ਵੇ ਪੁੱਤ ਪਰਦੇਸੀਆ ਕੀ ਦੱਸਾਂ", ਬੁੱਢੀ ਮਾਈ ਘੋੜ ਸਵਾਰ ਵਲ ਤਰਸੇਵੇਂ ਭਰੀਆਂ ਅੱਖਾਂ ਨਾਲ਼ ਦੇਖਦੀ ਹੋਈ ਬੋਲੀ, "ਮੈਂ ਸੱਤ ਪੁੱਤਾਂ ਦੀ ਮਾਂ ਆਂ, ਏਸ ਸ਼ਹਿਰ ਦੇ ਨਾਲ਼ ਦੀ ਨਗਰੀ ਆਦਮਖੋਰ ਦਿਉਆਂ ਦੀ ਐ। ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ਼ ਇਕ ਗੱਭਰੂ ਨੂੰ ਆਦਮਖੋਰਾਂ ਦਾ ਖਾਜਾ ਬਣਨ ਲਈ ਭੇਜਦੇ ਨੇ...। ਵਾਰੋ-ਵਾਰੀ ਮੇਰੇ ਛੇ ਪੁੱਤ ਆਦਮ-ਖੋਰਾਂ ਦਾ ਖਾਜਾ ਬਣ ਚੁੱਕੇ ਨੇ... ਅੱਜ ਫੇਰ ਸੱਤਵੇਂ ਦੀ ਵਾਰੀ ਐ...।"
ਮਾਈ ਦਾ ਵਿਰਲਾਪ ਸੁਣ ਕੇ ਰਸਾਲੂ ਦਾ ਦਿਲ ਪਸੀਜ ਗਿਆ। ਉਹਨੇ ਮਾਈ ਨੂੰ ਧਰਵਾਸਾ ਦਿੰਦਿਆਂ ਆਖਿਆ, "ਮਾਤਾਂ ਤੂੰ ਘਬਰਾ ਨਾ ਤੇਰੇ ਪੁੱਤ ਦੀ ਵਾਰੀ ਮੈਂ ਭੁਗਤਾਂਗਾ।"
ਮਾਈ ਨੇ ਸੁਖ ਦਾ ਸਾਹ ਲਿਆ ਤੇ ਰਸਾਲੂ ਨੂੰ ਸੈਆਂ ਅਸੀਸਾਂ ਦਿੱਤੀਆਂ। ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮਖੋਰਾਂ ਖਾਜਾ ਬਣਨ ਲਈ ਲੈ ਤੁਰੇ ... । ਘੋੜੇ 'ਤੇ ਅਸਵਾਰ ਰਸਾਲੂ ਦਾ ਜਾਹੋ-ਜਲਾਲ ਝੱਲਿਆ ਨਹੀ ਸੀ ਜਾਂਦਾ। ਆਦਮਖੋਰਾਂ ਦੀ ਨਗਰੀ 'ਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿਚੋਂ ਧੂਹ ਲਈ ਤੇ ਲੱਗਾ ਵਾਰ 'ਤੇ ਵਾਰ ਕਰਨ ...। ਆਦਮਖੋਰਾਂ 'ਚ ਥਰਥੱਲੀ ਮੱਚ ਗਈ। ਕਿਸੇ ਦਾ ਸਿਰ ਵੱਢਿਆ ਗਿਆ, ਕਿਸੇ ਦੀ ਬਾਂਹ...। ਉਨ੍ਹਾਂ ਦਾ ਸਰਦਾਰ ਪਹਿਲੀ ਸੱਟੇ ਹੀ ਮਾਰਿਆ ਗਿਆ। ਉਹ ਹਾਲ ਦੁਹਾਈ ਪਾਉਂਦੇ ਹੋਏ ਉਥੋਂ ਭੱਜ ਗਏ...। ਲੋਕਾਂ ਨੂੰ ਹੁਣ ਕਿਸੇ ਆਦਮਖੋਰ ਦਾ ਭੈਅ ਨਹੀਂ ਸੀ ਰਿਹਾ। ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਰਸਾਲੂ ਦੇ ਸ਼ੁਕਰਗੁਜ਼ਾਰ ਸਨ ਤੇ ਉਸ ਦੀ ਬਹਾਦਰੀ ਦੇ ਵਾਰੇ-ਵਾਰੇ ਜਾ ਰਹੇ ਸਨ।
ਸ਼ੂਕਦੇ ਦਰਿਆ ਭਲਾ ਕਦੋਂ ਰੁਕਦੇ ਨੇ, ਕੁਝ ਦਿਨ ਨੀਲੇ ਸ਼ਹਿਰ ਵਿਚ ਠਹਿਰਨ ਮਗਰੋਂ ਰਸਾਲੂ ਨੇ ਰਾਜਾ ਹਰੀ ਚੰਦ ਦੇ ਹੋਡੀਨਗਰ ਵਿਚ ਜਾ ਪ੍ਰਵੇਸ਼ ਕੀਤਾ। ਉਸ ਦੀ ਬਹਾਦਰੀ ਦੇ ਕਿੱਸੇ ਸਾਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ। ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਨ ਦਾ ਅਮੋੜ ਪੁੱਤਰ ਹੈ। ਰਸਾਲੂ ਹਰੀ ਚੰਦ ਦੇ ਬਾਗ਼ ਵਿਚ ਸੁੱਤਾ ਪਿਆ ਸੀ। ਐਨੇ ਨੂੰ ਹਰੀ ਚੰਦ ਦੀ ਪੁੱਤਰੀ ਰਾਜ ਕੁਮਾਰੀ ਸੌਂਕਣੀ ਸੈਰ ਕਰਦੀ ਉਥੇ ਆ ਗਈ... ਛੈਲ-ਛਬੀਲਾ ਗੱਭਰੂ ਵੇਖ ਉਹ ਆਪਣੀ ਸੁੱਧ-ਬੁੱਧ ਗਵਾ ਬੈਠੀ... ਰਸਾਲੂ ਵੀ ਸੁੰਦਰਤਾ ਦੀ ਮੂਰਤ ਸੌਂਕਣੀ ਦੇ ਮੋਹ ਵਿਚ ਕੀਲਿਆ ਗਿਆ... ਪਿਆਰ ਭਰੇ ਬੋਲਾਂ ਨਾਲ਼ ਦੋਹਾਂ ਨੇ ਸਾਂਝ ਪਾ ਲਈ... ਸੌਂਕਣੀ ਨੇ ਆਪਣੇ ਬਾਪ ਕੋਲ਼ ਗੱਲ ਕੀਤੀ... ਹਰੀ ਚੰਦ ਰਸਾਲੂ ਨੂੰ ਆਪਣੇ ਮਹਿਲੀਂ ਲੈ ਆਇਆ...। ਸੌਂਕਣੀ ਦੇ ਵਰ ਦੀ ਭਾਲ਼ ਵਿਚ ਉਹਨੇ ਕਈ ਵਰ੍ਹੇ ਲੰਘਾ ਦਿੱਤੇ ਸਨ ਪਰੰਤੂ ਉਸ ਦੇ ਮੇਚ ਦਾ ਵਰ ਉਹਨੂੰ ਕਿਧਰੇ ਨਹੀਂ ਸੀ ਟੱਕਰਿਆ...। ਰਸਾਲੂ ਨੂੰ ਵੇਖ ਹਰੀ ਚੰਦ ਨੇ ਸੌਂਕਣੀ ਦਾ ਵਿਆਹ ਰਸਾਲੂ ਨਾਲ਼ ਕਰਨ ਦਾ ਫ਼ੈਸਲਾ ਕਰ ਲਿਆ।
ਪੰਜਾਬੀ ਲੋਕ ਗਾਥਾਵਾਂ/ 31