ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੌਲੀ ਤੁਰਦੀ ਸੀ। ਦੇਖ ਕੇ ਝਟ ਕਿਸੇ ਨੇ ਵਿੱਚੋਂ ਸੁਣਾ ਕੇ ਆਖਿਆ,“ਦੇਖ ਲਓ ਪਖੰਡ, ਜਾਣੀ ਸਚੀਓਂ ਨੀ ਤੁਰ ਹੁੰਦਾ...ਨਖਰੇ ਕਿੰਨੇ ਆਉਂਦੇ ਨੇ ਦੁਨੀਆ ਨੂੰ।"

ਅਗਲੇ ਦਿਨ ਜਦੋਂ ਕੁੜੀ ਉਥੋਂ ਫੇਰ ਲੰਘੀ ਤਾਂ ਦੜ ਦੜਾਂਦੀ ਲੰਘੀ ਜਿਵੇਂ ਕੋਈ ਸ਼ਰਮ ਨੇੜੇ ਤੇੜੇ ਨਾ ਹੋਵੇ। ਤਾਂ ਝਟ ਕਿਸੇ ਨੇ ਆਖਿਆ,“ਦੇਖ ਲਓ ਅੱਜ ਕਲ੍ਹ ਦਾ ਜ਼ਮਾਨਾ! ਹੈ ਕਿਸੇ ਨੂੰ ਸ਼ਰਮ। ਅੱਗੇ ਮੁਕਲਾਵੇ ਆਈਆਂ ਕੁੜੀਆਂ ਬਾਹਰ ਨਾ ਸੀ ਨਿਕਲਦੀਆਂ ਛੇ ਛੇ ਮਹੀਨੇ। ਹੁਣ ਬਛੇਰੀਆਂ ਵਾਂਗ ਕੁੱਦਦੀਆਂ ਫਿਰਦੀਆਂ ਨੇ। ਨਾ ਪਿਉ ਦੀ ਨਾ ਭਰਾ ਦੀ...)।

ਕੁੜੀ ਵਿਚਾਰੀ ਤੀਜੇ ਦਿਨ ਜਦੋਂ ਆਈ ਤਾਂ ਨਾ ਉਹ ਬਹੁਤਾ ਹੌਲੀ ਤੁਰੇ ,ਨਾ ਤੇਜ਼ ਬਸ ਸਹਿਜ ਸੁਭਾ ਵਿੱਚਕਾਰਲੀ ਜਿਹੀ ਤੋਰ ਤੁਰਦੀ ਜਾਵੇ। ਇਸ ਉੱਤੇ ਵੀ ਝਟ ਕਿਸੇ ਨੇ ਫੇਰ ਪਰ੍ਹਾਂ 'ਚੋਂ ਸੁਣਾ ਮਾਰਿਆ। "ਬਸ, ਫੁਟ ਗਈ ਸਾਰੀ ਆਕੜ। ਏਨਾ ਈ ਕਣ ਸੀ ਸਾਰਾ?"

ਪੰਜਾਬ ਦੀਆਂ ਲੋਕ ਕਹਾਣੀਆਂ ਵਿੱਚ ਪੰਜਾਬ ਦੇ ਜਨ ਜੀਵਨ ਦੇ ਦਰਸ਼ਨ ਹੁੰਦੇ ਹਨ। ਹਰ ਜਾਤੀ ਤੇ ਕਬੀਲੇ ਦੀਆਂ ਆਪਣੀਆਂ ਕਹਾਣੀਆਂ ਹਨ ਜਿਹੜੀਆਂ ਉਹਨਾਂ ਦੇ ਜੀਵਨ ਪਰਵਾਹ ਨੂੰ ਬਿਆਨ ਕਰਦੀਆਂ ਹਨ । ਜਨ ਸਾਧਾਰਨ ਦੇ ਦੁੱਖਾਂ-ਸੁੱਖਾਂ, ਉਦਗਾਰਾਂ, ਆਸ਼ਾਵਾਂ, ਰਹਿਣ-ਸਹਿਣ, ਰੀਤੀ-ਰਿਵਾਜ਼ਾਂ ਅਤੇ ਅਖਲਾਕੀ ਕਦਰਾਂ-ਕੀਮਤਾਂ ਦੀ ਝਲਕ ਇਹਨਾਂ ਕਹਾਣੀਆਂ ਵਿੱਚੋਂ ਸਾਫ ਦਿਸ ਆਉਂਦੀ ਹੈ। ਅਨੂਠਾ ਸੁਆਦ ਹੈ ਇਹਨਾਂ ਲੋਕ ਕਹਾਣੀਆਂ ਦਾ ਕੱਚੇ ਦੁੱਧ ਦੀਆਂ ਧਾਰਾਂ ਵਰਗਾ...ਮੱਕੀ ਦੀ ਛੱਲੀ ਦੇ ਦੋਧੇ ਦਾਣਿਆਂ ਵਰਗਾ।

