ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(4)
ਚਸ਼ਮ ਚਰਾਗ ਜਿਨ੍ਹਾਂ ਦੇ ਦੀਦੇ
ਕਾਹਨੂੰ ਬਾਲਣ ਦੀਵੇ
ਇਸ਼ਕ ਜਿਨ੍ਹਾਂ ਦੇ ਹੱਥੀਂ ਰਚਿਆ
ਬਾਝ ਸ਼ਰਾਬਾਂ ਖੀਵੇ
(5)
ਇਸ਼ਕ ਨਗੀਨਾ ਸੋਈ ਸਮਝਣ
ਜੋ ਹੋਵਣ ਆਪ ਨਗੀਨੇ
ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ
ਕਾਇਰ ਲੋਕ ਕਮੀਨੇ
(6)
ਪੁੱਛ ਕੇ ਨਾ ਪੈਂਦੇ ਮਾਮਲੇ
ਨਹੁੰ ਨਾ ਲਗਦਾ ਜ਼ੋਰ
ਗੱਲਾਂ ਕਰਨ ਸੁਖਾਲੀਆਂ
ਔਖੇ ਪਾਲਣੇ ਬੋਲ
(7)
ਇਸ਼ਕ ਲਤਾੜੇ ਆਦਮੀ
ਬਰਫ਼ ਲਤਾੜੇ ਰੁੱਖ
ਨੀਂਦ ਨਾ ਆਉਂਦੀ ਚੋਰ ਨੂੰ
ਆਸ਼ਕ ਨਾ ਲੱਗਦੀ ਭੁੱਖ
(8)
ਲੱਗੀ ਨਾਲੋਂ ਟੁੱਟੀ ਚੰਗੀ
ਬੇਕਦਰਾਂ ਦੀ ਯਾਰੀ
ਭਲਾ ਹੋਇਆ ਲੜ ਪਹਿਲਾਂ ਛੁੱਟਿਆ
ਉਮਰ ਨਾ ਬੀਤੀ ਸਾਰੀ
(9)
ਯਾਰ ਬਣਾਈਏ ਦੋ ਜਣੇ
ਮਾਲੀ ਤੇ ਵਣਜਾਰ
ਵਣਜਾਰ ਚੜ੍ਹਾਵੇ ਚੂੜੀਆਂ
ਮਾਲੀ ਫੁੱਲਾਂ ਦੇ ਹਾਰ
(10)
ਪਾਪੀ ਲੋਕ ਪਹਾੜ ਦੇ
ਪੱਥਰ ਜਿਨ੍ਹਾਂ ਦੇ ਚਿੱਤ
ਅੰਗ ਮਲਾਉਂਦੇ ਮੂਲ ਨਾ
ਨੈਣ ਮਿਲਾਉਂਦੇ ਨਿੱਤ
34/ਪੰਜਾਬੀ ਸਭਿਆਚਾਰ ਦੀ ਆਰਸੀ