ਸਮੱਗਰੀ 'ਤੇ ਜਾਓ

ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/24

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੀ ਵਰਦੀ ਪਾਈ ਵਿਅਕਤੀ ਨਾਲ ਗੱਲਾਂ ਕਰ ਰਿਹਾ ਸੀ। ਸੇਰਗਈ ਨੇ ਫੌਜੀ ਵਾਲੀ ਆਪਣੀ ਤਜਰਬਾਕਾਰ ਨਜ਼ਰ ਨਾਲ ਸਭ ਕੁਝ ਭਾਂਪ ਲਿਆ ਸੀ। ਇਹ ਜਰਨੈਲ ਕਦੀ ਉਹਨਾਂ ਦੀ ਰਜਮੰਟ ਦਾ ਕਮਾਂਡਰ ਹੁੰਦਾ ਸੀ। ਹੁਣ ਸ਼ਾਇਦ ਉਹ ਕਿਸੇ ਮਹੱਤਵਪੂਰਨ ਪਦ ਉਤੇ ਸੀ ਤੇ ਵੱਡੇ ਪਾਦਰੀ ਨੂੰ ਇਹ ਪਤਾ ਸੀ, ਜਿਸ ਤਰ੍ਹਾਂ ਕਿ ਪਾਦਰੀ ਸੇਰਗਈ ਦਾ ਇਸ ਗੱਲ ਵੱਲ ਫੌਰਨ ਧਿਆਨ ਗਿਆ ਸੀ। ਏਸੇ ਲਈ ਤਾਂ ਗੰਜੇ ਵੱਡੇ ਪਾਦਰੀ ਦਾ ਥਲਥਲ ਕਰਦਾ ਚਿਹਰਾ ਇਸ ਤਰ੍ਹਾਂ ਚਮਕ ਰਿਹਾ ਸੀ। ਸੇਰਗਾਈ ਦੇ ਦਿਲ ਨੂੰ ਇਸ ਨਾਲ ਠੇਸ ਪਹੁੰਚੀ, ਉਹ ਖਫਾ ਹੋ ਉਠਿਆ ਤੇ ਜਦੋਂ ਉਸਨੂੰ ਇਹ ਪਤਾ ਲਗਾ ਕਿ ਸਿਰਫ਼ ਜਰਨੈਲ ਦੀ ਉਤਸੁਕਤਾ ਪੂਰੀ ਕਰਨ ਲਈ, ਜਰਨੈਲ ਦੇ ਸ਼ਬਦਾਂ ਵਿਚ, ਆਪਣੇ ਪੁਰਾਣੇ ਸਾਥੀ ਨੂੰ ਵੇਖਣ ਦੀ ਉਸਦੀ ਇੱਛਾ ਪੂਰੀ ਕਰਨ ਲਈ, ਉਸਨੂੰ ਬੁਲਾਇਆ ਗਿਆ ਸੀ ਤਾਂ ਉਸਦਾ ਦੁੱਖ ਹੋਰ ਵੀ ਵਧ ਗਿਆ।

"ਫ਼ਰਿਸ਼ਤੇ ਦੇ ਰੂਪ ਵਿਚ ਤੁਹਾਨੂੰ ਵੇਖਕੇ ਬੜੀ ਖੁਸ਼ੀ ਹੋਈ," ਜਰਨੈਲ ਨੇ ਸੇਰਗਈ ਵੱਲ ਹੱਥ ਵਧਾਉਂਦੇ ਹੋਏ ਕਿਹਾ, "ਆਸ ਕਰਦਾ ਹਾਂ ਕਿ ਆਪਣੇ ਪੁਰਾਣੇ ਸਾਥੀ ਨੂੰ ਭੁੱਲੇ ਨਹੀਂ ਹੋਵੋਗੇ।"