ਲੋਕ ਕਹਾਣੀਆਂ ਪੰਜਾਬੀ ਕਥਾ ਸਾਹਿਤ ਦਾ ਮੁੱਢਲਾ ਰੂਪ ਹਨ। ਪੰਜਾਬ ਦੇ ਪਿੰਡਾਂ ਵਿੱਚ ਇਨ੍ਹਾਂ ਕਹਾਣੀਆਂ ਦਾ ਬਹੁਮੁੱਲਾ ਸਰਮਾਇਆ ਅਣ ਸਾਂਭਿਆ ਪਿਆ ਹੈ ਜੋ ਸੀਨਾ ਬਸੀਨਾ ਜ਼ਬਾਨੀ ਤੁਰਿਆ ਆ ਰਿਹਾ ਹੈ। ਇਸ ਨੂੰ ਵਿਗਿਆਨਕ ਢੰਗ ਨਾਲ ਸਾਂਭਣ ਦੀ ਲੋੜ ਹੈ। ਇਹਨਾਂ ਵਿੱਚ ਪੰਜਾਬੀ ਸਭਿਆਚਾਰ ਦੇ ਅੰਸ਼ ਸਮੋਏ ਹੋਏ ਹਨ। ਇਹ ਪੰਜਾਬੀਆਂ ਦਾ ਬੇਸ਼ਕੀਮਤ ਵਿਰਸਾ ਹਨ।

ਦੇਸ ਆਜਾਦ ਹੋਣ ਉਪਰੰਤ ਭਾਰਤੀ ਵਿਦਵਾਨਾਂ ਨੇ ਲੋਕ ਕਲਾਵਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ ਜਿਸ ਦੇ ਫਲਸਰੂਪ ਲੋਕ ਸਾਹਿਤ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਵੱਖ-ਵੱਖ ਭਾਸ਼ਾਵਾਂ ਵਿੱਚ ਲੋਕ ਗੀਤਾਂ ਅਤੇ ਲੋਕ ਕਹਾਣੀਆਂ ਦੇ ਸੰਕਲਨ ਦਾ ਕਾਰਜ ਆਰੰਭ ਹੋਇਆ। ਪੰਜਾਬੀ ਵਿੱਚ ਵੀ ਵਿਦਵਾਨਾਂ ਨੇ ਲੋਕ ਗੀਤ ਸੰਗ੍ਰਹਿ ਕਰਨੇ ਸ਼ੁਰੂ ਕਰ ਦਿੱਤੇ। ਲੋਕ ਕਹਾਣੀਆਂ ਵੱਲ ਪੱਛੜ ਕੇ ਧਿਆਨ ਦਿੱਤਾ ਗਿਆ। ਉਂਜ ਵੀ ਲੋਕ ਕਹਾਣੀਆਂ ਨੂੰ ਇਕੱਤਰ ਕਰਨਾ ਸਿਰੜ ਦਾ ਕਾਰਜ ਹੈ। ਟੇਪ ਰਿਕਾਰਡਾਂ ਦੀ ਕਾਢ ਤੋਂ ਪਹਿਲਾਂ ਤਾਂ ਲੋਕ ਕਹਾਣੀ ਉਂਜ ਹੀ ਸੁਣ ਕੇ ਕਾਨੀ ਬਧ ਕੀਤੀ ਜਾਂਦੀ ਸੀ ਜਿਸ ਦੇ ਲਈ ਸਬਰ ਤੇ ਸਮੇਂ ਦੀ ਲੋੜ ਸੀ। ਲੋਕ ਗੀਤ ਕਾਵਿ ਮਈ ਹੋਣ ਕਾਰਨ ਯਾਦ ਰੱਖਣੇ ਸੌਖੇ ਸਨ।

ਲੋਕ ਕਹਾਣੀਆਂ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਪੰਜਾਬੀ ਵਿੱਚ ਡਾ. ਵਣਜਾਰਾ ਬੇਦੀ, ਗਿਆਨੀ ਗੁਰਦਿੱਤ ਸਿੰਘ, ਸੰਤੋਖ ਸਿੰਘ ਧੀਰ ਅਤੇ ਸੁਖਦੇਵ ਮਾਦਪੁਰੀ ਨੇ ਇਹਨਾਂ ਦੀ ਸੰਭਾਲ ਵੱਲ ਕਾਫੀ ਕੰਮ ਕੀਤਾ ਹੈ। ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਵੀ ਲੋਕ ਕਹਾਣੀਆਂ ਤੇ ਖੋਜ ਕਾਰਜ ਕੀਤੇ ਜਾ ਰਹੇ ਹਨ।

ਪੰਜਾਬ ਦੇ ਪਿੰਡਾਂ ਵਿੱਚ ਇਨ੍ਹਾਂ ਲੋਕ ਕਹਾਣੀਆਂ ਦਾ ਬਹੁਮੁੱਲਾ ਸਰਮਾਇਆ ਅਣਸਾਂਭਿਆ ਪਿਆ ਹੈ ਜੋ ਸੀਨਾ ਬਸੀਨਾ ਜ਼ੁਬਾਨੀ ਤੁਰਿਆ ਆ ਰਿਹਾ ਹੈ। ਜੇਕਰ ਇਸ ਨੂੰ ਵਿਗਿਆਨਕ ਢੰਗ ਨਾਲ ਸਾਂਭ ਲਿਆ ਜਾਵੇ ਤਾਂ ਇਹ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਸੇਵਾ ਹੀ ਨਹੀਂ ਹੋਵੇਗੀ ਸਗੋਂ ਸਾਨੂੰ ਆਪਣੇ ਏਸ ਮਹਾਨ ਵਿਰਸੇ ਉੱਤੇ ਮਾਣ ਵੀ ਹੋਵੇਗਾ।

29/ਪੰਜਾਬੀ ਸਭਿਆਚਾਰ ਦੀ ਆਰਸੀ