ਚਿੱਟੀ ਦਾੜ੍ਹੀ ਵਿਚ ਵੱਡੇ ਪਾਦਰੀ ਦਾ ਚਿਹਰਾ ਖਿੜਿਆ ਹੋਇਆ ਸੀ, ਜਿਵੇਂ ਕਿ ਜਰਨੈਲ ਦੇ ਸ਼ਬਦਾਂ ਦੀ ਤਾਈਦ ਕਰ ਰਿਹਾ ਹੋਵੇ। ਚੰਗੀ ਦੇਖ-ਭਾਲ ਕਰਕੇ ਜਰਨੈਲ ਦਾ ਚਮਕਦਾ ਚਿਹਰਾ ਅਤੇ ਉਸਦੀ ਆਤਮ-ਤੁਸ਼ਟ ਮੁਸਕਰਾਹਟ, ਉਸਦੇ ਮੂੰਹ ਵਿਚੋਂ ਸ਼ਰਾਬ ਦੀ ਅਤੇ ਕਲਮਾਂ ਵਿਚੋਂ ਸਿਗਰਟ ਦੀ ਬਦਬੂ-ਇਹਨਾਂ ਸਾਰੀਆਂ ਚੀਜ਼ਾਂ ਤੋਂ ਸੇਰਗਈ ਬੁਰੀ ਤਰ੍ਹਾਂ ਤਿਲਮਿਲਾ ਉਠਿਆ। ਉਸਨੇ ਦੁਬਾਰਾ ਵੱਡੇ ਪਾਦਰੀ ਸਾਮ੍ਹਣੇ ਸਿਰ ਝੁਕਾਇਆ ਤੇ ਕਿਹਾ:

"ਪੂਜਨੀਕ, ਤੁਸਾਂ ਮੈਨੂੰ ਯਾਦ ਫੁਰਮਾਇਆ ਸੀ?" ਉਹ ਰੁਕਿਆ ਤੇ ਉਸਦਾ ਚਿਹਰਾ ਤੇ ਅੰਦਾਜ਼ ਜਿਵੇਂ ਪੁੱਛ ਰਹੇ ਸਨ―ਕਿਸ ਲਈ?

ਵੱਡਾ ਪਾਦਰੀ ਬੋਲਿਆ:<

"ਹਾਂ, ਜਰਨੈਲ ਨੂੰ ਮਿਲਣ ਲਈ।"

"ਪੂਜਨੀਕ, ਮੈਂ ਤਾਂ ਲੋਭ-ਲਾਲਸਾਵਾਂ ਤੋਂ ਬਚਣ ਲਈ ਹੀ ਦੁਨੀਆਂ ਛੱਡੀ ਸੀ," ਉਸਨੇ ਫੱਕ ਹੋਏ ਚਿਹਰੇ ਤੇ ਕੰਬਦੇ ਹੋਠਾਂ ਨਾਲ ਕਿਹਾ, "ਤੁਸੀਂ ਗਿਰਜੇਘਰ ਵਿਚ ਤੇ ਫਿਰ ਪ੍ਰਾਰਥਨਾ ਦੇ ਸਮੇਂ ਮੈਨੂੰ ਕਿਉਂ ਇਹਨਾਂ ਵੱਲ ਧਕੇਲਦੇ ਹੋ?"

"ਹੱਛਾ, ਤਾਂ ਜਾਉ, ਜਾਉ," ਤਿਊੜੀਆਂ ਪਾਉਂਦੇ ਤੇ ਗੁੱਸੇ ਵਿਚ ਆਉਂਦੇ ਹੋਏ ਵੱਡੇ ਪਾਦਰੀ ਨੇ ਕਿਹਾ।

ਅਗਲੇ ਦਿਨ ਸੇਰਗਈ ਨੇ ਵੱਡੇ ਪਾਦਰੀ ਤੇ ਧਰਮ-ਭਰਾਵਾਂ ਤੋਂ ਘੁਮੰਡ ਲਈ ਮੁਆਫੀ ਮੰਗੀ ਤੇ ਨਾਲ ਹੀ ਪ੍ਰਾਰਥਨਾ ਵਿਚ ਗੁਜ਼ਾਰੀ ਗਈ ਰਾਤ ਦੇ ਪਿਛੋਂ ਇਹ ਫੈਸਲਾ ਕੀਤਾ ਕਿ ਉਸਨੂੰ ਇਹ ਮਠ ਛੱਡ ਦੇਣਾ ਚਾਹੀਦਾ ਹੈ। ਇਸ ਬਾਰੇ ਉਸਨੇ

18